ਉਪ-ਕੁਲਪਤੀ ਡਾ. ਪਰਿਤ ਪਾਲ ਸਿੰਘ, ਸਰਦਾਰਨੀ ਮਾਨ ਕੌਰ, ਅਤੇ ਹੋਰ ਚਰਚਾ ਦੌਰਾਨ
ਫਤਹਿਗੜ੍ਹ ਸਾਹਿਬ 20 ਮਈ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਲੋਂ "ਤਾਲਾਬੰਦੀ ਦੌਰਾਨ ਬਜ਼ੁਰਗਾਂ ਦੀ ਦੇਖਭਾਲ" ਵਿਸ਼ੇ 'ਤੇ ਇੱਕ ਵੈਬੀਨਾਰ ਆਯੋਜਿਤ ਕੀਤਾ ਗਿਆ। ਵਿਸ਼ਵ ਵਿਆਪੀ ਮਹਾਂਮਾਰੀ ਕੋਵਿਡ-19 ਦੇ ਇਸ ਸਮੇਂ ਦੌਰਾਨ, ਜਦੋਂ ਦੁਨੀਆਂ ਭਰ ਦੇ ਲੋਕ ਆਪਣੇ ਘਰਾਂ ਵਿੱਚ ਬੰਦ ਰਹਿਣ ਲਈ ਮਜਬੂਰ ਹਨ ਅਤੇ ਸਰੀਰਕ ਗਤੀਵਿਧੀਆਂ ਘੱਟ ਹੋਣ ਕਾਰਨ ਬਜ਼ੁਰਗ ਖਾਸ ਤੌਰ' ਤੇ ਵਧੇਰੇ ਪ੍ਰਭਾਵਿਤ ਹੋ ਰਹੇ ਹਨ। ਬਜ਼ੁਰਗਾਂ ਦੀ ਦੇਖਭਾਲ ਦੇ ਅਤਿ ਮਹੱਤਵਪੂਰਨ ਮੁੱਦੇ ਨੂੰ ਧਿਆਨ ਵਿੱਚ ਰੱਖਦੇ ਹੋਏ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਅੱਗੇ ਆਉਂਦਿਆਂ ਇਸ ਵੈਬੀਨਾਰ ਦੇ ਆਯੋਜਨ ਦਾ ਉਪਰਾਲਾ ਕੀਤਾ। ਇਸ ਵੈਬੀਨਾਰ ਦੌਰਾਨ, ਅਨੁਭਵੀ ਅਤੇ ਬਜ਼ੁਰਗ ਐਥਲੀਟ ਸਰਦਾਰਨੀ ਮਾਨ ਕੌਰ ਨੇ, ਆਪਣੇ ਕੋਚ (ਪੁੱਤਰ) ਸਰਦਾਰ ਗੁਰਦੇਵ ਸਿੰਘ ਸਮੇਤ, ਪੈਨਲਿਸਟ ਦੇ ਤੌਰ ਤੇ ਸ਼ਮੂਲੀਅਤ ਕੀਤੀ, ਇਸ ਮੌਕੇ ਉਨ੍ਹਾਂ ਨੇ ਸਰੋਤਿਆਂ ਨੂੰ ਖੂਬਸ਼ੂਰਤ ਢੰਗ ਨਾਲ ਪ੍ਰੇਰਿਤ ਕੀਤਾ ਅਤੇ ਆਪਣੇ ਲੰਮੇਰੇ, ਸਿਹਤਯਾਬ ਜੀਵਨ ਦਾ ਰਾਜ ਸਾਂਝਾ ਕਰਦਿਆਂ ਕਿਹਾ ਕਿ ਸਾਨੂੰ ਉਮਰ ਦੇ ਹਰ ਪੜਾਅ ਉੱਤੇ ਸਰੀਰਕ, ਮਾਨਸਿਕ ਤੌਰ 'ਤੇ ਸਰਗਰਮ ਰਹਿਣ ਦੇ ਨਾਲ-ਨਾਲ ਸੰਤੁਲਿਤ ਆਹਾਰ ਲੈਂਦੇ ਰਹਿਣਾ ਚਾਹੀਦਾ ਹੈ। ਵਾਈਸ-ਚਾਂਸਲਰ ਡਾ. ਪਰਿਤ ਪਾਲ ਸਿੰਘ ਨੇ ਵੈਬੀਨਾਰ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਸਰਦਾਰਨੀ ਮਾਨ ਕੌਰ ਦਾ ਇਸ ਸਮਾਰੋਹ ਦਾ ਹਿੱਸਾ ਬਣਨ ਅਤੇ ਅਜੋਕੇ ਸਮਾਜ, ਖਾਸ ਕਰ ਬਜ਼ੁਰਗਾਂ, ਲਈ ਅਸਾਧਾਰਣ ਪ੍ਰੇਰਣਾ ਬਣਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਡਾ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਬਜ਼ੁਰਗਾਂ ਨੂੰ ਇਸ ਨਾਜ਼ੁਕ ਸਮੇਂ ਦੌਰਾਨ ਭਾਵਨਾਤਮਕ ਸਹਾਇਤਾ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕਰੀਏ।
ਇਸ ਵੈਬੀਨਾਰ ਦੌਰਾਨ ਡਾ. ਪੰਕਜਪ੍ਰੀਤ ਸਿੰਘ, ਇੰਚਾਰਜ, ਫਿਜ਼ੀਓਥੈਰੇਪੀ ਵਿਭਾਗ ਨੇ ਰਿਸੋਰਸ ਪਰਸਨ ਅਤੇ ਡਾ. ਸੁਪ੍ਰੀਤ ਬਿੰਦਰਾ, ਸਹਾਇਕ ਪ੍ਰੋਫੈਸਰ, ਨੇ ਕੋਆਰਡੀਨੇਟਰ ਦੀ ਮਹੱਤਵਪੂਰਨ ਭੂਮਿਕਾ ਨਿਭਾਈ। ਡਾ. ਸ਼ਰੂਤੀ ਅਗਰਵਾਲ, ਸਹਾਇਕ ਪ੍ਰੋਫੈਸਰ, ਕੰਪਿਊਟਰ ਸਾਇੰਸ ਵਿਭਾਗ ਨੇ ਇਸ ਸਮਾਗਮ ਦੇ ਸ਼ਾਨਦਾਰ ਆਯੋਜਨ ਲਈ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ। ਡਾ. ਸਿੰਘ, ਜੋ ਕਿ ਇੱਕ ਸਫਲ ਫਿਜ਼ੀਓਥੈਰੇਪਿਸਟ ਹਨ, ਨੇ ਤਾਲਾਬੰਦੀ ਦੇ ਇਸ ਸਮੇਂ ਦੌਰਾਨ ਬਜ਼ੁਰਗਾਂ ਦੀ ਦੇਖਭਾਲ ਬਾਰੇ ਆਪਣੇ ਉਮਦਾ ਵਿਚਾਰ ਪੇਸ਼ ਕੀਤੇ। ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲਾਕਡਾਊਨ ਦੇ ਇਸ ਦੌਰ ਨੇ ਮੁਕਾਬਲਤਨ ਸਰੀਰ ਨਾਲ ਸੰਬੰਧਤ ਗਤੀਸ਼ੀਲਤਾ ਘਟਾਉਣ ਅਤੇ ਮਾਨਸਿਕ ਤਣਾਅ ਨੂੰ ਵਧਾਉਣ ਵਰਗੀਆਂ ਉਮਰ ਨਾਲ ਸਬੰਧਤ ਪੇਚੀਦਗੀਆਂ ਨੂੰ ਵਧਾ ਦਿੱਤਾ ਹੈ। ਉਨ੍ਹਾਂ ਆਪਣੀ ਪੇਸ਼ਕਾਰੀ ਦੌਰਾਨ ਇਹਨਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਸ਼ਾਨਦਾਰ ਤਕਨੀਕੀ ਹੱਲ ਪੇਸ਼ ਕੀਤੇ। ਵੈਬੀਨਾਰ ਦੌਰਾਨ ਦੁਨੀਆ ਭਰ ਦੇ ਹਜ਼ਾਰਾਂ ਲੋਕਾਂ ਨੇ ਭਾਗ ਲਿਆ ਕਿਉਂਕਿ ਇਸ ਪ੍ਰੋਗਰਾਮ ਦਾ ਜ਼ੂਮ ਐੱਪ ਦੇ ਨਾਲ-ਨਾਲ ਫੇਸਬੁੱਕ ਅਤੇ ਯੂਨੀਵਰਸਿਟੀ ਦੀ ਵੈਬਸਾਈਟ (www.sggswu.edu.in) 'ਤੇ, ਵਿਸ਼ਾਲ ਕਵਰੇਜ ਲਈ, ਸਿੱਧਾ ਪ੍ਰਸਾਰਣ ਕੀਤਾ ਗਿਆ।ਯੂਨੀਵਰਸਿਟੀ ਦੁਆਰਾ ਸਮਾਰੋਹ ਦੀ ਸਮੁੱਚੀ ਕਾਰਵਾਈ ਯੂਟਿਊਬ ਉੱਤੇ ਵੀ ਉਪਲਬਧ ਕੀਤੀ ਗਈ ਹੈ, ਤਾਂ ਜੋ ਵੱਧ ਤੋਂ ਵੱਧ ਗਿਣਤੀ ਵਿੱੱਚ ਲੋਕ ਸਬੰਧਤ ਜਾਣਕਾਰੀ ਦਾ ਲਾਹਾ ਪ੍ਰਾਪਤ ਕਰ ਸਕਣ।
।