-ਸਰਕਾਰ ਅਤੇ ਪ੍ਰਸ਼ਾਸਨ ਨੇ ਨਹੀਂ ਦਿੱਤਾ ਧਿਆਨ
ਫਿਰੋਜ਼ਪੁਰ 12 ਫਰਵਰੀ 2020 : ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਬੁੱਕਣ ਖਾਂ ਵਾਲਾ ਤਹਿਸੀਲ ਅਤੇ ਜ਼ਿਲ੍ਹਾ ਫਿਰੋਜ਼ਪੁਰ ਬਲਾਕ ਫਿਰੋਜਪੁਰ ਵਿਚ ਆਰਓ ਸਿਸਟਮ, ਆਂਗਣਵਾੜੀ ਸਕੂਲ, ਪ੍ਰਾਇਮਰੀ ਸਕੂਲ, ਆਦਰਸ਼ ਸਕੂਲ, ਪਿੰਡ ਦੀਆਂ ਮੇਨ ਗਲੀਆਂ, ਰਸਤੇ 'ਤੇ ਚੋਂਕਾਂ ਵਿਚ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਕੁਝ ਲੋਕਾਂ ਨੇ ਆਪਣੇ ਘਰਾਂ ਦੇ ਅੱਗੇ ਰੈਂਪ ਬਣਾ ਕੇ ਸਰਕਾਰੀ ਰਸਤਿਆਂ ਤੇ ਨਾਜਾਇਜ਼ ਕਬਜੇ ਕੀਤੇ ਹੋਏ ਹਨ।
ਇਸ ਸਬੰਧ ਵਿਚ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਗੁਰਦੀਪ ਸਿੰਘ ਨੰਬਰਦਾਰ ਪਿੰਡ ਬੁੱਕਣ ਖਾਂ ਵਾਲਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਨ੍ਹਾਂ ਬੀਡੀਪੀਓ ਫਿਰੋਜ਼ਪੁਰ ਨੂੰ ਲਿਖਤੀ ਦਰਾਸਖਤ ਪੇਸ਼ ਕੀਤੀ ਸੀ, ਜਿਸ ਤੇ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਬਾਅਦ ਉਹ ਡੀਡੀਪੀਓ ਫਿਰੋਜ਼ਪੁਰ ਪਾਸ ਦਰਖਾਸਤ ਪੇਸ਼ ਕੀਤੀ, ਜਿਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਇਸ ਤੋਂ ਬਾਅਦ ਉਹ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਕੋਲ ਦਰਖਾਸਤ ਪੇਸ਼ ਕੀਤੀ ਅਤੇ ਉਨ੍ਹਾਂ ਵੱਲੋਂ ਡੀਡੀਪੀਓ ਫਿਰੋਜ਼ਪੁਰ ਨੂੰ ਕਾਰਵਾਈ ਕਰਨ ਦਾ ਆਦੇਸ਼ ਦਿੱਤਾ ਗਿਆ, ਪਰ ਡੀਡੀਪੀਓ ਵੱਲੋਂ ਹੁਕਮਾਂ ਦੀ ਕੋਈ ਪਾਲਣਾ ਨਹੀਂ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਸਬੰਧ ਵਿਚ ਦੁਬਾਰਾ ਫਿਰ ਡਿਪਟੀ ਕਮਿਸ਼ਨਰ ਕੋਲ ਯਾਦ ਪੱਤਰ ਦਿੱਤਾ, ਜਿਸ ਤੇ ਵੀ ਪੰਚਾਇਤ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ।
ਉਨ੍ਹਾਂ ਆਖਿਆ ਕਿ ਉਹ 7 ਜੂਨ 2018 ਨੂੰ ਮੁੱਖ ਮੰਤਰੀ ਪੰਜਾਬ ਅਤੇ ਡਾਇਰੈਕਟਰ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਮੋਹਾਲੀ ਪਾਸ ਦਰਖਾਸਤਾਂ ਦਿੱਤੀਆਂ, ਜੋ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ, ਪੰਜਾਬ ਵੱਲੋਂ ਡੀਡੀਪੀਓ ਫਿਰੋਜ਼ਪੁਰ ਅਤੇ ਦਫਤਰ ਮੁੱਖ ਮੰਤਰੀ ਪੰਜਾਬ ਵੱਲੋਂ ਵਿੱਤੀ ਕਮਿਸ਼ਨਰ, ਪੰਜਾਬ ਸਰਕਾਰ, ਪੇਂਡੂ ਵਿਕਾਸ ਤੇ ਪੰਚਾਇਤਾਂ ਨੂੰ ਲਿਖਿਆ ਗਿਆ, ਪਰ ਉਨ੍ਹਾਂ ਵੱਲੋਂ ਵੀ ਅਜੇ ਤੱਕ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ। ਉਨ੍ਹਾਂ ਵੱਲੋਂ ਇਨ੍ਹਾਂ ਨਾਜਾਇਜ਼ ਕਬਜਿਆਂ ਬਾਰੇ ਦਿੱਤੀਆਂ ਦਰਖਾਸਤਾਂ ਤੇ ਕੀਤੀ ਗਈ ਕਾਰਵਾਈ ਦੀ ਆਰਟੀਆਈ, ਐਕਟ ਰਾਹੀਂ ਤਸਦੀਕ ਸ਼ੁਦਾ ਸੂਚਨਾ ਹਾਸਲ ਕਰਨ ਲਈ ਮਿਤੀ 16 ਮਾਰਚ 2018 ਨੂੰ ਬੀਡੀਪੀਓ ਫਿਰੋਜ਼ਪੁਰ ਨੂੰ ਆਰਟੀਆਈ ਬਿਨ੍ਹੈ ਪੱਤਰ ਵੀ ਦਿੱਤਾ ਗਿਆ ਸੀ, ਜਿਸ ਤੇ ਉਨ੍ਹਾਂ ਨੂੰ ਅਜੇ ਤੱਕ ਸੂਚਨਾ ਵੀ ਮੁਹੱਈਆਂ ਨਹੀਂ ਕਰਵਾਈ ਗਈ। ਉਹ ਦੱਸਣਾ ਚਾਹੁੰਦੇ ਹਨ ਕਿ ਇਕ ਪਾਸੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ, ਭਾਰਤ ਨੂੰ ਸਵੱਛ ਭਾਰਤ, ਤੰਦਰੁਸਤ ਪੰਜਾਬ ਦਾ ਨਾਅਰਾ ਦੇ ਰਹੇ ਹਨ ਅਤੇ ਦੂਜੇ ਪਾਸੇ ਸਾਡੇ ਪਿੰਡ ਵਿਚ ਲੱਗੇ ਗੰਦਗੀ ਦੇ ਢੇਰ ਜਿਸ 'ਤੇ ਕਈ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ, ਉਸ ਵੱਲ ਪੰਚਾਇਤ ਵਿਭਾਗ ਕੋਈ ਧਿਆਨ ਨਹੀਂ ਦੇ ਰਹੀ। ਉਹ ਮੀਡੀਆ ਰਾਹੀਂ ਕੇਂਦਰ ਸਰਕਾਰ, ਪੰਜਾਬ ਸਰਕਾਰ ਤੇ ਪੰਚਾਇਤ ਵਿਭਾਗ ਤੋਂ ਮੰਗ ਕਰਦੇ ਹਨ ਕਿ ਕਿਸੇ ਉੱਚ ਅਫਸਰ ਦੀ ਡਿਊਟੀ ਲਗਾ ਕੇ ਪਿੰਡ ਵਿਚ ਮੌਕਾ ਵੇਖਿਆ ਜਾਵੇ ਅਤੇ ਗੰਦਗੀ ਦੇ ਢੇਰ ਤੁਰੰਤ ਚੁਕਵਾਏ ਜਾਣ। ਇਸ ਮੌਕੇ ਸਰੂਪ ਸਿੰਘ ਸੰਧੂ, ਜਸਗਨਪ੍ਰੀਤ ਸਿੰਘ ਸੰਧੂ, ਕੁਲਵੰਤ ਸਿੰਘ ਬਾਠ, ਗੁਰਮੀਤ ਸਿੰਘ ਬਾਠ, ਸੁਖਦੇਵ ਸਿੰਘ ਸੰਧੂ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਰਘਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।