ਰਜਨੀਸ਼ ਸਰੀਨ
ਐੱਸ.ਏ.ਐੱਸ.ਨਗਰ 13 ਫਰਵਰੀ 2020 - ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਧੀ ਭਰਤੀ ਰਾਹੀਂ ਨਿਯੁਕਤ ਕੀਤੇ ਪ੍ਰਿੰਸੀਪਲਾਂ ਨੂੰ ਇੰਡੀਅਨ ਸਕੂਲ ਆਫ਼ ਬਿਜ਼ਨਸ ਮੋਹਾਲੀ ਵਿਖੇ ਪ੍ਰਿੰਸੀਪਲਾਂ ਦੀ ਤੀਜੇ ਗੇੜ ਦੀ ਸਿਖਲਾਈ ਵਰਕਸ਼ਾਪ ਲਗਾਈ ਜਾ ਰਹੀ ਹੈ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਿਖਲਾਈ ਵਰਕਸ਼ਾਪ ਦਾ ਮੁੱਖ ਮੰਤਵ ਨਵ-ਨਿਯੁਕਤ ਪ੍ਰਿੰਸੀਪਲਾਂ ਨੂੰ ਮਿਆਰੀ ਪ੍ਰਬੰਧਕੀ ਗੁਰ ਦੇਣਾ ਹੈ।
ਸਿਖਲਾਈ ਵਰਕਸ਼ਾਪ ਦੇ ਤੀਜੇ ਦਿਨ ਡਾ. ਅਰੂਸ਼ੀ ਜੈਨ, ਡਾ. ਐੱਮ ਕੰਚਨ ਅਤੇ ਪ੍ਰੋ.ਨੰਦੂ ਨੰਦਕਿਸ਼ੋਰ ਵੱਲੋਂ ਸਕੂਲ ਮੁਖੀਆਂ ਨੂੰ ਸਕੂਲ ਲੀਡਰਸ਼ਿਪ ਦੇ ਮਹੱਤਵਪੂਰਨ ਨੁਕਤਿਆਂ ਦੀ ਜਾਣਕਾਰੀ ਦਿੱਤੀ।
ਇਸ ਮੌਕੇ ਮਨੋਜ ਕੁਮਾਰ ਡਿਪਟੀ ਐੱਸ.ਪੀ.ਡੀ. ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਬਦਲਾਵ ਲਿਆਉਣ ਲਈ ਸਿੱਖਿਆ ਵਿਭਾਗ ਨਵੀਆਂ ਰਾਹਾਂ ਸਿਰਜ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸਿਖਲਾਈ ਨਵੇਂ ਸਕੂਲ ਮੁਖੀਆਂ ਨੂੰ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਵਿੱਚ ਸਹਾਇਕ ਹੋਵੇਗੀ। ਜਿਸ ਸਦਕਾ ਸਕੂਲ ਮੁਖੀ ਵਿਦਿਆਰਥੀਆਂ ਦਾ ਸੁਨਹਿਰੀ ਭਵਿੱਖ ਸਿਰਜਣਗੇ। ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਅਤੇ ਵਿਦਿਆਰਥੀਆਂ ਦੀ ਮਾਨਸਿਕਤਾ ਅਨੁਸਾਰ ਉਹਨਾਂ ਲਈ ਸਪੱਸ਼ਟ ਡ੍ਰੀਮ ਪ੍ਰੋਜੈਕਟ ਤਿਆਰ ਕਰਨਾ ਇਸ ਸਿਖਲਾਈ ਵਰਕਸ਼ਾਪ ਦਾ ਅਸਲ ਮਨੋਰਥ ਹੈ। ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਨਵ-ਨਿਯੁਕਤ ਸਕੂਲ ਮੁਖੀਆਂ ਦੇ ਦੋ ਬੈਚ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ ਅਤੇ 14 ਫਰਵਰੀ ਤੱਕ ਤੀਜੇ ਬੈਚ ਦੀ ਸਿਖਲਾਈ ਕਰਵਾਈ ਜਾ ਰਹੀ ਹੈ।