-ਰਿਹਰਸਲ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਦੇਸ਼ ਭਗਤੀ ਅਤੇ ਸਭਿਆਚਾਰ ਦੇ ਵੱਖ-ਵੱਖ ਗੀਤਾਂ 'ਤੇ ਦਿਖਾਈ ਕੋਰੀਓਗ੍ਰਾਫ਼ੀ
ਮਾਨਸਾ, 21 ਜਨਵਰੀ 2020 : 26 ਜਨਵਰੀ ਗਣਤੰਤਰਤਾ ਦਿਹਾੜੇ ਸਬੰਧੀ ਸਭਿਆਚਾਰਕ ਪ੍ਰੋਗਰਾਮ ਦੀ ਦੂਜੀ ਰਿਹਰਸਲ ਅੱਜ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਕੀਤੀ ਗਈ। ਦੂਜੀ ਰਿਹਰਸਲ ਦੌਰਾਨ ਵੱਖ-ਵੱਖ ਸਕੂਲਾਂ ਦੇ 500 ਤੋਂ ਵੱਧ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਅਤੇ ਸਭਿਆਚਾਰ ਦੇ ਗੀਤਾਂ 'ਤੇ ਕੋਰਿਓਗ੍ਰਾਫ਼ੀ ਦਿਖਾਈ ਗਈ।
ਗਣਤੰਤਰਤਾ ਦਿਹਾੜੇ ਸਬੰਧੀ ਹੋਈ ਰਿਹਰਸਲ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਾਨਸਾ, ਡੀ.ਏ.ਵੀ. ਪਬਲਿਕ ਸਕੂਲ ਮਾਨਸਾ, ਮਾਈ ਨਿੱਕੋ ਦੇਵੀ ਪਬਲਿਕ ਸਕੂਲ ਮਾਨਸਾ, ਪੁਲਿਸ ਪਬਲਿਕ ਸਕੂਲ ਮਾਨਸਾ, ਸੇਂਟ ਜ਼ੇਵੀਅਰ ਪਬਲਿਕ ਸਕੂਲ ਮਾਨਸਾ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸਭਿਆਚਾਰਕ ਅਤੇ ਦੇਸ਼ ਭਗਤੀ ਨਾਲ ਰੰਗੀਆਂ ਕੋਰਿਓਗ੍ਰਾਫ਼ੀਆਂ ਪੇਸ਼ ਕੀਤੀਆਂ ਗਈਆਂ। ਇਸ ਤੋਂ ਇਲਾਵਾ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਵੱਲੋਂ ਪੰਜਾਬ ਦੇ ਲੋਕ ਨਾਚਾਂ ਗਿੱਧਾ ਅਤੇ ਭੰਗੜਾ ਦੀ ਪੇਸ਼ਕਾਰੀ ਵੀ ਕੀਤੀ ਗਈ। ਅੰਤ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀਆਂ ਵਿਦਿਆਰਥਣਾਂ ਵੱਲੋਂ ਕੌਮੀ ਗਾਨ ਗਾ ਕੇ ਅੱਜ ਦੀ ਰਿਹਰਸਲ ਦਾ ਸਮਾਪਨ ਕੀਤਾ ਗਿਆ।
ਰਿਹਰਸਲ ਉਪਰੰਤ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਗੁਰਮੀਤ ਸਿੰਘ ਸਿੱਧੂ ਨੇ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਰਾਜਵੰਤ ਕੌਰ ਨੇ ਵੱਖ-ਵੱਖ ਸਕੂਲਾਂ ਤੋਂ ਆਏ ਇੰਚਾਰਜਾਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਰਿਹਰਸਲ ਦੌਰਾਨ ਸਾਹਮਣੇ ਆਈਆਂ ਕਮੀਆਂ ਸਬੰਧੀ ਨੁਕਤੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ 24 ਜਨਵਰੀ ਨੂੂੰ ਹੋਣ ਵਾਲੀ ਫੂੱਲ ਡਰੈਸ ਰਿਹਰਸਲ ਮੌਕੇ ਸਭਿਆਚਾਰਕ ਪ੍ਰੋਗਰਾਮ ਵਿਚ ਕੋਈ ਕਮੀ-ਪੇਸ਼ੀ ਨਾ ਰਹਿਣ ਦਿੱਤੀ ਜਾਵੇ।
ਰਿਹਰਸਲ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀਮਤੀ ਰਾਜਵੰਤ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀ ਜਗਰੂਪ ਭਾਰਤੀ, ਪ੍ਰੋਫੈਸਰ ਨਹਿਰੂ ਮੈਮੋਰੀਅਲ ਕਾਲਜ ਸ਼੍ਰੀਮਤੀ ਸੁਪਨਦੀਪ ਕੌਰ, ਜ਼ਿਲ੍ਹਾ ਗਾਈਡੈਂਸ ਕਾਊਂਸਲਰ ਸ਼੍ਰੀ ਨਰਿੰਦਰ ਮੋਹਲ, ਪ੍ਰੋਫੈਸਰ ਐਸ.ਡੀ. ਕਾਲਜ ਸ਼੍ਰੀਮਤੀ ਕਿਰਨ ਬਾਂਸਲ ਅਤੇ ਸ਼੍ਰੀ ਰਾਹੁਲ ਮੋਦਗਿਲ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਇੰਚਾਰਜ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।