ਇਲਾਜ ਕਰਵਾ ਕੇ ਘਰ ਪਰਤੇ ਨੌਜਵਾਨ ਨੇ ਕੀਤਾ ਡਾਕਟਰਾਂ ਦਾ ਧੰਨਵਾਦ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 17 ਮਈ : ਕੋਰੋਨਾ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਗਿਆਨ ਸਾਗਰ ਹਸਪਤਾਲ ਵਿੱਚੋਂ ਇਲਾਜ ਉਪਰੰਤ ਡਿਸਚਾਰਜ ਹੋ ਕੇ ਪਰਤੇ ਪਿੰਡ ਗੁਣੀਆਂ ਮਾਜਰਾ ਦੇ ਜਗਤਾਰ ਸਿੰਘ ਨੇ ਇਲਾਜ ਸਬੰਧੀ ਪੰਜਾਬ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਤੇ ਇਕਾਂਤਵਾਸ ਸਬੰਧੀ ਮੁਹੱਈਆ ਕਰਵਾਈਆਂ ਸਹੂਲਤਾਂ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਡਾਕਟਰਾਂ ਦੀ ਟੀਮ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਇਸ ਨੌਜਵਾਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਸੁਚੱਜੀਆਂ ਸਿਹਤ ਸਹੂਲਤਾਂ ਸਦਕਾ ਉਹ ਇਲਾਜ ਕਰਵਾ ਕੇ ਘਰ ਪਰਤਿਆ ਹੈ।
ਉਸ ਨੇ ਦੱਸਿਆ ਕਿ ਪੰਜਾਬ ਤੋਂ ਬਾਹਰਲੇ ਸੂਬੇ ਵਿੱਚ ਕੰਬਾਈਨ ਸਬੰਧੀ ਕੰਮਕਾਰ ਉਪਰੰਤ ਵਾਪਸ ਆਉਣ ’ਤੇ ਸੀ.ਐਚ.ਸੀ. ਚਨਾਰਥਲ ਵੱਲੋਂ ਉਸ ਦਾ ਕੋਰੋਨਾ ਸਬੰਧੀ ਸੈਂਪਲ ਲਿਆ ਗਿਆ ਸੀ ਤੇ ਰਿਪੋਰਟ ਪੌਜ਼ੇਟਿਵ ਆਉਣ ’ਤੇ ਉਸ ਨੂੰ ਇਲਾਜ ਲਈ ਗਿਆਨ ਸਾਗਰ ਹਸਪਤਾਲ, ਬਨੂੜ ਭੇਜਿਆ ਗਿਆ ਸੀ, ਜਿੱਥੇ ਬਹੁਤ ਹੀ ਵਧੀਆ ਢੰਗ ਨਾਲ ਉਸ ਦਾ ਇਲਾਜ ਕੀਤਾ ਗਿਆ ਤੇ ਉਸ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਗਈ। ਕੋਰੋਨਾ ਤੋਂ ਬਚਾਅ ਸਬੰਧੀ ਹੁਣ ਉਸ ਨੂੰ ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਹੈ।
ਇਸ ਸਬੰਧੀ ਹੋਰ ਗੱਲਬਾਤ ਕਰਦਿਆਂ ਸਿਵਲ ਸਰਜਨ ਡਾ. ਐਨ.ਕੇ.ਅਗਰਵਾਲ ਨੇ ਦੱਸਿਆ ਕਿ ਹੁਣ ਤੱਕ ਜਿ਼ਲ੍ਹੇ ਵਿੱਚ 56 ਵਿਅਕਤੀ ਕੋਰੋਨਾ ਸਬੰਧੀ ਪੌਜ਼ੇਟਿਵ ਪਾਏ ਗਏ ਸਨ ਤੇ ਜਿ਼ਲ੍ਹੇ ਵਿੱਚ ਹੁਣ ਤੱਕ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 10 ਹੋ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਬਚਾਅ ਸਬੰਧੀ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਇਨ ਬਿਨ ਪਾਲਣਾ ਯਕੀਨੀ ਬਨਾਉਣ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋਂ ਬਚਾਅ ਲਈ ਸਮਾਜਕ ਵਿੱਥ, ਵਾਰ ਵਾਰ ਹੱਥ ਧੋਣ ਅਤੇ ਜਦੋਂ ਵੀ ਕਿਤੇ ਘਰੋਂ ਬਾਹਰ ਜਾਣਾ ਹੈ ਤਾਂ ਮੂੰਹ ਢਕਿਆ ਹੋਣਾ ਲਾਜ਼ਮੀ ਹੈ।