ਜਗਦੀਸ਼ ਥਿੰਦ
ਫਾਜ਼ਿਲਕਾ, 8 ਅਪ੍ਰੈਲ:
ਪੰਜਾਬ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਦੀ ਪਾਲਣਾ ਵਿੱਚ ਜ਼ਿਲੇ੍ਹ ਅੰਦਰ ਤਾਲਾਬੰਦੀ ਅਤੇ ਕਰਫਿਊ 14 ਅਪ੍ਰੈਲ ਤੱਕ ਵਾਧਾ ਕੀਤਾ ਗਿਆ ਹੈ ਤਾਂ ਜੋ ਆਮ ਜਨਤਾ ਨੂੰ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਇਆ ਜਾ ਸਕੇ। ਇਸ ਸਬੰਧੀ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਫ਼ਾਜ਼ਿਲਕਾ ਵਿਚ ਹਾੜੀ ਦੇ ਸੀਜਨ ਦੌਰਾਨ ਖੇਤੀਬਾੜੀ ਦੇ ਕੰਮਾਂ ਲਈ ਕੁਝ ਜ਼ਰੂਰੀ ਛੋਟ ਖੇਤੀਬਾੜੀ ਦੇ ਵੇਰਵੇ ਅਤੇ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਹਨ।
ਸ. ਸੰਧੂ ਨੇ ਹੁਕਮ ’ਚ ਦੱਸਿਆ ਕਿ ਕਿਸਾਨਾਂ ਵੱਲੋਂ ਕਣਕ ਦੀ ਫ਼ਸਲ ਦੀ ਕਟਾਈ ਅਤੇ ਵੱਖ-ਵੱਖ ਖੇਤੀ ਕਾਰਜਾਂ ਲਈ ਖੇਤ ਮਜਦੂਰਾਂ ਨੂੰ ਸਵੇਰੇ 6 ਵਜੇ ਤੋਂ 9 ਵਜੇ ਤੱਕ ਖੇਤਾਂ ਵਿੱਚ ਜਾਣ ਅਤੇ ਸ਼ਾਮ 7 ਤੋਂ ਰਾਤ 8 ਵਜੇ ਤੱਕ ਵਾਪਸ ਆਉਣ ਦੀ ਛੋਟ ਹੋਵੇਗੀ। ਉਨ੍ਹਾਂ ਹਦਾਇਤ ਕੀਤੀ ਕਿ ਕਿਸਾਨ ਸਵੇਰੇ 9 ਤੋਂ ਸ਼ਾਮ 7 ਵਜੇ ਤੱਕ ਆਪਣੇ ਖੇਤਾਂ ਵਿੱਚ ਹੀ ਰਹਿਣਗੇ ਅਤੇ ਆਪਣੀ ਖੇਤੀ ਨਾਲ ਸਬੰਧਤ ਕਾਰਜ ਕਰਨਗੇ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਕਿਸਾਨਾਂ ਦੀ ਨਹਿਰੀ ਪਾਣੀ ਦੀ ਵਾਰੀ ਹੋਵੇਗੀ ਉਨ੍ਹਾਂ ਨੂੰ ਆਪਣੇ ਖੇਤਾਂ ਵਿੱਚ ਪਾਣੀ ਲਾਉਣ ਸਬੰਧੀ ਕੋਈ ਰੁਕਾਵਟ ਨਹੀਂ ਹੋਵੇਗੀ, ਪਰ ਉਹ ਵੀ ਆਪਣੇ ਖੇਤ ਆਉਣ-ਜਾਣ ਵਾਸਤੇ ਦਿੱਤੇ ਸਮੇਂ ਮੁਤਾਬਕ ਪਾਬੰਦ ਹੋਣਗੇ।
ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਫ਼ਸਲ ਦੀ ਕਟਾਈ, ਬਿਜਾਈ ਅਤੇ ਢੋਆ-ਢੁਆਈ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਟਰੈਕਟਰ, ਟਰਾਲੀ ਕੰਬਾਇਨ ਆਦਿ ਦੀ ਆਵਾਜਾਈ ’ਤੇ ਛੋਟ ਹੋਵੇਗੀ, ਪ੍ਰੰਤੂ ਕੰਬਾਇਨ ਦਾ ਖੇਤਾਂ ਵਿੱਚ ਚੱਲਣ ਦਾ ਸਮਾਂ ਸਵੇਰੇ 6 ਤੋਂ ਸ਼ਾਮ 7 ਵਜੇ ਤੱਕ ਦਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਸਬੰਧਤ ਮਸ਼ੀਨਰੀ ’ਤੇ 4 ਤੋਂ ਵੱਧ ਵਿਅਕਤੀ ਨਹੀਂ ਹੋਣੇ ਚਾਹੀਦੇ ਅਤੇ ਆਪਸ ਵਿੱਚ ਸਮਾਜਿਕ ਦੂਰੀ 1 ਮੀਟਰ ਦੀ ਬਣਾ ਕੇ ਰੱਖਣਗੇ।
ਉਨ੍ਹਾਂ ਦੱਸਿਆ ਕਿ ਖੇਤੀਬਾੜੀ ਮਸ਼ੀਨਰੀ ਦੀ ਰਿਪੇਅਰ ਅਤੇ ਸਪੇਅਰ ਪਾਰਟਸ ਨਾਲ ਸਬੰਧਤ ਦੁਕਾਨਾ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਛੋਟ ਹੋਵੇਗੀ। ਉਨ੍ਹਾਂ ਅੱਗੇ ਕਿਹਾ ਸਬੰਧਤ ਜਿੰਮੀਦਾਰ ਆਪਣੇ ਮਕੈਨਿਕ/ਸਪੇਅਰ ਪਾਰਟਸ ਦੁਕਾਨਕਾਰ ਨਾਲ ਰਾਬਤਾ ਕਰਕੇ ਖੇਤੀਬਾੜੀ ਮਸ਼ੀਨਰੀ ਦੀ ਮੁਰੰਮਤ ਕਰਵਾਉਣਗੇ ਅਤੇ ਦੁਕਾਨਦਾਰ ਵੀ ਲੋੜ ਅਨੁਸਾਰ ਦੁਕਾਨ ਖੋਲ੍ਹਣਗੇ। ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ਵਾਲੀਆਂ ਦੁਕਾਨਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਦੀ ਛੋਟ ਹੋਵੇਗੀ, ਗ੍ਰਾਹਕਾਂ ਨੂੰ ਸਪਲਾਈ ਹਰੇਕ ਦੁਕਾਨਦਾਰ ਵੱਲੋਂ ਘਰਾਂ ਵਿੱਚ ਹੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਤੂੜੀ ਬਣਾਉਣ ਲਈ ਰੀਪਰ 1 ਮਈ ਤੋਂ ਚਲਾਏ ਜਾਣ ਤਾਂ ਜੋ ਕਣਕ ਦੀ ਫਸਲ ਦੇ ਨਾੜ ਨੂੰ ਅੱਗ ਲਗਾਉਣ ਤੋਂ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਕੋਈ ਵੀ ਜਿੰਮੀਦਾਰ ਕਣਕ ਦੇ ਨਾੜ ਨੂੰ ਅੱਗ ਨਹੀਂ ਲਗਾਏਗਾ। ਉਨ੍ਹਾਂ ਹਦਾਇਤ ਕੀਤੀ ਕਿ ਇਸ ਕੰਮ ਸਮੇਂ ਮੌਜੂਦ ਵਿਅਕਤੀ ਆਪਸ ਵਿੱਚ ਸਮਾਜਿਕ ਦੂਰੀ 1 ਮੀਟਰ ਦੀ ਬਣਾ ਕੇ ਰੱਖਣਗੇ। ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਜ਼ਿਲੇ੍ਹ ਵਿੱਚ ਹਾੜੀ ਦੇ ਸੀਜਨ ਦੌਰਾਨ ਜਿੰਮੀਦਾਰਾਂ ਵੱਲੋਂ ਹਾੜੀ ਦੀ ਫਸਲ ਆੜਤੀਆਂ ਨੂੰ ਦਿੱਤੀ ਜਾਵੇਗੀ, ਉਸ ਸਬੰਧੀ ਫਾਰਮ ਜੇ, ਆੜਤੀਆਂ ਵੱਲੋਂ ਜਿੰਮੀਦਾਰਾਂ ਨੂੰ ਸਪਲਾਈ ਕੀਤੇ ਜਾਣੇ ਹਨ, ਜਿੰਨ੍ਹਾਂ ਦੀ ਪਿ੍ਰੰਟਿੰਗ ਕਰਵਾਈ ਜਾਣੀ ਜ਼ਰੂਰੀ ਹੈ। ਇਸ ਮੰਤਵ ਲਈ ਜ਼ਿਲ੍ਹਾ ਫ਼ਾਜਿਲਕਾ ਵਿਚ ਸਥਾਪਿਤ ਪਿ੍ਰੰਟਿੰਗ ਪ੍ਰੈਸਾਂ ਨੂੰ ਵਿਸ਼ੇਸ਼ ਤੌਰ ’ਤੇ ਖੇਤੀਬਾੜੀ ਦੇ ਕੰਮਾਂ ਵਾਸਤੇ ਖੋਲਣ ਲਈ ਅਗਲੇ ਹੁਕਮਾਂ ਤੱਕ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਦੀ ਢਿੱਲ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਿ੍ਰੰਟਿੰਗ ਪ੍ਰੈਸ ਦੇ ਮਾਲਕ ਇਹ ਯਕੀਨੀ ਬਣਾਉਣਗੇ ਕਿ ਉਹ ਆਪਣੀ ਪਿ੍ਰੰਟਿੰਗ ਪ੍ਰੈਸ ’ਤੇ ਤਿੰਨ ਵਿਅਕਤੀਆਂ ਤੋਂ ਵੱਧ ਨਹੀਂ ਰੱਖਣਗੇ ਅਤੇ ਆਪਸ ਵਿੱਚ ਸਮਾਜਿਕ ਦੂਰੀ ਇਕ ਮੀਟਰ ਦੀ ਬਣਾਈ ਰੱਖਣਗੇ। ਪਿ੍ਰੰਟਿੰਗ ਪ੍ਰੈਸ ਵਿਚ ਕੰਮ ਕਰਨ ਵਾਲੇ ਸਾਰੇ ਵਿਅਕਤੀ ਆਪਣੇ ਮੂੰਹ ’ਤੇ ਮਾਸਕ ਪਾਉਣਗੇ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰਨੀ ਯਕੀਨੀ ਬਣਾਉਣਗੇ।
ਉਨ੍ਹਾਂ ਕਿਹਾ ਕਿ ਸਮੂਹ ਕਿਸਾਨਾਂ/ਖੇਤ ਮਜਦੂਰਾਂ ਵੱਲੋਂ ਜੇਕਰ ਖੇਤਾਂ ਵਿੱਚ ਹੱਥੀ ਕਟਾਈ/ਬਿਜਾਈ ਆਦਿ ਦਾ ਕੋਈ ਕੰਮ ਕੀਤਾ ਜਾਵੇਗਾ ਤਾਂ ਉਸ ਸਮੇਂ 10 ਤੋਂ ਵੱਧ ਵਿਅਕਤੀ ਮੌਜੂਦ ਨਹੀਂ ਹੋਣਗੇ। ਮੂੰਹ ’ਤੇ ਮਾਸਕ ਪਾਉਣਗੇ, ਹੱਥਾਂ ਦੀ ਸਾਫ-ਸਫਾਈ ਰੱਖਣਗੇ, ਸੈਨੇਟਾਈਜਰ ਦੀ ਵਰਤੋਂ ਕਰਨਗੇ ਅਤੇ ਆਪਸ ਵਿਚ ਸਮਾਜਿਕ ਦੂਰੀ ਇਕ ਮੀਟਰ ਦੀ ਬਣਾ ਕੇ ਰੱਖਣਗੇ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਦੇ ਕੰਮਾਂ ਲਈ ਸਬੰਧਤਾਂ ਨੂੰ ਕਰਫਿਊ/ਤਾਲਾਬੰਦੀ ਦੌਰਾਨ ਲੋੜ ਅਨੁਸਾਰ ਪਾਸ ਜਾਰੀ ਕਰਨ ਦਾ ਅਧਿਕਾਰੀ ਮੁੱਖ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਨੁੰ ਦਿੱਤਾ ਜਾਂਦਾ ਹੈ ਜੇਕਰ ਇਸ ਮੰਤਵ ਲਈ ਗਲਤ ਪਾਸ ਜਾਰੀ ਕੀਤਾ ਜਾਂਦਾ ਹੈ ਤਾਂ ਸਬੰਧਤ ਦੇ ਖਿਲਾਫ ਅਨੁਸ਼ਾਸਨਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਸੀਨੀਅਰ ਪੁਲਿਸ ਕਪਤਾਨ ਫਾਜਿਲਕਾ, ਸਮੂਹ ਉਪ ਮੰਡਲ ਮੈਜਿਸਟਰੇਟ ਜ਼ਿਲ੍ਹਾ ਫ਼ਾਜ਼ਿਲਕਾ, ਮੁੱਖ ਖੇਤੀਬਾੜੀ ਅਫਸਰ ਫ਼ਾਜ਼ਿਲਕਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਫਾਜ਼ਿਲਕਾ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਵਾਉਣਾ ਯਕੀਨੀ ਬਣਾਉਣਗੇ।