ਜ਼ਿਲ੍ਹੇ ਦੇ ਪਿੰਡ ਚਨਾਰਥਲ ਕਲਾਂ ਦੇ ਲੋਕਾਂ ਵੱਲੋਂ ਪਹਿਰੇ ਲਗਾਏ ਜਾਣ ਦਾ ਦ੍ਰਿਸ਼
ਫ਼ਤਹਿਗੜ੍ਹ ਸਾਹਿਬ, 09 ਅਪ੍ਰੈਲ : ਦੁਨੀਆਂ ਦੇ ਸਾਹਮਣੇ ਇੱਕ ਦਮ ਆਈ ਨੋਵੇਲ ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਵੱਲੋਂ ਜੋ ਸਰਕਾਰ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ ਉਹ ਸ਼ਲਾਘਾਯੋਗ ਹੈ ਅਤੇ ਲੋਕਾਂ ਨੇ ਇਹ ਗੱਲ ਸਾਬਤ ਕੀਤੀ ਹੈ ਕਿ ਜਦੋਂ ਵੀ ਦੇਸ਼ 'ਤੇ ਕੋਈ ਭੀੜ ਪਈ ਤਾਂ ਪੰਜਾਬੀਆਂ ਨੇ ਹਮੇਸ਼ਾਂ ਮੋਹਰੀ ਹੋ ਕੇ ਆਪਣੇ ਫਰਜ਼ ਅਦਾ ਕੀਤੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਪਿੰਡਾਂ ਦੇ ਲੋਕਾਂ ਵੱਲੋਂ ਲਗਾਏ ਜਾ ਰਹੇ ਠੀਕਰੀ ਪਹਿਰਿਆਂ ਸਬੰਧੀ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਵੱਲੋਂ ਪਿੰਡਾਂ ਨੂੰ ਆਉਣ ਜਾਣ ਵਾਲੇ ਰਸਤਿਆਂ ਤੇ 24 ਘੰਟੇ ਪਹਿਰੇ ਦਿੱਤੇ ਜਾ ਰਹੇ ਹਨ ਤਾਂ ਜੋ ਇਸ ਖਤਰਨਾਕ ਮਹਾਂਮਾਰੀ ਤੋਂ ਬਚਿਆ ਜਾ ਸਕੇ। ਪਿੰਡਾਂ ਦੇ ਲੋਕਾਂ ਵੱਲੋ ਲੋਕ ਹਿੱਤ ਵਿੱਚ ਕੀਤਾ ਜਾ ਰਿਹਾ ਹੈ ਇਹ ਕਾਰਜ ਸ਼ਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਨੂੰ ਆਉਣ ਜਾਣ ਵਾਲੇ ਰਸਤਿਆਂ ਤੇ ਪਹਿਰਾ ਦੇ ਰਹੇ ਪਿੰਡ ਵਾਸੀਆਂ ਵੱਲੋਂ ਇਹ ਗੱਲ ਯਕੀਨੀ ਬਣਾਈ ਜਾ ਰਹੀ ਹੈ ਕਿ ਪਿੰਡ ਵਿੱਚੋਂ ਕੋਈ ਵੀ ਵਿਅਕਤੀ ਬਿਨ੍ਹਾਂ ਕਿਸੇ ਅਤਿ ਜਰੂਰੀ ਕੰਮ ਤੋਂ ਬਾਹਰ ਨਾ ਜਾਵੇ ਅਤੇ ਨਾ ਹੀ ਬਾਹਰੋਂ ਕੋਈ ਪਿੰਡ ਵਿਚ ਆਵੇ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਵਿਧਾਇਕ ਨਾਗਰਾ ਨੇ ਕਿਹਾ ਕਿ ਕੋਵਿਡ-19 ਕਾਰਨ ਪੈਦਾ ਹੋਏ ਹਾਲਾਤਾਂ ਨਾਲ ਨਜਿੱਠਣ ਹਰੇਕ ਵਰਗ ਦੇ ਲੋਕਾਂ ਦਾ ਸਹਿਯੋਗ ਜਰੂਰੀ ਹੈ ਅਤੇ ਇਸ ਬਿਮਾਰੀ ਨੂੰ ਸਿਹਤ ਵਿਭਾਗ ਵੱਲੋਂ ਦਰਸਾਈ ਗਈ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਕੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਮੈਜਿਸਟਰੇਟ -ਕਮ- ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਪੰਜਾਬ ਵਿਲੇਜ ਐਂਡ ਸਮਾਲ ਟਾਊਨ ਪੈਟਰੋਲ ਐਕਟ 1918 ਦੇ ਸੈਕਸ਼ਨ 3 (1) ਅਧੀਨ ਹੁਕਮ ਜਾਰੀ ਕੀਤੇ ਹੋਏ ਹਨ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੇ ਨਰੋਈ ਸਿਹਤ ਵਾਲੇ ਬਾਲਗ ਵਿਅਕਤੀਆਂ ਵੱਲੋਂ ਪਿੰਡਾਂ ਵਿੱਚ ਦਾਖਲ ਹੋਣ ਤੇ ਬਾਹਰ ਜਾਣ ਦੇ ਰਸਤਿਆਂ ਤੇ 24 ਘੰਟੇ ਪਹਿਰੇ ਲਗਾਏ ਜਾਣ ਅਤੇ ਕਿਸੇ ਵੀ ਵਿਅਕਤੀ ਨੂੰ ਬਿਨਾਂ ਕਿਸੇ ਖਾਸ ਮਕਸਦ ਦੇ ਪਿੰਡ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਪਿੰਡਾਂ ਦੇ 60 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਅਤੇ ਅੰਗਹੀਣ ਵਿਅਕਤੀਆਂ ਨੂੰ ਇਹ ਪਹਿਰਾ ਦੇਣ ਤੋਂ ਛੋਟ ਹੈ। ਹਰੇਕ ਪਿੰਡ ਦੀ ਪੰਚਾਇਤ ਨੂੰ ਇਸ ਐਕਟ ਅਧੀਨ ਧਾਰਾ 4(1) ਦੀ ਪੂਰੀ ਤਰਜਮਾਨੀ ਕਰਦਿਆਂ ਆਪਣੇ ਕਾਰਜ ਖੇਤਰ ਅੰਦਰ ਉਕਤ ਡਿਊਟੀ ਕਰਵਾਉਣ ਲਈ ਕਿਹਾ ਗਿਆ ਹੈ।