ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ
ਦੀਦਾਰ ਗੁਰਨਾ/ਜਸਪਾਲ ਨਿੱਝਰ
ਰੂਪਨਗਰ, 2 ਅਪ੍ਰੈਲ 2020 : ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੁਨੀਆ ਭਰ ਦੀਆਂ ਸਰਕਾਰਾਂ ਦਿਨ ਰਾਤ ਕੰਮ ਕਰ ਰਹੀਆਂ ਹਨ। ਪਰ ਭਾਰਤ ਵਰਗੇ ਦੇਸ਼ ਵਿੱਚ ਕਰੋਨਾ ਵਾਇਰਸ ਦੇ ਨਾਲ਼ ਨਾਲ਼ ਸਰਕਾਰ ਦੇ ਸਾਹਮਣੇ ਗ਼ਰੀਬ ਅਤੇ ਮਜ਼ਦੂਰ ਲੋਕਾਂ ਨੂੰ ਭੁੱਖੇ ਢਿੱਡ ਨਾ ਸੌਣਾ ਪਏ ਇਹ ਵੀ ਇੱਕ ਚੁਨੌਤੀ ਬਣੀ ਹੋਈ ਹੈ। ਭਾਰਤ ਅਤੇ ਪੰਜਾਬ ਸਰਕਾਰ ਨੇ ਇਨ੍ਹਾਂ ਲੋਕਾਂ ਦੀ ਮਦਦ ਕਰ ਲਈ ਕਈ ਤਰ੍ਹਾਂ ਦੇ ਐਲਾਨ ਵੀ ਕੀਤੇ ਹੋਏ ਹਨ। ਪਰ ਅਬਾਦੀ ਜ਼ਿਆਦਾ ਹੋਣ ਕਾਰਨ ਸਰਕਾਰ ਦੇ ਇਨ੍ਹਾਂ ਐਲਾਨਾਂ ਨੂੰ ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜ ਦੇ ਮੋਹਤਬਰ ਬੰਦਿਆਂ ਦੇ ਸਹਿਯੋਗ ਦਾ ਆਸਰਾ ਵੀ ਜ਼ਰੂਰੀ ਜਾਪਦਾ ਹੈ ਤਾਂ ਕਿ ਲੋੜਵੰਦ ਲੋਕਾਂ ਤੱਕ ਬਣਦੀ ਸਹਾਇਤਾਾ ਵਧੀਆ ਤਰੀਕੇ ਨਾਲ਼ ਪਹੁੰਚਾਈ ਜਾਵੇ
ਹਲਕਾ ਰੋਪੜ ਦਾ ਹਾਲ ਜਾਣਨ ਲਈ ਬਾਬੂਸ਼ਾਹੀ ਦੇ ਪੱਤਰਕਾਰ ਨੇ ਰੋਪੜ ਦੇ ਹਲਕਾ ਇੰਚਾਰਜ ਅਤੇ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨਾਲ਼ ਫ਼ੋਨ ਤੇ ਗੱਲ ਕੀਤੀ। ਸ਼: ਢਿੱਲੋਂ ਵੀ ਆਪਣੇ ਖੇਤਰ ਦੇ ਵਿੱਚ ਲੋੜਵੰਦ ਲੋਕਾਂ ਤੱਕ ਰਾਸ਼ਨ ਅਤੇ ਹੋਰ ਜ਼ਰੂਰੀ ਚੀਜ਼ਾਂ ਪਹੁੰਚਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।
ਇਹ ਪੁੱਛੇ ਜਾਣ ਤੇ ਕਿ ਕਰੋਨਾ ਵਾਇਰਸ ਨਾਲ਼ ਕੁੱਝ ਡਾਕਟਰ ਅਤੇ ਨਰਸਾਂ ਵੀ ਪ੍ਰਭਾਵਿਤ ਹੋ ਗਏ ਹਨ ਤਾਂ ਅਜਿਹੇ ਹਲਾਤਾ ਵਿੱਚ ਸ: ਢਿੱਲੋਂ ਅਤੇ ਉਨ੍ਹਾਂਂ ਦੀ ਟੀਮ ਰਾਸ਼ਨ ਵੰਡਣ ਸਮੇਂ ਕਿਸ ਕਿਸਮ ਦੇ ਅਹਿਤਿਆਤ ਵਰਤ ਰਹੇ ਹਨ ? ਦੇ ਜਵਾਬ ਵਿੱਚ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਟੀਮ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਪਾਲਣ ਕਰ ਰਹੇ ਹਨ ਅਤੇ ਇਸ ਦੇ ਨਾਲ਼ ਉਨ੍ਹਾਂ ਵੱਲੋਂ ਅਜਿਹੇ ਵਲੰਟੀਅਰਜ਼ ਦੀ ਟੀਮ ਤਿਆਰ ਕੀਤੀ ਹੋਈ ਹੈ ਜੋ ਆਪਣੇ ਆਪਣੇ ਖੇਤਰ ਵਿੱਚ ਵਲੰਟੀਅਰ ਵੰਡਣ ਦੀ ਜੁੰਮੇਵਾਰੀ ਸੰਭਾਲ ਰਹੇ ਹਨ।
ਜਦੋਂ ਇਹ ਪੁੱਛਿਆ ਗਿਆ ਕਿ ਪੰਜਾਬ ਪੁਲਿਸ ਵੱਲੋਂ ਕਰਫ਼ਿਊ ਨੂੰ ਲਾਗੂ ਕਰਨ ਲਈ ਜੋ ਸਖ਼ਤੀ ਵਰਤੀ ਸੀ, ਪੁਲਿਸ ਨੂੰ ਇਸ ਲਈ ਅਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਸੀ ? ਸ਼: ਢਿੱਲੋਂ ਨੇ ਕਿਹਾ ਕਿਹਾ ਕਿ ਜੇਕਰ ਇੱਕ ਪਾਸੇ ਪੁਲਿਸ ਨੇ ਕੁੱਝ ਥਾਵਾਂ ਤੇ ਕੁੱਝ ਲੋਕਾਂ ਨਾਲ਼ ਸਖ਼ਤ ਰੁੱਖ ਅਪਣਾਇਆ ਤਾਂ ਦੂਸਰੇ ਪਾਸੇ ਪੁਲਿਸ ਨੇ ਇਸ ਤਰ੍ਹਾਂ ਕਰਕੇ ਕਰੋੜਾਂ ਲੋਕਾਂ ਨੂੰ ਕਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਹੈ।
ਸ: ਢਿੱਲੋਂ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਮਦਦ ਸਿਰਫ਼਼ ਕਾਂਗਰਸੀ ਸਮਰਥਕਾਂ ਲਈ ਹੈ ? ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਸਿਆਸਤ ਕਰਨਾ ਇੱਕ ਸ਼ਰਮਨਾਕ ਗੱਲ ਹੈ ਇਸ ਲਈ ਉਹ ਅਤੇ ਉਨ੍ਹਾਂ ਦੀ ਟੀਮ ਵੱਲੋਂ ਬਿਨਾ ਕਿਸੇ ਰਾਜਨੀਤਕ ਅਤੇ ਸਮਾਜਿਕ ਭੇਦਭਾਵ ਦੇ ਹਰੇਕ ਲੋੜਵੰਦ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।