ਕੋਰੋਨਾ ਨੂੰ ਮਾਤ ਦੇਣ ਵਾਲੇ ਮਰੀਜ਼ਾਂ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਅਗਰਵਾਲ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ, 18 ਮਈ ਸਿਵਲ ਸਰਜਨ ਡਾ ਐਨ ਕੇ ਅਗਰਵਾਲ ਨੇ ਦੱਸਿਆਂ ਕਿ ਜਿਲ੍ਹੇ ਦੇ ਕੁੱਲ 56 ਕਰੋਨਾ ਪੌਜ਼ੀਟਿਵ ਮਰੀਜਾਂ ਵਿਚੋਂ ਹੁਣ 16 ਮਰੀਜ ਕਰੋਨਾ ਨੂੰ ਮਾਤ ਦੇ ਕੇ ਆਪਣੇ ਘਰਾਂ ਵਿੱਚ ਪਰਤ ਆਏ ਹਨ, ਜਦੋਂ ਕਿ 40 ਮਰੀਜ ਹਾਲੇ ਇਲਾਜ਼ ਅਧੀਨ ਹਨ ।ਉਹਨਾਂ ਦੱਸਿਆ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ ਲੈਬ ਵਿਚ ਭੇਜੇ ਗਏ 2,481 ਸੈਂਪਲਾਂ ਵਿਚੋਂ 2,256 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਉਹਨਾਂ ਕਿਹਾ ਕਿ ਜ਼ਿਲੇ ਲਈ ਇਹ ਇੱਕ ਵੱਡੀ ਰਾਹਤ ਭਰੀ ਖਬਰ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜ਼ਿਲ੍ਹੇ ਭਰ ਵਿੱਚੋ ਵੱਖ ਵੱਖ ਥਾਂਵਾ ਤੋਂ ਲਏ ਜਾ ਰਹੇ ਸੈਂਪਲਾ ਦੀਆਂ ਰਿਪੋਰਟਾਂ ਨੇਗਟਿਵ ਆ ਰਹੀਆਂ ਹਨ।
ਡਾ ਅਗਰਵਾਲ ਨੇ ਕਿਹਾ ਕਿ ਕਰੋਨਾ ਬਿਮਾਰੀ ਤੋਂ ਬਚਾਅ ਲਈ ਕੰਮਕਾਜ ਵਾਲੀਆ ਥਾਂਵਾ ਤੋਂ ਸਮਾਜਿਕ ਦੂਰੀ ਬਣਾਉਣ, ਵਾਰ ਵਾਰ ਹੱਥਾਂ ਨੂੰ ਸਾਬਣ ਅਤੇ ਸਾਫ ਪਾਣੀ ਨਾਲ ਧੋਣ, ਜਨਤਕ ਥਾਵਾਂ 'ਤੇ ਮੂੰਹ ਤੇ ਮਾਸਕ ਪਾ ਕੇ ਰੱਖਣ ਵਰਗੀਆਂ ਸਾਵਧਾਨੀਆਂ ਜ਼ਰੂਰ ਵਰਤੀਆਂ ਜਾਣ ਅਤੇ ਸਰਕਾਰ ਵੱਲੋ ਸਮੇਂ ਸਮੇਂ ਤੇਂ ਦਿੱਤੇ ਜਾਂਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।
ਡਾ ਅਗਰਵਾਲ ਨੇ ਦੱਸਿਆ ਕਿ ਹੁਣ ਡਾਇਰੈਕਟਰ ਸਿਹਤ ਸੇਵਾਵਾਂ, ਪੰਜਾਬ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹਰੇਕ ਵਿਅਕਤੀ ਲਈ ਜਨਤਕ ਸਥਾਨ, ਗਲੀਆਂ, ਹਸਪਤਾਲ, ਦਫਤਰ, ਮਾਰਕਿਟ ਜਾਣ ਸਮੇਂ ਜਾਂ ਵਾਹਨ ਵਿੱਚ ਸਫਰ ਕਰਨ ਸਮੇਂ ਸੂਤੀ ਕਪੜੇ ਦਾ ਮਾਸਕ ਜਾਂ ਟ੍ਰਿਪਲ ਲੇਅਰ ਮਾਸਕ ਜਾਂ ਘਰ ਵਿਚ ਸੂਤੀ ਕਪੜੇ ਦਾ ਤਿਆਰ ਕੀਤਾ ਮਾਸਕ ਜਿਸ ਨੂੰ ਸਾਬਣ/ ਡਿਟਰਜੈਂਟ ਨਾਲ ਚੰਗੀ ਤਰਾਂ ਧੋ ਕੇ ਦੁਬਾਰਾ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ,ਪਾਉਣਾ ਜ਼ਰੂਰੀ ਹੋਵੇਗਾ। ਜੇਕਰ ਮਾਸਕ ਉਪਲੱਬਧ ਨਹੀਂ ਹੈ ਤਾਂ ਰੁਮਾਲ, ਦੁੱਪਟਾ,ਪਰਨਾ ਆਦਿ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਉਹਨਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕੰਮ ਕਾਜ ਵਾਲੀਆਂ ਥਾਂਵਾ ਜਾਂ ਜਨਤਕ ਸਥਾਨ ਤੇ ਮਾਸਕ ਨਹੀਂ ਪਹਿਨੇਗਾ, ਜੇਕਰ ਕੋਈ ਵਿਅਕਤੀ ਜਨਤਕ ਥਾਂ ਤੇ ਥੁੱਕਦਾ ਹੈ ਜਾਂ ਘਰ ਵਿਚ ਏਕਾਂਤਵਾਸ ਦੀ ਉਲਘੰਣਾ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਹੋ ਸਕਦਾ ਹੈ।