ਡੀ.ਐੱਸ.ਪੀ ਸੁਰਜੀਤ ਸਿੰਘ ਧਨੋਆ ਆਪਣੀ ਟੀਮ ਨਾਲ ਲੋੜਵੰਦਾ ਨੂੰ ਰਾਸ਼ਨ ਅਤੇ ਲੰਗਰ ਵੰਡਦੇ ਹੋਏ
ਦੀਦਾਰ ਗੁਰਨਾ/ਜਸਪਾਲ ਨਿੱਝਰ
ਖੰਨਾ, 1 ਅਪ੍ਰੈਲ 2020: ਪੰਜਾਬ ਵਿੱਚ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਰਫ਼ਿਊ ਲਾਉਣ ਦਾ ਐਲਾਨ ਪੰਜਾਬ ਸਰਕਾਰ ਨੇ ਕੀਤਾ ਹੋਇਆ ਹੈ ਪਰ ਫਿਰ ਵੀ ਕੁੱਝ ਲੋਕ ਕਰਫ਼ਿਊ ਦੀ ਉਲੰਘਣਾ ਕਰਦੇ ਨਜ਼ਰ ਆਏ ਤਾਂ ਪੰਜਾਬ ਪੁਲਿਸ ਨੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਜਿਸ ਦੀ ਅਲੋਚਨਾ ਵੀ ਕਈ ਪਾਸਿਆਂ ਤੋਂ ਸ਼ੁਰੂ ਹੋ ਗਈ।
ਪਰ ਪੰਜਾਬ ਪੁਲਿਸ ਵਿੱਚ ਕਈ ਅਫ਼ਸਰ ਅਜਿਹੇ ਵੀ ਹਨ ਜੋ ਦੂਰਅੰਦੇਸ਼ੀ ਸੋਚ ਨਾਲ਼ ਆਪਣੀ ਡਿਊਟੀ ਕਰਨ ਨੂੰ ਤਰਜੀਹ ਦਿੰਦੇ ਹਨ। ਅਜਿਹੇ ਹੀ ਇੱਕ ਪੁਲਿਸ ਅਫ਼ਸਰ ਨਾਲ਼ ਬਾਬੂਸ਼ਾਹੀ ਨੇ ਫ਼ੋਨ ਤੇ ਗੱਲਬਾਤ ਕੀਤੀ। ਇਹ ਹਨ ਸੁਰਜੀਤ ਸਿੰਘ ਧਨੋਆ ਜੋ ਬਤੌਰ ਡੀ.ਐੱਸ.ਪੀ ਕ੍ਰਾਈਮ ਵਜੋਂ ਪੁਲਿਸ ਜ਼ਿਲ੍ਹਾ ਖੰਨਾ ਵਿਖੇ ਸੇਵਾ ਨਿਭਾਅ ਰਹੇ ਹਨ।
ਸ਼: ਧਨੋਆ ਨੇ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਕਈ ਕੁੱਝ ਸੁਝਾਅ ਬਾਬੂਸ਼ਾਹੀ ਨਾਲ਼ ਸਾਂਝੇ ਕੀਤੇ, ਉਨ੍ਹਾਂ ਕਿਹਾ ਕਿ ਉਦਾਹਰਣ ਦੇ ਤੌਰ ਤੇ ਇੱਕ ਪਿੰਡ ਵਿੱਚ ਜੇਕਰ 100 ਘਰ ਹਨ ਤੇ 100 ਦੇ ਵਿੱਚੋਂ 10 ਪਰਿਵਾਰ ਲੋੜਵੰਦ ਹਨ ਤਾਂ ਬਾਕੀ 90 ਪਰਿਵਾਰ ਵਿੱਚੋਂ 45-45 ਪਰਿਵਾਰ ਸਵੇਰੇ ਸ਼ਾਮ 10 ਪਰਿਵਾਰਾਂ ਦੇ ਖਾਣ ਪੀਣ ਦਾ ਪ੍ਰਬੰਧ ਅਸਾਨੀ ਨਾਲ਼ ਕਰ ਸਕਦਾ ਹਨ। ਇਸੇ ਤਰ੍ਹਾਂ ਬਾਜ਼ਾਰ ਵਿੱਚੋਂ ਜ਼ਰੂਰੀ ਸਮਾਨ ਖ਼ਰੀਦਣ ਲਈ ਬਜਾਏ ਇਸ ਦੇ ਕਿ ਹਰੇਕ ਪਰਿਵਾਰ ਦਾ ਇੱਕ ਮੈਂਬਰ ਘਰੋਂ ਬਾਹਰ ਜਾਵੇ ਇਸ ਕੰਮ ਲਈ ਕੁੱਝ ਚੋਣਵੇਂ ਬੰਦਿਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਜਾਣ।
ਇਸੇ ਤਰ੍ਹਾਂ ਸ਼ਹਿਰਾਂ ਦੇ ਵਿੱਚ ਐਮ.ਸੀ ਆਪਣੇ ਆਪਣੇ ਵਾਰਡ ਦੇ ਸਮਰੱਥ ਵਿਅਕਤੀਆਂ ਦੇ ਸਹਿਯੋਗ ਨਾਲ਼ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਅਸਾਨੀ ਨਾਲ਼ ਕਰ ਸਕਦੇ ਹਨ, ਅਤੇ ਇਸੇ ਤਰ੍ਹਾਂ ਸ਼ਹਿਰਾਂ ਦੇ ਵਿੱਚ ਵਾਰਡ ਪੱਧਰ ਤੇ ਕੁੱਝ ਚੋਣਵੇਂ ਵਿਅਕਤੀਆਂ ਨੂੰ ਹੀ ਵਾਰਡ ਤੋਂ ਬਾਹਰ ਜਾਣ ਦੀ ਇਜਾਜ਼ਤ ਹੋਵੇ ਜੋ ਸਿਰਫ਼ ਜ਼ਰੂਰੀ ਸਾਜ਼ੋ-ਸਮਾਨ ਦੀ ਖ਼ਰੀਦ ਕਰਨ ਲਈ ਹੀ ਵਾਰਡ ਤੋਂ ਬਾਹਰ ਜਾਣ। ਉਨ੍ਹਾਂ ਕਿਹਾ ਕਿ ਇਸ ਤਰੀਕੇ ਦੇ ਯਾ ਇਸ ਤੋਂ ਵਧੀਆ ਇੰਤਜ਼ਾਮ ਵਿਆਪਕ ਪੱਧਰ ਤੇ ਪੰਜਾਬ ਭਰ ਵਿੱਚ ਕੀਤੇ ਜਾ ਸਕਦੇ ਹਨ ਜਿਸ ਨਾਲ਼ ਵਾਇਰਸ ਨੂੰ ਫੈਲਣ ਤੋਂ ਕਾਫ਼ੀ ਹੱਦ ਤੱਕ ਮਦਦ ਮਿਲ਼ ਸਕਦੀ ਹੈ।
ਇਸ ਤੋਂ ਇਲਾਵਾਂ ਡੀ.ਐੱਸ.ਪੀ ਸੁਰਜੀਤ ਸਿੰਘ ਧਨੋਆ ਆਪਣੀ ਟੀਮ ਨਾਲ ਲੋੜਵੰਦ ਲੋਕ ਤੱਕ ਸੁੱਕਾ ਰਾਸ਼ਨ ਅਤੇ ਲੰਗਰ ਪਹੁੰਚਾਉਣ ਦਾ ਕੰਮ ਵੀ ਵੱਡੇ ਪੱਧਰ ਤੇ ਕਰ ਰਹੇ ਹਨ
ਖ਼ੈਰ ਡੀ.ਐੱਸ.ਪੀ ਸੁਰਜੀਤ ਸਿੰਘ ਧਨੋਆ ਦੇ ਇਹ ਸੁਝਾਅ ਪ੍ਰਸ਼ਾਸਨ ਅਤੇ ਸੂਝਵਾਨ ਲੋਕਾਂ ਦੀ ਕਚਹਿਰੀ ਵਿੱਚ ਵਿਚਾਰ ਅਧੀਨ ਹਨ ਪਰ ਜਿਸ ਰਫ਼ਤਾਰ ਨਾਲ਼ ਕਰੋਨਾ ਵਾਇਰਸ ਸੰਸਾਰ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ ਉਸ ਤੋਂ ਜਾਪਦਾ ਹੈ ਕਿ ਲੋਕਾਂ ਨੂੰ ਹਰੇਕ ਘਰ ਵਿੱਚੋਂ ਲੋੜ ਮੁਤਾਬਿਕ ਇੱਕ ਜੀਅ ਨੂੰ ਬਾਹਰ ਨਾਂ ਜਾਣਾ ਪਵੇ ਇਸ ਦੇ ਪ੍ਰਬੰਧ ਸਰਕਾਰ ਨੂੰ ਕਰਨੇ ਪੈਣਗੇ।