ਐੱਸ.ਐੱਸ.ਪੀ ਸੰਗਰੂਰ ਸੰਦੀਪ ਗਰਗ (ਆਈ ,ਪੀ ,ਐਸ )
ਦੀਦਾਰ ਗੁਰਨਾ/ਜਸਪਾਲ ਨਿੱਝਰ
ਸੰਗਰੂਰ, 31 ਮਾਰਚ 2020 : ਪੰਜਾਬ ਭਰ ਵਿੱਚ ਲੱਗੇ ਕਰਫ਼ਿਊ ਕਾਰਨ ਲੋਕ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ। ਰੋਜ਼ਾਨਾ ਕਮਾ ਕੇ ਖਾਣ ਵਾਲ਼ੇ ਮਜ਼ਦੂਰ ਹੁਣ ਸਮਾਜ ਸੇਵੀ ਸੰਥਾਵਾਂ ਅਤੇ ਪ੍ਰਸ਼ਾਸਨ ਦੀ ਮਦਦ ਉੱਤੇ ਹੀ ਆਸ ਲਾਈ ਬੈਠੇ ਹਨ । ਪੰਜਾਬ ਦੇ ਵੱਖ ਹਿੱਸਿਆਂ ਵਿੱਚ ਪੁਲਿਸ ਅਤੇ ਸਮਾਜ ਸੇਵੀ ਸੰਥਾਵਾਂ ਨੇ ਲੋਕਾਂ ਤੱਕ ਖਾਣ ਪੀਣ ਦੀਆਂ ਵਸਤੂਆਂ ਪਹੁੰਚਾ ਕੇ ਸ਼ਲਾਘਾਯੋਗ ਕੰਮ ਕੀਤਾ ਹੈ।
ਜ਼ਿਲ੍ਹਾ ਸੰਗਰੂਰ ਦੇ ਵਿੱਚ ਵੀ ਐੱਸ.ਐੱਸ.ਪੀ ਸੰਦੀਪ ਗਰਗ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸੰਗਰੂਰ ਪੁਲਿਸ ਲੋੜਵੰਦ ਲੋਕਾਂ ਤੱਕ ਸੁੱਕਾ ਰਾਸ਼ਨ ਅਤੇ ਹੋਰ ਜ਼ਰੂਰੀ ਚੀਜ਼ਾਂ ਪਹੁੰਚਾ ਰਹੀ ਹੈ।
ਬਾਬੂਸ਼ਾਹੀ ਦੇ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸੰਗਰੂਰ ਦੇ ਐੱਸ.ਐੱਸ.ਪੀ ਸ੍ਰੀ ਸੰਦੀਪ ਗਰਗ ਨੇ ਦੱਸਿਆ ਕਿ ਸੰਗਰੂਰ ਪੁਲਿਸ ਲੋਕਾਂ ਤੱਕ ਨਾਂ ਸਿਰਫ਼ ਰਾਸ਼ਨ ਹੀ ਨਹੀਂ ਪਹੁੰਚਾ ਰਹੀ ਹੈ ਸਗੋਂ ਲੋੜ ਪੈਣ ਤੇ ਪਲੰਬਰ ਤੇ ਇਲੈਕਟ੍ਰੀਸ਼ੀਅਨ ਆਦਿ ਦੀ ਸੇਵਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ । ਸੰਦੀਪ ਗਰਗ ਨੇ ਅੱਗੇ ਦੱਸਿਆ ਕਿ ਕੁੱਝ ਲੋਕਾਂ ਨੇ ਟੀਵੀ, ਫ਼ਰਿਜ ਆਦਿ ਦੇ ਖ਼ਰਾਬ ਹੋ ਜਾਣ ਦੀ ਸ਼ਿਕਾਇਤ ਵੀ ਕੀਤੀ ਸੀ, ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ ਇਸ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਇਹ ਸਮੱਸਿਆ ਵੀ ਹੱਲ ਕਰ ਕੇ ਦਿੱਤੀ ਗਈ। ਇਸ ਤੋਂ ਇਲਾਵਾ ਕਿਸੇ ਦਾ ਪਾਲਤੂ ਪਸ਼ੂ ਬਿਮਾਰ ਹੋ ਜਾਣ ਤੇ ਵੀ ਸੰਗਰੂਰ ਪੁਲਿਸ ਪੂਰੀ ਮਦਦ ਕਰ ਰਹੀ ਹੈ।
ਸੰਗਰੂਰ ਪੁਲਿਸ ਨੇ ਪ੍ਰਾਈਵੇਟ ਹਸਪਤਾਲਾਂ ਅਤੇ ਐਂਬੂਲੈਂਸਾਂ ਨਾਲ਼ ਵੀ ਸੰਪਰਕ ਕੀਤਾ ਹੋਇਆ ਹੈ ਤਾਂ ਜੋ ਕਿਸੇ ਵੀ ਤਰਾਂ ਦੀ ਮੈਡੀਕਲ ਐਮਰਜੈਂਸੀ ਵਿੱਚ ਦੇਰੀ ਨਾ ਹੋ ਸਕੇ। ਮੈਡੀਕਲ ਐਮਰਜੈਂਸੀ ਨਾਲ਼ ਜੁੜੇ ਇੱਕ ਕੇਸ ਦੀ ਉਦਾਹਰਨ ਦੇਂਦੇ ਹੋਏ ਸ੍ਰੀ ਗਰਗ ਨੇ ਦੱਸਿਆ ਕਿ ਕਿਸੇ ਬਜ਼ੁਰਗ ਔਰਤ ਦੀਆਂ ਘਰ ਦੇ ਵਿੱਚ ਹੀ ਕਿਸੇ ਦੁਰਘਟਨਾ ਕਰਕੇ ਉਂਗਲਾਂ ਕੱਟੀਆਂ ਗਈਆਂ ਸਨ ਸੰਗਰੂਰ ਪੁਲਿਸ ਨੇ ਬਿਨਾ ਦੇਰੀ ਕੀਤੇ ਡਾਕਟਰੀ ਇਲਾਜ ਸ਼ੁਰੂ ਕਰਵਾ ਦਿੱਤਾ ਜਿਸ ਨਾਲ਼ ਵੱਡਾ ਹਾਦਸਾ ਹੋਣ ਤੋਂ ਟਾਲ਼ ਦਿੱਤਾ ਗਿਆ।
ਇੱਕ ਹੋਰ ਸ਼ਲਾਘਾਯੋਗ ਉਦਾਹਰਨ ਦਿੰਦੇ ਹੋਏ ਐੱਸ.ਐੱਸ.ਪੀ ਸੰਦੀਪ ਗਰਗ ਨੇ ਦੱਸਿਆ ਕਿ ਸਮੇਂ ਤੋਂ ਪਹਿਲਾਂ ਪੈਦਾ ਹੋਏ ਇੱਕ ਬੱਚੇ ਨੂੰ ਡਾਕਟਰਾਂ ਵੱਲੋਂ ਤੁਰੰਤ ਬੱਕਰੀ ਦਾ ਦੁੱਧ ਪਿਲਾਏ ਜਾਣ ਦੀ ਸਲਾਹ ਦਿੱਤੀ ਤਾਂ ਪੁਲਿਸ ਨੇ ਬਿਨਾ ਸਮਾ ਗਵਾਏ ਬੱਕਰੀ ਦੇ ਦੁੱਧ ਦਾ ਪ੍ਰਬੰਧ ਵੀ ਕਰ ਕੇ ਦਿੱਤਾ।
ਜਾਣਕਾਰੀ ਦਿੰਦੇ ਹੋਏ ਸ੍ਰੀ ਗਰਗ ਨੇ ਦੱਸਿਆ ਕਿ ਕਰਫ਼ਿਊ ਤੋਂ ਦੂਸਰੇ ਦਿਨ ਹੀ ਸੰਗਰੂਰ ਪੁਲਿਸ ਹਰ ਤਰ੍ਹਾਂ ਦੀ ਐਮਰਜੈਂਸੀ ਸਹੂਲਤ ਦੇਣ ਲਈ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀ ਸੀ। ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਇਸ ਲਈ ਪੁਲਿਸ ਵੱਲੋਂ 5 ਹੈਲਪ ਲਾਈਨ ਨੰਬਰ ਜਾਰੀ ਕਰ ਦਿੱਤੇ ਗਏ ਸਨ ਇਸ ਤੋਂ ਇਲਾਵਾ ਇਕ ਮੋਬਾਈਲ ਐਪ ਵੀ ਜਾਰੀ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਐਪ ਨੂੰ ਡੀ.ਜੀ.ਪੀ ਪੰਜਾਬ ਨੇ ਲਾਂਚ ਕੀਤਾ ਤੇ ਪੰਜਾਬ ਦੇ ਕੁੱਝ ਹੋਰ ਜ਼ਿਲ੍ਹੇ ਵੀ ਇਸ ਐਪ ਨੂੰ ਅਪਣਾਉਣ ਜਾ ਰਹੇ ਹਨ ਤਾਂ ਜੋ ਕਰਫ਼ਿਊ ਦੌਰਾਨ ਲੋਕਾਂ ਦੀ ਸਹਾਇਤਾ ਹੋਰ ਵੀ ਵਧੀਆ ਤੇ ਸੌਖੇ ਤਰੀਕੇ ਨਾਲ਼ ਕੀਤੀ ਜਾਵੇ।
ਸੰਗਰੂਰ ਪੁਲਿਸ ਦੀ ਇਹ ਚੁਸਤੀ, ਫੁਰਤੀ ਤੇ ਲਗਨ ਬਹੁਤ ਹੀ ਸ਼ਲਾਘਾਯੋਗ ਹੈ। ਅੱਜ ਦੇ ਇਸ ਤਕਨੀਕੀ ਯੁੱਗ ਵਿੱਚ ਤਕਨੀਕ ਨੂੰ ਕਿਵੇਂ ਵਰਤਿਆ ਜਾਵੇ, ਪੰਜਾਬ ਪੁਲਿਸ ਨੂੰ ਇਹ ਨੌਜਵਾਨ ਆਈ.ਪੀ.ਐੱਸ ਸੰਦੀਪ ਗਰਗ ਤੋਂ ਸਿੱਖਣਾ ਚਾਹੀਦਾ ਹੈ। ਕਰਫ਼ਿਊ ਦੌਰਾਨ ਵਰਤੀ ਗਈ ਸਖ਼ਤੀ ਕਾਰਨ ਜਿੱਥੇ ਪੰਜਾਬ ਪੁਲਿਸ ਕੁੱਝ ਥਾਵਾਂ ਤੇ ਅਲੋਚਨਾ ਦਾ ਸਾਹਮਣਾ ਕਰ ਰਹੀ ਸੀ ਉੱਥੇ ਹੀ ਸੰਦੀਪ ਗਰਗ ਵਰਗੇ ਪੁਲਿਸ ਅਫ਼ਸਰ ਆਧੁਨਿਕ ਤਕਨੀਕਾਂ ਨੂੰ ਵਰਤ ਕੇ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਕੇ ਪੰਜਾਬ ਪੁਲਿਸ ਲਈ ਪੜ੍ਹਨ ਅਤੇ ਸਿੱਖਣ ਯੋਗ ਨਵਾਂ ਕਿਤਾਬਚਾ ਬਣ ਕੇ ਉੱਭਰ ਰਹੇ ਨੇ।
ਸੰਗਰੂਰ ਪੁਲਿਸ ਦੇ ਅਫ਼ਸਰ ਆਪਣੀ ਟੀਮ ਨਾਲ ਲੋੜਵੰਦ ਲੋਕਾਂ ਨੂੰ ਸੁੱਕਾ ਰਾਸ਼ਨ ਅਤੇ ਹੋਰ ਜ਼ਰੂਰੀ ਚੀਜ਼ਾਂ ਪ੍ਰਦਾਨ ਕਰਦੇ ਹੋਏ