ਅਸ਼ੋਕ ਵਰਮਾ
ਬਠਿੰਡਾ, 22 ਜਨਵਰੀ 2020 - ਹੁਕਮਰਾਨਾਂ ਵੱਲੋਂ ਦੇਸ਼ ਦੇ ਲੋਕਾ ਉਤੇ ਕੀਤੇ ਜਾ ਰਹੇ ਫਿਰਕੂ ਤੇ ਫਾਸ਼ੀਵਾਦੀ ਹਮਲਿਆਂ ਖ਼ਿਲਾਫ਼ ਸੱਤ ਖੱਬੇ ਪੱਖੀ ਪਾਰਟੀਆਂ 29 ਜਨਵਰੀ ਨੂੰ ਬਠਿੰਡਾ ਵਿਖੇ ਕਨਵੈਨਸਨ ਕਰਨ ਉਪਰੰਤ ਪੰਜਾਬ ਪੱਧਰ ਦੀ ਲੁਧਿਆਣਾ ਵਿਖੇ ਹੋਣ ਵਾਲੀ ਵਿਸਾਲ ਰੈਲੀ ਲਈ ਤਿਆਰੀਆਂ ਦਾ ਅਰੰਭ ਕਰ ਦੇਣਗੀਆ।ਇਹ ਫੈਸਲਾ ਅੱਜ ਇੱਥੇ ਸੰਪੂਰਨ ਸਿੰਘ ਦੀ ਪੑਧਾਨਗੀ ਹੇਠ ਇਹਨਾ ਪਾਰਟੀਆਂ ਦੀ ਸੀ ਪੀ ਆਈ ਦਫਤਰ ਵਿੱਚ ਹੋਈ ਮੀਟਿੰਗ ਵਿੱਚ ਕੀਤਾ ਗਿਆ।
ਮੀਟਿੰਗ ਦੇ ਫ਼ੈਸਲੇ ਪ੍ਰੈਸ ਨੂੰ ਜਾਰੀ ਕਰਦਿਆਂ ਸੀ ਪੀ ਆਈ ਦੇ ਸੂਬਾ ਮੀਤ ਸਕੱਤਰ ਜਗਜੀਤ ਸਿੰਘ ਜੋਗਾ ਨੇ ਕਿਹਾ ਕਿ ਮੋਦੀ ਸਰਕਾਰ ਮਹਿੰਗਾਈ, ਗਰੀਬੀ, ਬੇਰੁਜਗਾਰੀ, ਆਰਥਕ ਮੰਦੀ, ਮਜ਼ਦੂਰਾਂ ਤੇ ਕਿਸਾਨਾ ਦੀ ਆਰਥਿਕ ਦੁਰਦਸ਼ਾ ਅਤੇ ਬੀ ਜੇ ਪੀ ਵੱਲੋਂ ਲੋਕਾ ਨਾਲ ਕੀਤੇ ਵਾਅਦਿਆ ਦੀ ਅਪੂਰਤੀ ਤੋਂ ਲੋਕਾ ਦਾ ਧਿਆਨ ਲਾਂਭੇ ਕਰਨ ਲਈ ਬੇਲੋੜੇ ਫਿਰਕੂ ਤੇ ਫਾਸੀਵਾਦੀ ਮੁਦਿਆ ਨੂੰ ਤੂਲ ਦੇ ਰਹੀ ਹੈ। ਰਾਸ਼ਟਰੀ ਨਾਗਰਿਕ ਰਜਿਸਟਰ ਰਾਸ਼ਟਰੀ ਅਬਾਦੀ ਰਜਿਸਟਰ ਤੇ ਨਾਗਰਿਕਤਾ ਸੋਧ ਐਕਟ ਵਰਗੇ ਮੁੱਦੇ ਉਭਾਰਕੇ ਬੀ ਜੇ ਪੀ/ ਆਰ ਐਸ ਐਸ ਹੁਕਮਰਾਨ , ਦੇਸ਼ ਨੂੰ ਫਿਰਕੂ ਲੀਹਾਂ ਉਤੇ ਵੰਡਕੇ ਲੋਕਾ ਵਿੱਚ ਫਿੑਕਾਪੑਸਤੀ ਤੇ ਨਫ਼ਰਤ ਦੇ ਬੀਜ ਬੀਜਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਚਾਰ ਮਾਧਿਅਮਾਂ ਦੀ ਦੁਰਵਰਤੋਂ ਰਾਹੀਂ ਝੂਠ ਤੇ ਨਫ਼ਰਤ ਫੈਲਾਕੇ ਦੇਸ਼ ਨੂੰ ਫਾਸੀਵਾਦ ਵੱਲ ਧੱਕਣ ਦੀਆ ਕੋਸ਼ਿਸ਼ਾਂ ਹੋ ਰਹੀਆ ਹਨ।ਸੱਭ ਨੂੰ ਬਰਾਬਰ ਦੇ ਅਧਿਕਾਰ ਦੇਣ ਵਾਲੇ ਸਾਡੇ ਸੈਕੂਲਰ ਸਵਿੰਧਾਨ ਦੀ ਥਾਂ ਮੰਨੂਵਾਦੀ ਸੰਸਕਿੑਤੀ ਅਧਾਰਤ ਸੰਵਿਧਾਨ ਲਿਆਉਣ ਦੀ ਮੋਦੀ ਸਰਕਾਰ ਦੀ ਕੋਸ਼ਿਸ਼ ਅਸਲ ਵਿੱਚ ਫਾਸੀਵਾਦ ਲਿਆਉਣ ਦਾ ਹੀ ਰਸਤਾ ਹੈ।
ਇਕ ਮਤੇ ਰਾਹੀਂ ਮੀਟਿੰਗ ਨੇ ਮੋਦੀ ਸਰਕਾਰ ਵੱਲੋਂ ਨਾਮੀ ਯੂਨੀਵਰਸਿਟੀਆਂ ਤੇ ਉਹਨਾ ਵਿੱਚ ਪੜ੍ਹਦੇ ਵਿਦਿਆਰਥੀਆ ਉਤੇ ਪੑਸਾਸਨ ਤੇ ਗੁੰਡਿਆਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਤੇ ਵਧਾਈਆਂ ਜਾ ਰਹੀਆ ਫ਼ੀਸਾਂ ਦੀ ਖੇਡ ਨੂੰ ਯੂਨੀਵਰਸਿਟੀਆਂ ਨੂੰ ਬਦਨਾਮ ਕਰਕੇ ਅੰਬਾਨੀਆ ਤੇ ਅਦਾਨੀਆ ਨੂੰ ਸੌਂਪਣ ਦੀ ਸਾਜਿਸ ਕਰਾਰ ਦਿੰਦੇ ਹੋਏ, ਵਿਦਿਆਰਥੀਆ ਦੇ ਸੰਘਰਸ਼ ਦੀ ਹਮਾਇਤ ਕੀਤੀ। ਲੋਕਾ ਦੇ ਟੈਕਸ ਦੇ ਪੈਸਿਆਂ ਨਾਲ ਹੁਣ ਤੱਕ ਉਸਾਰੇ ਗਏ ਪਬਲਿਕ ਤੇ ਸਰਕਾਰੀ ਸੈਕਟਰ ਨੂੰ ਪ੍ਰਾਈਵੇਟ ਪੂੰਜੀਪਤੀਆਂ ਤੇ ਦੇਸੀ ਬਦੇਸੀ ਕੰਪਨੀਆਂ ਕੋਲ ਵੇਚੇ ਜਾਣ ਦੇ ਅਮਲ ਨੂੰ, ਦੇਸ਼ ਨੂੰ ਵੇਚ ਦੇਣ ਨਾਲ ਤੁਲਨਾ ਕਰਦਿਆਂ ਇਹਨਾ 7 ਪਾਰਟੀਆਂ ਨੇ ਮੁਲਾਜ਼ਮਾਂ ਮਜ਼ਦੂਰਾਂ ਦੇ ਸਰਕਾਰੀ ਤੇ ਪਬਲਿਕ ਸੈਕਟਰ ਨੂੰ ਬਚਾਉਣ ਲਈ ਕੀਤੇ ਜਾ ਰਹੇ ਸੰਘਰਸ਼ਾਂ ਤੇ ਹੜਤਾਲ਼ਾਂ ਦੀ ਹਮਾਇਤ ਕੀਤੀ। ਮੀਟਿੰਗ ਵਿੱਚ ਸੀ ਪੀ ਆਈ ਦੇ ਜਗਜੀਤ ਸਿੰਘ ਜੋਗਾ, ਬਲਕਰਨ ਬਰਾੜ, ਹਰਨੇਕ ਆਲੀਕੇ ਤੇ ਜਸਵੀਰ ਕੌਰ ਸਰਾ, ਸੀ ਪੀ ਆਈ ਐਮ ਐਲ ਲਿਬਰੇਸਨ ਦੇ ਹਰਵਿੰਦਰ ਸੇਮਾ ਤੇ ਜਸਵੰਤ ਸਿੰਘ, ਆਰ ਐਮ ਪੀ ਆਈ ਦੇ ਸੰਪੂਰਨ ਸਿੰਘ ਤੇ ਤਾਰਾ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਜਗਜੀਤ ਲਹਿਰਾ, ਲੋਕ ਸੰਗਰਾਮ ਮੰਚ ਦੇ ਲੋਕ ਰਾਜ ਮਹਿਰਾਜ ਤੇ ਸੁਖਿਵੰਦਰ ਕੌਰ, ਸੀ ਪੀ ਆਈ ਨਿਊ ਡੈਮੋਕਰੇਸੀ ਦੇ ਅਮਰਜੀਤ ਸਿੰਘ ਹਨੀ, ਇਨਕਲਾਬੀ ਲੋਕ ਮੋਰਚਾ ਪੰਜਾਬ ਦੇ ਬਲਵੰਤ ਮਹਿਰਾਜ ਹਾਜ਼ਰ ਹੋਏ।