ਐੱਸ.ਐੱਚ.ਓ ਮਨਪ੍ਰੀਤ ਦਿਉਲ
ਦੀਦਾਰ ਗੁਰਨਾ/ਜਸਪਾਲ ਨਿੱਝਰ
ਬੱਸੀ ਪਠਾਣਾ 8 ਅਪ੍ਰੈਲ : ਕੋਵਿਡ 19 ਨੇ ਦੁਨੀਆ ਦੇ ਤਾਕਤਵਰ ਦੇਸ਼ਾਂ ਨੂੰ ਵੀ ਬੇਵੱਸ ਜਿਹਾ ਬਣਾ ਦਿੱਤਾ ਹੈ ਹਜ਼ਾਰਾਂ ਲੋਕਾਂ ਦੀ ਜਾਨ ਜਾ ਚੱਕੀ ਹੈ ਅਤੇ ਲੱਖਾਂ ਲੋਕ ਇਸ ਵਾਇਰਸ ਨਾਲ਼ ਬਿਮਾਰ ਹੋ ਚੁੱਕੇ ਨੇ। ਸਾਰੀ ਦੁਨੀਆ ਇਸ ਵਾਇਰਸ ਤੋਂ ਬਚਾਅ ਦੇ ਰਾਹ ਲੱਭ ਰਹੀ ਹੈ। ਸੰਸਾਰ ਭਰ ਵਿੱਚ ਲਾਕਡਾਊਨ ਦਾ ਇੱਕ ਸਾਂਝਾ ਰਾਹ ਵੀ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਕਈ ਅਪਣਾਇਆ ਗਿਆ ਹੈ। ਲਾਕਡਾਊਨ ਨੇ ਤਕਰੀਬਨ ਹਰੇਕ ਇਨਸਾਨ ਦੀ ਜ਼ਿੰਦਗੀ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ਼ ਪ੍ਰਭਾਵਿਤ ਕੀਤਾ ਹੈ।
ਲਾਕਡਾਊਨ ਦਾ ਸਭ ਤੋਂ ਵੱਧ ਮਾਰੂ ਅਸਰ ਗ਼ਰੀਬ ਲੋਕਾਂ ਉੱਤੇ ਪਿਆ ਹੈ। ਭਾਰਤ ਵਰਗੇ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਲੋਕ, ਰੋਜ਼ਾਨਾ ਮਿਹਨਤ ਮਜ਼ਦੂਰੀ ਕਰ ਕੇ ਖਾਂਦੇ ਹਨ। ਉਹਨਾਂ ਨੂੰ ਦੋ ਵਕਤ ਦੇ ਖਾਣੇ ਦੀ ਚਿੰਤਾ ਸਭ ਤੋਂ ਵੱਧ ਸਤਾ ਰਹੀ ਹੈ !
ਪੰਜਾਬ ਪੁਲਿਸ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ ਪੰਜਾਬ ਪੁਲਿਸ ਦਾ ਚੰਗਾ ਪੱਖ ਇਹ ਵੀ ਹੈ ਕਿ ਕਰਫ਼ਿਊ ਦੌਰਾਨ ਘਰਾਂ ਅੰਦਰ ਡੱਕੇ ਲੋਕਾਂ ਤੱਕ ਹਰ ਜ਼ਰੂਰੀ ਚੀਜ਼ ਨੂੰ ਪੁੱਜਦਾ ਕਰਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਕਰਫ਼ਿਊ ਦੀ ਉਲੰਘਣਾ ਨਾ ਹੋਵੇ ਅਤੇ ਲੋਕਾਂ ਤੱਕ ਹਰ ਜ਼ਰੂਰੀ ਚੀਜ਼ ਨਿਰਵਿਘਨ ਪਹੁੰਚਦੀ ਰਹੇ ਇਸ ਕੰਮ ਨੂੰ ਐੱਸ.ਐੱਚ.ਓ ਮਨਪ੍ਰੀਤ ਸਿੰਘ ਦਿਉਲ ਵੀ ਸੁਚੱਜੇ ਢੰਗ ਨਾਲ਼ ਕਰ ਰਹੇ ਨੇ। ਐੱਸ.ਐੱਚ.ਓ ਮਨਪ੍ਰੀਤ ਸਿੰਘ ਦਿਉਲ ਥਾਣਾ ਬੱਸੀ ਪਠਾਣਾ ਦੇ ਇੰਚਾਰਜ ਹਨ ਜੋ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿੱਚ ਹੈ।
ਮਨਪ੍ਰੀਤ ਸਿੰਘ ਦਿਉਲ ਨੇ ਬਾਬੂਸ਼ਾਹੀ ਦੇ ਪੱਤਰਕਾਰ ਨਾਲ਼ ਫ਼ੋਨ ਤੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਅਧੀਨ ਤਕਰੀਬਨ 60 ਪਿੰਡ ਅਤੇ ਸ਼ਹਿਰ ਦੇ 15 ਵਾਰਡ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਸਾਰੇ ਇਲਾਕੇ ਵਿੱਚ ਪੂਰੀ ਤਰ੍ਹਾਂ ਲਾਕਡਾਊਨ ਕਰਵਾਇਆ ਹੋਇਆ ਹੈ। ਜਿਸ ਦੀ ਨਿਗਰਾਨੀ ਡਰੋਨ ਨਾਲ਼ ਕੀਤੀ ਜਾ ਰਹੀ ਹੈ। ਸ਼ਹਿਰ ਵਿੱਚ ਆਉਣ ਵਾਲੀਆਂ ਮੁੱਖ ਸੜਕਾਂ ਤੇ ਨਾਕੇ ਲੱਗੇ ਹਨ ਅਤੇ ਪੁਲਿਸ 24 ਘੰਟੇ ਪੂਰੀ ਚੌਕਸੀ ਨਾਲ਼ ਡਿਊਟੀ ਕਰ ਰਹੀ ਹੈ।
ਇਹ ਪੁੱਛੇ ਜਾਣ ਤੇ ਕਿ ਐਮਰਜੈਂਸੀ ਸੇਵਾਵਾਂ ਅਤੇ ਲੋੜਵੰਦ ਲੋਕਾਂ ਤੱਕ ਭੋਜਨ ਕਿਵੇਂ ਪਹੁੰਚਾਇਆ ਜਾ ਰਿਹਾ ਹੈ ? ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੁਲਿਸ ਨੇ ਇਹ ਯਕੀਨੀ ਬਣਾਇਆ ਹੋਇਆ ਹੈ ਕਿ ਕੋਈ ਵੀ ਵਿਅਕਤੀ ਭੋਜਨ ਤੋਂ ਬਿਨਾ ਰਹਿਣ ਲਈ ਮਜਬੂਰ ਨਾ ਹੋਵੇ ਇਸ ਲਈ ਰੋਜ਼ਾਨਾ ਲੰਗਰ ਦੇ ਨਾਲ਼ ਨਾਲ਼ ਸੁੱਕਾ ਰਾਸ਼ਨ ਵੀ ਵੰਡਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਲੋੜ ਪੈਣ ਤੇ ਕੋਈ ਵੀ ਵਿਅਕਤੀ ਐਮਰਜੈਂਸੀ ਨੰਬਰ ਜਾਂ ਥਾਣੇ ਦੇ ਨੰਬਰ ਤੇ ਵੀ ਕਾਲ ਕਰਕੇ ਆਪਣੀਆਂ ਸਮੱਸਿਆਵਾਂ ਦੱਸ ਰਹੇ ਹਨ ਜਿਨ੍ਹਾਂ ਦਾ ਸਹੀ ਟਾਈਮ ਤੇ ਹੱਲ ਕੀਤਾ ਜਾ ਰਿਹਾ ਹੈ। ਲੋੜ ਪੈਣ ਤੇ ਪੁਲਿਸ ਮੁਲਾਜ਼ਮ ਦਵਾਈਆਂ, ਰਾਸ਼ਨ ਗੈਸ ਸਲੰਡਰ ਜਾਂ ਹੋਰ ਜ਼ਰੂਰੀ ਚੀਜ਼ਾਂ ਦੀ ਡਿਲਿਵਰੀ ਦੇਣ ਲਈ ਵੀ ਭੇਜੇ ਜਾਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਹਨਾ ਲਗਾਤਾਰ ਇਲਾਕੇ ਦੇ ਜਿੰਮੇਵਾਰ ਲੋਕਾਂ ਨਾਲ ਸੰਪਰਕ ਬਣਾਇਆ ਹੋਇਆ ਹੈ ਤਾਂ ਕਿ ਅਜਿਹੇ ਔਖੇ ਸਮੇਂ ਵਿੱਚ ਕਿਸੇ ਵੀ ਕਿਸਮ ਦੀ ਸਹਾਇਤਾ ਨੂੰ ਜਲਦੀ ਅਤੇ ਅਸਾਨੀ ਨਾਲ਼ ਲੋਕਾਂ ਤੱਕ ਪਹੁੰਚਾਇਆ ਜਾ ਸਕੇ।
ਇਹ ਪੁੱਛੇ ਜਾਣ ਤੇ ਕਿ ਡਿਊਟੀ ਦੌਰਾਨ ਕਿਸ ਕਿਸਮ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਲੋਕ ਕਾਫ਼ੀ ਘਬਰਾਏ ਹੋਏ ਹਨ? ਜਵਾਬ ਦੇਂਦੇ ਹੋਏ ਉਨ੍ਹਾਂ ਕਿਹਾ ਕਿ ਸ਼ੁਰੂ ਵਿੱਚ ਜ਼ਰੂਰ ਕੁੱਝ ਮੁਸ਼ਕਲਾਂ ਸਾਹਮਣੇ ਆਈਆਂ ਸਨ ਅਤੇ ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ 10 ਲੋਕਾਂ ਦੇ ਖ਼ਿਲਾਫ਼ ਐੱਫ.ਆਈ.ਆਰ ਵੀ ਦਰਜ਼ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਹੁਣ ਕਾਫ਼ੀ ਹੱਦ ਤੱਕ ਸਮਝ ਚੁੱਕੇ ਹਨ ਅਤੇ ਪੁਲਿਸ ਦਾ ਸਾਥ ਦੇ ਰਹੇ ਹਨ ਜਿਸ ਕਰਕੇ ਇਲਾਕੇ ਵਿੱਚ ਸ਼ਾਂਤੀ ਬਣੀ ਹੋਈ ਹੈ। ਲੋਕਾਂ ਦੇ ਸਹਿਯੋਗ ਨਾਲ਼ ਪਿੰਡਾਂ ਵਿੱਚ ਪਹਿਰੇ ਵੀ ਦਿੱਤੇ ਜਾ ਰਹੇ ਹਨ।
ਲੋਕਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮੁਸੀਬਤ ਦੀ ਘੜੀ ਹੈ ਇਸ ਵਾਇਰਸ ਦੇ ਖ਼ਿਲਾਫ਼ ਵਿੱਢੀ ਹੋਈ ਜੰਗ ਨੂੰ ਜਿੱਤਣ ਲਈ ਸਾਨੂੰ ਸਾਰਿਆਂ ਨੂੰ ਸਹਿਜ ਅਤੇ ਸਿਆਣਪ ਨਾਲ਼ ਇੱਕ ਦੂਸਰੇ ਦਾ ਸਾਥ ਦੇਣਾ ਚਾਹੀਦਾ ਅਤੇ ਪ੍ਰਸ਼ਾਸਨ ਅਤੇ ਪੁਲਿਸ ਤੇ ਭਰੋਸਾ ਰੱਖ ਕੇ ਕਰਫ਼ਿਊ ਦੀ ਪਾਲਣਾ ਕਰਦੇ ਹੋਏ ਘਰਾਂ ਵਿੱਚ ਰਹਿਣਾ ਚਾਹੀਦਾ ਹੈ। ਲੋੜ ਪੈਣ ਤੇ ਲੋਕਾਂ ਦੀ ਹਰ ਸੰਭਵ ਸਹਾਇਤਾ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
ਆਪਣੀ ਟੀਮ ਨਾਲ ਲੰਗਰ ਵੰਡਦੇ ਐੱਸ.ਐੱਚ.ਓ ਮਨਪ੍ਰੀਤ ਦਿਉਲ