ਗੁਰਦਾਸਪੁਰ, 12 ਫਰਵਰੀ 2020 - ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਵਾਤਾਵਰਣ ਪ੍ਰੇਮੀ ਜਸਬੀਰ ਸਿੰਘ ਲੋਕਾਂ ਨੂੰ ਮੁਫਤ ਪੌਦੇ ਵੰਡ ਕੇ ਸਮਾਜ ਨੂੰ ਵਾਤਵਰਣ ਦੀ ਸੰਭਾਲ ਸੰਦੇਸ਼ ਦੇ ਰਿਹਾ ਹੈ। ਵਾਤਵਰਣ ਪ੍ਰੇਮੀ ਵਲੋਂ ਅੱਜ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਲੋਕਾਂ ਨੂੰ ਮੁਫਤ ਫੁੱਲਾਂ ਦੇ ਪੌਦੇ ਵੰਡੇ ਗਏ।
ਇਸ ਮੌਕੇ ਗੱਲਬਾਤ ਦੌਰਾਨ ਉਨ•ਾਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਅਸੀਂ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਈਏ। ਵੱਧ ਤੋਂ ਵੱਧ ਪੌਦੇ ਲਗਾਈਏ ਤੇ ਉਨਾਂ ਦੀ ਸੰਭਾਲ ਕਰੀਏ। 70 ਸਾਲਾ ਵਾਤਾਵਰਣ ਪ੍ਰੇਮੀ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਕਰੀਬ 1991 ਤੋਂ ਲੋਕਾਂ ਨੂੰ ਆਪਣੀ ਨਰਸਰੀ ਵਿਚ ਬੂਟੇ ਤਿਆਰ ਕਰਕੇ ਵੰਡ ਰਿਹਾ ਹੈ। ਮੋਸਮੀ ਅਤੇ ਮੈਡੀਸਨ ਪੌਦੇ ਉਸ ਵਲੋਂ ਲੋਕਾਂ ਨੂੰ ਦਿੱਤੇ ਜਾਂਦੇ ਹਨ।
ਉਨਾਂ ਅੱਜ ਵੱਖ-ਵੱਖ ਮੌਸਮੀ ਫੁੱਲਾਂ ਡੇਲੀਆ, ਕੈਰਨਡੋਲਾ, ਪੋਪੀ, ਚਿਟੀ ਗੁਲਸਰਫੀ ਦੇ ਪੌਦੇ ਵੰਡੇ। ਵਾਤਾਵਰਣ ਪ੍ਰੇਮੀ ਦਾ ਕਹਿਣਾ ਹੈ ਕਿ ਉਹ ਘਰਾਂ ਵਿਚ ਤੇ ਖਾਸਕਰਕੇ ਗਮਲਿਆਂ ਵਿਚ ਲੱਗਣ ਵਾਲੇ ਬੂਟੇ ਲੋਕਾਂ ਨੂੰ ਵੰਡਦੇ ਹਨ। ਉਨਾਂ ਅੱਗੇ ਕਿਹਾ ਕਿ ਦਿਨੋ ਦਿਨ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਹੰਭਲਾ ਮਾਰਨਾ ਚਾਹੀਦਾ ਹੈ ਤੇ ਪੌਦੇ ਲਗਾ ਕੇ ਉਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ।