ਵਿਦਿਆਰਥਣਾਂ ਸੁਖਮਨੀ ਅਤੇ ਅਨੂਪਮਜੀਤ ਕੌਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪਰਿਤ ਪਾਲ ਸਿੰਘ ਅਤੇ ਪੀ.ਐੱਚ.ਡੀ ਗਾਈਡ ਡਾ. ਦੀਪਤੀ ਗੋਇਲ ਨਾਲ।
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 22 ਜਨਵਰੀ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਕੈਮਿਸਟਰੀ ਵਿਭਾਗ ਦੀਆਂ ਦੋ ਵਿਦਿਆਰਥਣਾਂ, ਸੁਖਮਨੀ ਅਤੇ ਅਨੂਪਮਜੀਤ ਕੌਰ ਸੀ.ਐੱਸ.ਆਈ.ਆਰ (ਕਾਊਂਸਲ ਆਫ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ), ਨਵੀਂ ਦਿੱਲੀ ਦੁਆਰਾ ਐੱਸ.ਆਰ.ਐੱਫ (ਸੀਨੀਅਰ ਰਿਸਰਚ ਫੈਲੋਸ਼ਿਪ) ਐਵਾਰਡ, ਜੋ ਕਿ ਰਾਸ਼ਟਰੀ ਪੱਧਰ ਦੇ ਵਜ਼ੀਫ਼ੇ ਹਨ, ਲਈ ਚੁਣੀਆਂ ਗਈਆਂ ਹਨ। ਦੋਵੇਂ ਹੀ ਖੋਜਾਰਥਣਾਂ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵਿੱਚ ਡਾ. ਦੀਪਤੀ ਗੋਇਲ, ਸਹਾਇਕ ਪ੍ਰੋਫੈਸਰ, ਵਰਲਡ ਯੂਨੀਵਰਸਿਟੀ ਅਤੇ ਡਾ. ਭੁਪੇਸ਼ ਗੋਇਲ, ਸਹਾਇਕ ਪ੍ਰੋਫੈਸਰ ਦੀ ਦੇਖ-ਰੇਖ ਹੇਠ ਪੀ.ਐੱਚ.ਡੀ ਕਰ ਰਹੀਆਂ ਹਨ। ਖੋਜਾਰਥਣਾਂ ਦੇ ਪੀ.ਐੱਚ.ਡੀ ਗਾਈਡ ਡਾ. ਗੋਇਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਐਵਾਰਡ ਤਹਿਤ ਦੋਵਾਂ ਨੂੰ ਸੀ.ਐੱਸ.ਆਈ.ਆਰ ਵੱਲੋਂ ਪੂਰੇ ਪੀ.ਐੱਚ.ਡੀ ਕੋਰਸ ਦੌਰਾਨ ਕੁੱਲ 9 ਲੱਖ ਰੁਪਏ ਸਾਲਾਨਾ ਦੀ ਰਾਸ਼ੀ ਹਾਸਲ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥਣਾਂ ਦੇ ਖੋਜ ਕਾਰਜ ਵਧੀਆ ਰਿਸਰਚ ਜਰਨਲਾਂ ਵਿੱਚ ਲਗਾਤਾਰ ਪ੍ਰਕਾਸ਼ਿਤ ਹੋ ਰਹੇ ਹਨ ਜਿਸ ਸਦਕਾ ਉਨ੍ਹਾਂ ਨੂੰ ਇਹ ਐਵਾਰਡ ਹਾਸਲ ਹੋਏ ਹਨ। ਵਰਨਣਯੋਗ ਹੈ ਕਿ ਇਸ ਸਾਲ ਪੂਰੇ ਭਾਰਤ ਵਿੱਚ ਕੇਵਲ 43 ਵਿਦਿਆਰਥੀਆਂ ਨੂੰ ਇਹ ਐਵਾਰਡ ਹਾਸਲ ਹੋਇਆ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਹ ਮਾਣ ਵਾਲੀ ਗੱਲ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਲੈਬ ਤੋਂ ਸਾਲ 2018 ਅਤੇ 2019 ਦੌਰਾਨ ਵੀ ਖੋਜਾਰਥਣਾਂ ਡਾ. ਸੁਨੀਬਾ ਸੋਏਬ ਅਤੇ ਰਜਨੀਤ ਕੌਰ, ਸੀ.ਐੱਸ.ਆਈ.ਆਰ ਵੱਲੋਂ ਐਵਾਰਡ ਕੀਤੀ ਐੱਸ.ਆਰ.ਅੱੈਫ ਪ੍ਰਾਪਤ ਕਰ ਚੁੱਕੀਆਂ ਹਨ।
ਇੱਕ ਹੋਰ ਖ਼ੁਸ਼ਖ਼ਬਰੀ ਸਾਂਝੀ ਕਰਦਿਆਂ ਡਾ. ਗੋਇਲ ਨੇ ਦੱਸਿਆ ਕਿ ਉਨ੍ਹਾਂ ਦੀ ਵਿਦਿਆਰਥਣ ਰਜਨੀਤ ਕੌਰ ਨੇ ਹੋਰ ਮਾਅਰਕਾ ਮਾਰਦਿਆਂ ਸੈਨ ਡੀਏਗੋ, ਕੈਲੇਫੋਰਨੀਆ, ਅਮਰੀਕਾ ਵਿਚ ਹੋਣ ਜਾ ਰਹੀ ਬਾਇਓ ਫਿਜ਼ੀਕਲ ਸੁਸਾਇਟੀ ਦੀ 15-19 ਫਰਵਰੀ 2020 ਦੌਰਾਨ 64ਵੀਂ ਸਲਾਨਾ ਕਾਨਫ਼ਰੰਸ ਵਿਚ ਸ਼ਾਮਲ ਹੋਣ ਲਈ 750 ਡਾਲਰ ਰਕਮ ਦੀ ਟਰੈਵਲ ਫੈਲੋਸ਼ਿਪ ਗਰਾਂਟ ਪ੍ਰਾਪਤ ਕੀਤੀ ਹੈ। ਇਸ ਤੋਂ ਇਲਾਵਾ ਰਜਨੀਤ ਨੂੰ ਇਸੇ ਕਾਨਫਰੰਸ ਵਿੱਚ ਭਾਗ ਲੈਣ ਲਈ ਅਤੇ ਆਪਣਾ ਖੋਜ ਕਾਰਜ ਪੇਸ਼ ਕਰਨ ਲਈ ਸੀ.ਐੱਸ.ਆਈ.ਆਰ ਵੱਲੋਂ ਅੰਤਰਰਾਸ਼ਟਰੀ ਯਾਤਰਾ ਫੈਲੋਸ਼ਿਪ ਗਰਾਂਟ ਵੀ ਐਵਾਰਡ ਹੋਈ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪਰਿਤ ਪਾਲ ਸਿੰਘ ਨੇ ਡਾ. ਗੋਇਲ ਦੇ ਕੰਮ ਦੀ ਸ਼ਲਾਘਾ ਕਰਦਿਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਮਾਣ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਲਗਾਤਾਰ ਯੂ.ਜੀ.ਸੀ-ਨੈੱਟ ਜਿਹੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਵੀ ਸਫ਼ਲਤਾ ਹਾਸਲ ਕਰ ਰਹੇ ਹਨ। ਡੀਨ ਰਿਸਰਚ ਡਾ. ਆਰ.ਕੇ. ਸ਼ਰਮਾ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਲਈ ਇਹ ਇੱਕ ਮਾਣਮੱਤਾ ਪਲ ਹੈ ਕਿਉਂਕਿ ਯੂਨੀਵਰਸਿਟੀ ਦੇ ਅਧਿਆਪਕਾਂ ਦੀ ਸਿਖਲਾਈ, ਵਿਭਾਗ ਦੇ ਸਾਥ, ਹੋਰ ਮਿਲਦੀਆਂ ਸਹੂਲਤਾਂ ਸਦਕਾ ਅਤੇ ਵਿਦਿਆਰਥੀਆਂ ਦੀ ਨਿਰੰਤਰ ਮਿਹਨਤ ਨੇ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਯੂਨੀਵਰਸਿਟੀ ਦਾ ਨਾਮ ਲੈ ਕੇ ਜਾਣ ਦੇ ਕਾਬਿਲ ਬਣਾਇਆ।