ਅਸ਼ੋਕ ਵਰਮਾ
ਬਰਨਾਲਾ 17 ਫਰਵਰੀ,2020। ਜਮਹੂਰੀ ਅਧਿਕਾਰ ਸਭਾ ਜਿਲਾ ਇਕਾਈ ਬਠਿੰਡਾ ਦੀ ਕਾਰਜਕਾਰਨੀ ਨੇ ਫੂਲ ਟਾਊਨ ਦੇ ਨਜ਼ਦੀਕ ਇੱਕ ਡੇਰੇ ਚੋਂ ਜਨਤਕ ਜੱਥੇਬੰਦੀਆਂ ਵੱਲੋਂ ਛੁਡਾਈ ਅਨਾਥ ਲੜਕੀ ਦੇ ਮਾਮਲੇ ’ਚ ਜਮੀਨੀ ਸੱਚ ਸਾਹਮਣੇ ਲਿਆਉਣ ਦਾ ਫੈਸਲਾ ਲਿਆ ਹੈ। ਸਭਾ ਨੇ ਇੱਕ ਟੀਮ ਬਣਾਈ ਹੈ ਜੋ ਇਸ ਘਟਨਾਂ ਦੀ ਤਹਿ ਤੱਕ ਜਾਏਗੀ ਅਤੇ ਤੱਥ ਇਕੱਤਰ ਕੀਤੇ ਜਾਣਗੇ ਤਾਂ ਜੋ ਅਸਲੀਅਤ ਸਾਹਮਦੇ ਲਿਆਂਦੀ ਜਾ ਸਕੇ। ਜਮਹੂਰੀ ਅਧਿਕਾਰ ਸਭਾ ਦੀ ਇੱਕ ਅੱਜ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਡੇਰਾ ਨਿਹੰਗ ਫੂਲ ਟਾਉੂਨ ਦੇ ਚੁੰਗਲ ਚੋਂ ਮੋਤਬਰ ਲੋਕਾਂ ਵਲੋਂ ਆਜਾਦ ਕਰਵਾਈ “ ਇੱਕ 19 ਸਾਲਾ ਅਨਾਥ ਲੜਕੀ ਤੇ ਹੋਏ ਸਰੀਰਕ ਤਸ਼ਦਦ ਤੇ ਜਿਣਸੀ ਸੋਸ਼ਣ“ਦੇ ਮਾਮਲੇ ਸਬੰਧੀ ਵਿਚਾਰ ਕੀਤਾ ਗਿਆ ਵਿਚ ਸਭਾ ਦੇ ਜਿਲਾ ਪ੍ਰਧਾਨ ਪਿ੍ਰੰਸੀਪਲ ਬੱਗਾ ਸਿੰਘ ਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਦੱਸਿਆ ਕਿ ਵੱਖ ਵੱਖ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਦਾ ਗੰਭੀਰ ਨੋਟਿਸ ਲੈਂਦਿਆਂ ਇੱਕ ਪੰਜ ਮੈਂਬਰੀ ਤੱਥ ਖੋਜ ਟੀਮ ਬਣਾਈ ਹੈ। ਇਸ ਪੰਜ ਮੈਂਬਰੀ ਟੀਮ ਵਿੱਚ ਪ੍ਰਧਾਨ ਸਕੱਤਰ ਤੋਂ ਇਲਾਵਾ ਔਰਤ ਮੈਂਬਰ,ਵਕੀਲ ਤੇ ਸਮਾਜ ਸੇਵਕ ਸਾਮਿਲ ਕੀਤੇ ਗਏ ਹਨ। ਉਨਾਂ ਅੱਗੇ ਦੱਸਿਆ ਕਿ ਇਹ ਟੀਮ ਘਟਨਾ ਸਥਲ ਜਾਵੇਗੀ ਅਤੇ ਪਿੰਡਾਂ ਦੇ ਮੁਹਤਬਰ ਬੰਦਿਆਂ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਮਿਲ ਕੇ ਤੱਥ ਇਕੱਠੇ ਕਰੇਗੀ ਅਤੇ ਅਧਿਕਾਰੀਆਂ ਤੋਂ ਵੀ ਉਨਾਂ ਦਾ ਪੱਖ ਜਾਣਿਆ ਜਾਵੇਗਾ।
ਇਹ ਟੀਮ ਇਸ ਕੇਸ ਨਾਲ ਸਬੰਧਤ ਦਸਤਾਵੇਜ਼ਾਂ ਦੀ ਘੋਖ ਪੜਤਾਲ ਅਤੇ ਪੁਲਸ ਦੀ ਕਾਰਗੁਜ਼ਾਰੀ ਦਾ ਵੀ ਨਿਰੀਖਣ ਕਰੇਗੀ। ਟੀਮ ਲੜਕੀ ਦੀ ਵੀਡੀਓ ਰਿਕਾਰਡਿੰਗ ਅਤੇ ਉਸ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਨੂੰ ਵੀ ਘੋਖੇਗੀ। ਤੱਥ ਇਕੱਠੇ ਕਰਨ ਤੋਂ ਬਾਅਦ ਸਭਾ ਦੀ ਟੀਮ ਇੱਕ ਵਿਸਥਾਰਤ ਤੱਥ ਖੋਜ ਰਿਪੋਰਟ ਤਿਆਰ ਕਰਕੇ ਜਨਤਕ ਕਰੇਗੀ ਅਤੇ ਉਸ ਨਾਲ ਸਬੰਧਤ ਮੰਗਾਂ ਨੂੰ ਉਭਾਰਿਆ ਜਾਵੇਗਾ। ਸਭਾ ਦੇ ਪ੍ਰੈਸ ਸਕੱਤਰ ਡਾ. ਅਜੀਤਪਾਲ ਸਿੰਘ ਨੇ ਦੱਸਿਆ ਕਿ ਘਟਨਾ ਨਾਲ ਸੰਬੰਧਤ ਕਿਸੇ ਵੀ ਪੱਖ ਨੂੰ ਅਣਗੌਲਿਆਂ ਨਹੀਂ ਕੀਤਾ ਜਾਵੇਗਾ ਅਤੇ ਲੜਕੀ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਚੇਤੇ ਰਹੇ ਕਿ ਲਗਭਗ ਇੱਕ ਹਫ਼ਤਾ ਪਹਿਲਾਂ ਨਿਹੰਗਾ ਦੇ ਡੇਰੇ ਵਿੱਚੋਂ ਇੱਕ ਬਾਲਗ ਲੜਕੀ ਨੇ ਭੱਜ ਕੇ ਖੇਤਾਂ ਵਿੱਚ ਰਹਿੰਦੇ ਕਿਸਾਨਾਂ ਕੋਲ ਗਈ ਅਤੇ ਆਪਣੇ ਤੇ ਹੋਏ ਤਸਦਦ ਦੀ ਕਹਾਣੀ ਸੁਣਾਈ ਤਾਂ ਫੂਲ ਇਲਾਕੇ ਦੀਆਂ ਜਨਤਕ ਜਮਹੂਰੀ ਜੱਥੇਬੰਦੀਆਂ ਅਤੇ ਪਤਵੰਤੇ ਵਿਅਕਤੀਆਂ ਨੇ ਲੜਕੀ ਨੂੰ ਪੁਲਿਸ ਥਾਣਾ ਫੂਲ ਰਾਹੀੰ ਸਖੀ ਸੈੰਟਰ ਪਹੁੰਚਾਇਆ ਸੀ। ਇਹ ਸਾਰੀਆਂ ਘਟਨਾਵਾਂ ਬਾਰੇ ਪੁਲਿਸ ਅਤੇ ਜਨਤਕ ਜੱਥੇਬੰਦੀਆਂ ਦੇ ਦਾਅਵੇ ਵੱਖੋ ਵੱਖਰੇ ਹਨ, ਇਸੇ ਲਈ ਜਮਹੂਰੀ ਅਧਿਕਾਰ ਸਭਾ ਨੇ ਘਟਨਾਵਾਂ ਦੀ ਡੂੰਘਾਈ ਨਾਲ ਪੜਤਾਲ ਕਰਨ ਦਾ ਇਹ ਫੈਸਲਾ ਲਿਆ ਹੈ ਤਾਂ ਕਿ ਸਚਾਈ ਨੂੰ ਉਜਾਗਰ ਕੀਤਾ ਜਾ ਸਕੇ।