ਜੇਲ ਸੁਪਰੀਡੈਂਟ ਦੀ ਅਗਵਾਈ ਵਿੱਚ ਇੰਟਰਨਸ਼ਿਪ ਤੇ ਗਏ ਵਿਦਿਆਰਥੀਆਂ ਰੁੱਖ ਲਗਾਉਦੇ ਹੋਏ !
ਅਮਲੋਹ 22 ਜਨਵਰੀ : ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਦੇਸ਼ ਭਗਤ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਾਨੂੰਨ ਜਾਗਰੂਕਤਾ ਇੰਟਰਨਸ਼ਿਪ 2020 ਲਗਾਈ ਗਈ। ਇਸ ਇੰਟਰਨਸ਼ਿਪ ਦੌਰਾਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਦੇ ਸਕੱਤਰ ਹਰਸਿਮਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਵਿਦਿਆਰਥੀਆਂ ਵੱਲੋਂ ਜ਼ੇਲ ਦਾ ਨਿਰੀਖਣ ਕਰਕੇ ਰਿਪੋਰਟ ਵੀ ਤਿਆਰ ਕੀਤੀ ਗਈ। ਇਸ ਦੌਰਾਨ ਵੱਖ ਵੱਖ ਕੈਦੀਆਂ ਨਾਲ ਮੁਲਾਕਾਤ ਕਰਕੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਨੂੰ ਕਾਨੂੰਨੀ ਸੇਵਾਵਾਂ ਸਬੰਧੀ ਜਾਣਕਾਰੀ ਵੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਸ ਇੰਟਰਨਸ਼ਿਪ ਲਈ 5 ਵਿਦਿਆਰਥੀਆਂ ਦੀ ਚੋਣ ਹੋਈ ਸੀ ਜਿਨ੍ਹਾਂ ਵਿਚੋਂ ਦੇਸ਼ ਭਗਤ ਯੂਨੀਵਰਸਿਟੀ ਦੇ ਐਲ.ਐਲ.ਐਮ. ਵਿਭਾਗ ਦੇ 2 ਵਿਦਿਆਰਥੀ ਨਰਿੰਦਰ ਸਿੰਘ ਅਤੇ ਸਤਨਾਮ ਸਿੰਘ ਨੂੰ ਇਸਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਇਸ ਮੌਕੇ ਜੇਲ ਸੁਪਰੀਡੈਂਟ ਦੀ ਅਗਵਾਈ ਵਿਚ ਇਸ ਇੰਟਰਨਸ਼ਿਪ ਤੇ ਗਏ ਵਿਦਿਆਰਥੀਆਂ ਵੱਲੋਂ ਰੁੱਖ ਵੀ ਲਗਾਏ ਗਏ। ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਕਾਨੂੰਨ ਦਾ ਰਾਜ ਸਥਾਪਿਤ ਕਰਨ ਲਈ ਇਹ ਜ਼ਰੂਰੀ ਹੈ ਕਿ ਹਰ ਵਰਗ ਕਾਨੂੰਨ ਤੋਂ ਜਾਣੂੰ ਹੋਵੇ, ਇਸਲਈ ਯੂਨੀਵਰਸਿਟੀ ਵੱਲੋਂ ਵਿਅਿਦਾਰਥੀਆਂ ਨੂੰ ਅਜਿਹੇ ਸਿਖਲਾਈ ਕੈਂਪਾਂ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।