ਗੱਲਬਾਤ ਕਰਦੇ ਹੋਏ ਸੈਫ਼ ਅਹਿਮਦ
ਦੀਦਾਰ ਗੁਰਨਾ/ਜਸਪਾਲ ਨਿੱਝਰ
ਫਤਿਹਗੜ੍ਹ ਸਾਹਿਬ, 8 ਅਪ੍ਰੈਲ 2020: ਕਰੋਨਾ ਵਾਇਰਸ ਨੇ ਭਾਵੇਂ ਕਿ ਦੁਨੀਆਂ ਦੀ ਨੀਂਦ ਹਰਾਮ ਕੀਤੀ ਹੋਈ ਹੈ ਪਰ ਇਹ ਮਹਾਂਮਾਰੀ ਓਦੋਂ ਹੋਰ ਵੀ ਭਿਆਨਕ ਲੱਗਣ ਲੱਗ ਪੈਂਦੀ ਹੈ ਜਦੋਂ ਅਫਵਾਹਾਂ ਇਸ ਬਿਮਰੀ ਨਾਲੋਂ ਵੀ ਜ਼ਿਆਦਾ ਤੇਜ਼ੀ ਨਾਲ ਫੈਲਣ ਲੱਗ ਜਾਣ।
ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਘੱਟ ਗਿਣਤੀ ਸੈਲ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਸੈਫ ਅਹਿਮਦ ਨੇ ਬਾਬੂਸ਼ਾਹੀ ਦੇ ਪੱਤਰਕਾਰ ਨਾਲ ਫੋਨ ਤੇ ਗੱਲ ਕਰਦਿਆਂ ਕੀਤਾ। ਸੈਫ ਨੇ ਕਿਹਾ ਕਿ ਭਾਵੇਂ ਕਿ ਪੰਜਾਬ ਪੁਲਿਸ ਕਰੋਨਾ ਵਾਇਰਸ ਨਾਲ ਸਬੰਧਤ ਅਫਵਾਹਾਂ ਫੈਲਾਉਣ ਵਾਲਿਆਂ ਪ੍ਰਤੀ ਕਾਫੀ ਸਖਤ ਰੁਖ ਅਪਣਾ ਰਹੀ ਹੈ ਪਰ ਫਿਰ ਵੀ ਸਹੀ ਜਾਣਕਾਰੀ ਦੀ ਘਾਟ ਕਾਰਨ ਲੋਕ ਸੋਸ਼ਲ ਮੀਡੀਆ ਦੇ ਰਾਹੀਂ ਇੱਕ ਦੂਜੇ ਨੂੰ ਗਲਤ ਮੈਸੇਜ ਸ਼ੇਅਰ ਕਰ ਰਹੇ ਹਨ।
ਸੈਫ ਅਹਿਮਦ ਨੇ ਕਿਹਾ ਕਿ ਕੁੱਝ ਸ਼ਰਾਰਤੀ ਲੋਕਾਂ ਨੇ ਭਾਰਤ ਅੰਦਰ ਫੈਲ ਰਹੇ ਕਰੋਨਾ ਵਾਇਰਸ ਨੂੰ ਮੁਸਲਮਾਨਾਂ ਨਾਲ ਜੋੜ ਦਿੱਤਾ ਹੈ ਜੋ ਕਿ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸਮਾਜਿਕ ਭਾਈਚਾਰੇ ਨੂੰ ਬੜੀ ਸੱਟ ਵੱਜਦੀ ਹੈ ਅਤੇ ਮੁਸਲਿਮ ਭਾਈਚਾਰੇ ਅੰਦਰ ਨਮੋਸ਼ੀ ਅਤੇ ਡਰ ਦਾ ਮਾਹੌਲ ਵੀ ਪੈਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵਾਇਰਸ ਧਰਮ, ਜ਼ਾਤ, ਅਮੀਰੀ, ਗ਼ਰੀਬੀ ਦੇਖ ਕੇ ਨਹੀਂ ਫੈਲ ਰਿਹਾ, ਇਹ ਸਾਰੀ ਮਨੁੱਖਤਾ ਦੀ ਸਾਂਝੀ ਲੜਾਈ ਹੈ ਅਤੇ ਇਸ ਜੰਗ ਨੂੰ ਮਨੁੱਖੀ ਏਕਤਾ ਅਤੇ ਸੂਝਬੂਝ ਨਾਲ ਹੀ ਜਿੱਤਿਆ ਜਾ ਸਕਦਾ ਹੈ।
ਸੈਫ ਨੇ ਮੁਸਲਿਮ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜਾ ਵੀ ਕੋਈ ਮੁਸਲਮਾਨ ਤਬਲੀਗੀ ਜਮਾਤ ਨਾਲ ਸਬੰਧ ਰੱਖਦਾ ਹੈ ਉਹ ਆਪਣੀ ਜਾਣਕਾਰੀ ਤੁਰੰਤ ਪ੍ਰਸ਼ਾਸਨ ਨੂੰ ਦੇ ਕੇ ਇੱਕ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਵੇ । ਉਨ੍ਹਾਂ ਕਿਹਾ ਕਿ ਡਾਕਟਰੀ ਜਾਂਚ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਯਾਨੀ 9 ਅਪ੍ਰੈਲ 2020 ਨੂੰ ਸ਼ਬ-ਇ-ਰਾਤ ਹੈ ਇਸ ਦੌਰਾਨ ਮੁਸਲਿਮ ਭਾਈਚਾਰਾ ਆਪਣੇ ਘਰ ਦੇ ਅੰਦਰ ਰਹਿ ਕੇ ਕੀ ਇਬਾਦਤ ਕਰੇ, ਕਬਰਸਤਾਨ ਯਾ ਮਸਜਿਦਾਂ ਵਿੱਚ ਇੱਕਠ ਨਾ ਕੀਤਾ ਜਾਵੇ।
ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਵਾਸੀਆਂ ਨੂੰ ਸਾਂਝੀ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਘਰਾਂ ਦੇ ਅੰਦਰ ਰਹਿ ਕੇ ਪ੍ਰਸ਼ਾਸਨ ਦਾ ਸਾਥ ਦੇਣਾਂ ਚਾਹੀਦਾ ਹੈ ਤਾਂ ਜੋ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।