ਪਿੰਡ ਈਸਰਹੇਲ ਵਿਖੇ ਵਧੀਕ ਡਿਪਟੀ ਕਮਿਸ਼ਨਰ ਅਮਰੀਕ ਸਿੱਧੂ ਅਤੇ ਮੁੱਖ ਖੇਤੀਬਾੜੀ ਅਫਸਰ ਇੰਦਰਪਾਲ ਸੰਧੂ ।
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ, 29 ਮਈ : ਟਿੱਡੀ ਦਲ ਦੇ ਸੰਭਾਵੀ ਹਮਲੇ ਦੇ ਖਤਰੇ ਨੂੰ ਦੇਖਦੇ ਹੋਏ ਸ੍ਰੀ ਅਮਰੀਕ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਫਤਹਿਗੜ੍ਹ ਸਾਹਿਬ ਦੀ ਅਗਵਾਈ ਅਤੇ ਡਾ. ਇੰਦਰਪਾਲ ਸਿੰਘ ਸੰਧੂ, ਮੁੱਖ ਖੇਤੀਬਾੜੀ ਅਫਸਰ, ਫਤਹਿਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਈਸਰਹੇਲ, ਬਲਾਕ ਖੇੜਾ ਵਿਖੇ ਮੌਕ ਡਰਿਲ ਕਰਵਾਈ ਗਈ। ਇਸ ਮੌਕ ਡਰਿਲ ਦੌਰਾਨ ਫਾਇਰ ਬ੍ਰਿਗੇਡ ਤੇ ਟਰੈਕਟਰ ਅਪਰੇਟਿਡ ਸਪਰੇਅ ਪੰਪਾਂ ਰਾਂਹੀ ਬੂਟਿਆਂ ਅਤੇ ਦਰੱਖਤਾਂ ਤੇ ਸਪਰੇਅ ਕਰਕੇ ਟਿੱਡੀ ਦਲ ਤੋਂ ਬਚਾਅ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਡਾ. ਸੰਧੂ ਨੇ ਦੱਸਿਆ ਕਿ ਟਿੱਡੀ ਦਲ ਤੋਂ ਘਬਰਾਉਣ ਦੀ ਨਹੀਂ ਸਿਰਫ ਸੁਚੇਤ ਰਹਿਣ ਦੀ ਲੋੜ ਹੈ। ਟਿੱਡੀ ਦਲ ਸ਼ਾਮ ਢਲੇ ਖੇਤਾਂ ਵਿੱਚ ਜਾਂ ਉੱਚੇ ਦਰੱਖਤਾਂ ਤੇ ਬੈਠ ਜਾਂਦਾ ਹੈ ਅਤੇ ਅਗਲੇ ਦਿਨ ਸੂਰਜ ਚੜਣ ਸਮੇਂ ਤੱਕ ਬੈਠਾ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੀ ਰੋਕਥਾਮ ਮੁਹਿੰਮ ਵਿੱਚ ਸਰਕਾਰ ਦੇ ਨਾਲ ਨਾਲ ਕਿਸਾਨਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਅਤੇ ਵਡਮੁੱਲੀ ਹੈ। ਜੇਕਰ ਟਿੱਡੀ ਦਲ ਦਾ ਹਮਲਾ ਹੁੰਦਾ ਹੈ ਤਾਂ ਕਿਸਾਨਾਂ ਵੱਲੋਂ ਦਿਨ ਸਮੇਂ ਖੜਾਕ ਕਰ ਕੇ, ਪਟਾਕੇ ਚਲਾ ਕੇ ਢੋਲ ਵਜਾ ਕੇ, ਪੀਪੇ ਜਾਂ ਭਾਂਡੇ ਖੜਕਾ ਕੇ, ਉੱਚੀ ਆਵਾਜ਼ ਵਿੱਚ ਖੇਤਾਂ ਵਿੱਚ ਸਪੀਕਰਾਂ ਰਾਂਹੀ ਸ਼ੋਰ ਮਚਾ ਕੇ, ਟਿੱਡੀ ਦਲ ਨੂੰ ਫਸਲਾਂ ਤੇ ਬੈਠਣ ਤੋਂ ਰੋਕਿਆ ਜਾਵੇ ਤਾਂ ਜੋ ਇਹ ਫਸਲਾਂ ਦਾ ਨੁਕਸਾਨ ਨਾ ਕਰ ਸਕੇ।
ਡਾ. ਸੰਧੂ ਨੇ ਦੱਸਿਆ ਕਿ ਟਿੱਡੀ ਦਲ ਦੇ ਸ਼ਾਮ ਸਮੇਂ ਬੈਠਣ ਉਪਰੰਤ ਇਸ ਦੇ ਕੰਟਰੋਲ ਲਈ ਉਸੇ ਸਮੇਂ ਖੇਤੀਬਾੜੀ ਵਿਭਾਗ ਵੱਲੋਂ ਕੀੜੇਮਾਰ ਦਵਾਈਆਂ ਸਪਰੇਅ ਕਰਨ ਹਿੱਤ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਪਰੇਅ ਪੰਪਾਂ ਸਮੇਤ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਤਿਆਰ ਰਹਿਣ ਅਤੇ ਪਾਣੀ ਲਈ ਆਪਣੇ ਆਪਣੇ ਟਿਊਬਵੈਲਾਂ ਤੇ ਪ੍ਰਬੰਧ ਕਰਨ ਤਾਂ ਜੋ ਕੀੜੇਮਾਰ ਦਵਾਈ ਦੀ ਸਪਰੇਅ ਕਰਕੇ ਟਿੱਡੀ ਦਲ ਤੋਂ ਬਚਾਅ ਕੀਤਾ ਜਾ ਸਕੇ। ਇਸ ਮੌਕੇ ਡਾ. ਹਰਸੰਗੀਤ ਸਿੰਘ, ਖੇਤੀਬਾੜੀ ਅਫਸਰ, ਡਾ.ਕੁਲਵਿੰਦਰ ਸਿੰਘ ਖੇਤੀਬਾੜੀ ਅਫਸਰ, ਡਾ. ਵਿਪਿਨ ਰਾਮਪਾਲ, ਡਿਪਟੀ ਡਾਇਰੈਕਟਰ ਕੇ.ਵੀ.ਕੇ, ਖੇਤੀਬਾੜੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਅਤੇ ਪਿੰਡ ਦੇ ਕਿਸਾਨ ਮੌਜੂਦ ਸਨ।