ਆਪਣੀ ਟੀਮ ਨਾਲ ਲੋੜਵੰਦਾਂ ਨੂੰ ਲੰਗਰ ਅਤੇ ਸੁੱਕਾ ਰਾਸ਼ਨ ਵੰਡਦੇ ਸ ਕੁਲਦੀਪ ਸਿੰਘ ਵੈਦ
ਦੀਦਾਰ ਗੁਰਨਾ/ਜਸਪਾਲ ਨਿੱਝਰ
ਗਿੱਲ, ਲੁਧਿਆਣਾ 6 ਅਪ੍ਰੈਲ 2020: ਕਰੋਨਾ ਵਾਇਰਸ ਦੇ ਖ਼ਿਲਾਫ਼ ਜਾਰੀ ਜੰਗ ਨੂੰ ਫ਼ਤਿਹ ਕਰਨ ਲਈ ਦੁਨੀਆ ਭਰ ਦੀਆਂ ਸਰਕਾਰਾਂ ਆਪਣੇ ਸਾਰੇ ਸਾਧਨ ਵਰਤ ਕੇ ਦਿਨ ਰਾਤ ਕੰਮ ਕਰ ਰਹੀਆਂ ਹਨ ਉੱਥੇ ਹੀ ਪੰਜਾਬ ਸਰਕਾਰ ਭਾਵੇਂ ਕਿ ਆਰਥਿਕ ਤੰਗੀ ਨਾਲ਼ ਜੂਝ ਰਹੀ ਹੈ ਪਰ ਫਿਰ ਵੀ ਆਪਣੀ ਅਵਾਮ ਨੂੰ ਇਸ ਵਾਇਰਸ ਤੋਂ ਮਹਿਫ਼ੂਜ਼ ਰੱਖਣ ਲਈ ਕੋਈ ਕਸਰ ਬਾਕੀ ਛੱਡਣ ਦੇ ਮੂੜ੍ਹ ਵਿੱਚ ਨਹੀਂ ਲੱਗ ਰਹੀ। ਪੰਜਾਬ ਸਰਕਾਰ ਦੇ ਕੁੱਝ ਐਮ.ਐਲ.ਏ ਵੀ ਇਸ ਦੁੱਖ ਦੀ ਘੜੀ ਵਿੱਚ ਬੇਚੈਨੀ ਮਹਿਸੂਸ ਕਰਦਿਆਂ ਹੋਇਆਂ ਆਪਣੇ ਹਲਕੇ ਦੇ ਲੋਕਾਂ ਨੂੰ ਉਨ੍ਹਾਂ ਦੇ ਹਾਲ ਤੇ ਛੱਡ ਕੇ ਚੈਨ ਦੀ ਨੀਂਦ ਸੌਣ ਨੂੰ ਤਿਆਰ ਨਹੀਂ ਜਾਪ ਰਹੇ।
ਅਜਿਹੇ ਹੀ ਇੱਕ ਸਖਸ਼ ਕੁਲਦੀਪ ਸਿੰਘ ਵੈਦ ਜੋ ਕਿ ਇੱਕ ਸਾਬਕਾ ਆਈ ,ਏ ,ਐਸ ਅਧਿਕਾਰੀ ਅਤੇ ਕਾਂਗਰਸ ਪਾਰਟੀ ਵੱਲੋਂ ਹਲਕਾ ਗਿੱਲ, ਲੁਧਿਆਣਾ ਤੋਂ ਮੌਜੂਦਾ ਐਮ.ਐਲ.ਏ ਹਨ। ਬਾਬੂਸ਼ਾਹੀ ਨਾਲ਼ ਫ਼ੋਨ ਤੇ ਗੱਲ ਕਰਦਿਆਂ ਕੁਲਦੀਪ ਵੈਦ ਨੇ ਦੱਸਿਆ ਕਿ ਉਹ ਆਪਣੇ ਬੇਟੇ ਅਤੇ ਹੋਰ ਸਾਥੀਆਂ ਤੇ ਪੁਲਿਸ ਦੇ ਸਹਿਯੋਗ ਨਾਲ਼ ਰੋਜ਼ਾਨਾ ਤਕਰੀਬਨ 10 ਪਿੰਡਾਂ ਦਾ ਦੌਰਾ ਕਰ ਕੇ ਲੋੜ ਮੁਤਾਬਿਕ ਲੰਗਰ ਅਤੇ ਸੁੱਕਾ ਰਾਸ਼ਨ ਮੁਹੱਈਆ ਕਰਵਾ ਰਹੇ ਹਨ।
ਵੈਦ ਨੇ ਕਿਹਾ ਕਿ ਭਾਵੇਂ ਕਿ ਹਲਾਤ ਬਹੁਤ ਨਾਜ਼ੁਕ ਹਨ ਲੋਕਾਂ ਸਾਹਮਣੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆ ਸਕਦੀਆਂ ਹਨ ਪਰ ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਕਰਫ਼ਿਊ ਕਾਰਨ ਲੋਕ ਭੋਜਨ ਦੀ ਕਮੀ ਹੋਣ ਤੋਂ ਡਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਯਕੀਨੀ ਬਣਾ ਰਹੇ ਹਨ ਕਿ ਉਨ੍ਹਾਂ ਦੇ ਹਲਕੇ ਵਿੱਚ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ ਚਾਹੇ ਉਹ ਕਿਸੇ ਵੀ ਪਾਰਟੀ ਯਾ ਫ਼ਿਰਕੇ ਨਾਲ਼ ਸਬੰਧ ਕਿਉਂ ਨਾ ਰੱਖਦਾ ਹੋਵੇ।
ਐਮਰਜੈਂਸੀ ਮੈਡੀਕਲ ਸਹੂਲਤਾਂ ਬਾਰੇ ਪੁੱਛੇ ਜਾਣ ਤੇ ਕਿ ਕੁੱਝ ਅਫ਼ਵਾਹਾਂ ਫੈਲ ਰਹੀਆਂ ਨੇ ਕਿ ਲੁਧਿਆਣਾ ਦੇ ਵਿੱਚ ਵੈਂਟੀਲੇਟਰ ਜਾਂ ਹੋਰ ਜ਼ਰੂਰੀ ਸਾਧਨਾ ਦੀ ਕਮੀ ਹੈ ? ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਫ਼ਵਾਹਾਂ ਦਾ ਕੋਈ ਅਧਾਰ ਨਹੀਂ ਹੁੰਦਾ, ਉਨ੍ਹਾਂ ਅੱਗੇ ਕਿਹਾ ਕਿ ਉਹ ਲਗਾਤਾਰ ਸਿਵਲ ਸਰਜਨ ਦੇ ਸੰਪਰਕ ਵਿੱਚ ਹਨ ਅਤੇ ਲੁਧਿਆਣਾ ਵਿੱਚ ਵੈਂਟੀਲੇਟਰਜ਼ ਜਾਂ ਹੋਰ ਜ਼ਰੂਰੀ ਸਾਧਨਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਇੱਕ ਉਮੀਦ ਲਾਈ ਜਾ ਰਹੀ ਸੀ ਕਿ 7-8 ਅਪ੍ਰੈਲ ਤੱਕ ਕਰੋਨਾਂ ਵਾਇਰਸ ਨਾਲ਼ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਕਾਬੂ ਵਿੱਚ ਆ ਸਕਦੀ ਹੈ ਪਰ ਇਸ ਤਰ੍ਹਾਂ ਨਹੀਂ ਹੋਇਆ ਇਹ ਗੱਲ ਜ਼ਰੂਰ ਕੁੱਝ ਹੱਦ ਤੱਕ ਚਿੰਤਾ ਦਾ ਵਿਸ਼ਾ ਹੋ ਸਕਦੀ ਹੈ ਪਰ ਫਿਰ ਵੀ ਪੰਜਾਬ ਸਰਕਾਰ ਅਤੇ ਲੁਧਿਆਣਾ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਲਈ ਪੂਰੀ ਤਰ੍ਹਾਂ ਨਾਲ਼ ਤਿਆਰ ਹੈ।
ਪੰਜਾਬ ਪੁਲਿਸ ਵੱਲੋਂ ਕਰਫ਼ਿਊ ਨੂੰ ਲਾਗੂ ਕਰਨ ਲਈ ਕੀਤੀ ਸਖ਼ਤੀ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਕਰਫ਼ਿਊ ਨੂੰ ਹਰ ਹੀਲੇ ਲਾਗੂ ਕਰਨਾ ਬਹੁਤ ਜ਼ਰੂਰੀ ਸੀ। ਪਰ ਪੁਲਿਸ ਵੱਲੋਂ ਕਈ ਥਾਵਾਂ ਤੇ ਸਖ਼ਤੀ ਕਰਨ ਸਮੇਂ ਕੁਤਾਹੀ ਵੀ ਹੋਈ ਹੈ ਜਿਸ ਨਾਲ਼ ਉਹ ਸਹਿਮਤ ਨਹੀਂ ਹਨ।
ਪੰਜਾਬ ਅਤੇ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮੁਸੀਬਤ ਦੀ ਘੜੀ ਹੈ ਅਤੇ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਰਫ਼ਿਊ ਲਗਾਉਣ ਨਾਲ਼ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਅਤੇ ਉਹ ਲੋਕਾਂ ਦਾ ਦੁੱਖ ਸਮਝ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਸਮਾਂ ਸ਼ਿਕਾਇਤਾਂ ਕਰਨ ਦਾ ਨਹੀਂ ਹੈ ਸਗੋਂ ਇੱਕ ਦੂਸਰੇ ਦੀ ਬਾਂਹ ਫੜਨ ਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਭੋਜਨ ਦੀ ਫ਼ਿਕਰ ਨਹੀਂ ਕਰਨੀ ਚਾਹੀਦੀ ਹਰ ਲੋੜਵੰਦ ਤੱਕ ਲੋੜ ਮੁਤਾਬਿਕ ਭੋਜਨ ਪਹੁੰਚਾਇਆ ਜਾ ਰਿਹਾ ਹੈ ਅਤੇ ਇਹ ਸੇਵਾ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕਰੋਨਾ ਖ਼ਿਲਾਫ਼ ਵਿੱਢੀ ਜੰਗ ਜਿੱਤੀ ਨਹੀਂ ਜਾਂਦੀ। ਲੋਕਾਂ ਨੂੰ ਸਰਕਾਰ ਦਾ ਸਾਥ ਦੇਣ ਲਈ ਕਾਨੂੰਨ ਦਾ ਪਾਲਣ ਕਰਦਿਆ ਹੋਇਆਂ ਆਪਣੇ ਘਰਾਂ ਅੰਦਰ ਰਹਿ ਕੇ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਵਿੱਚ ਆਪਣਾ ਸਹਿਯੋਗ ਕਰਨਾ ਚਾਹੀਦਾ ਹੈ।