ਵਾਤਾਵਰਨ ਦਿਵਸ ਤੇ ਸੁਹੰਜਣਾ ਦੇ ਰੁੱਖ ਲਗਾਉਂਦੇ ਹੋਏ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ, 5 ਜੂਨ : ਵਾਤਾਵਰਨ ਨੂੰ ਬਚਾਉਣ ਤੇ ਜ਼ਿੰਦਗੀ ਨੂੰ ਕੁਦਰਤ ਦੇ ਨਾਲ ਜੋੜਨ ਲਈ ਹਰ ਸਾਲ 5 ਜੂਨ ਨੂੰ ਸਮਾਜ ਨੂੰ ਵਾਤਾਵਰਨ ਸਬੰਦੀ ਜਾਗਰੂਕ ਕਰਨ ਲਈ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਉੱਘੇ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਨੇ ਕੀਤਾ ! ਉਹਨਾਂ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਵਿਕਾਸ ਦੇ ਨਾਮ ਤੇ ਕੀਤੀ ਜਾ ਰਹੀ ਵਾਤਾਵਰਣ ਦੀ ਬਰਬਾਦੀ ਦੇ ਕਾਰਨ ਵਿਸ਼ਵ ਭਰ ਵਿਚ ਦਰੱਖਤਾਂ, ਪਸ਼ੂ, ਪੰਛੀਆਂ, ਜਲਚਰ ਜੀਵ ਅਤੇ ਜਾਨਵਰਾਂ ਦੀਆਂ ਲੱਖਾਂ ਪ੍ਰਜਾਤੀਆਂ ਲੁਪਤ ਹੋ ਚੁੱਕੀਆਂ ਹਨ ਜੋ ਕਿ ਬਹੁਤ ਗੰਭੀਰ ਦਾ ਵਿਸ਼ਾ ਹੈ ਅਤੇ ਦਿਨ-ਬ-ਦਿਨ ਪੋਲੀਥੀਨ ਦਾ ਕੂੜਾ ਇਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ, ਅੱਜ ਵੱਡੀ ਮਾਤਰਾ ਵਿਚ ਪਾਣੀ ਪੀਣ ਦੇ ਯੋਗ ਨਹੀਂ ਰਿਹਾ ਕਿਉਂਕਿ ਫ਼ੈਕਟਰੀਆ ਦਾ ਪ੍ਰਦੂਸ਼ਿਤ ਪਾਣੀ ਦਾ ਜਮੀਨੀ ਪਾਣੀ ਅਤੇ ਨਦੀਆਂ ਦੇ ਕੁਦਰਤੀ ਪਾਣੀ ਵਿਚ ਮਿਲਣਾ ਸ਼ੁੱਧ ਪਾਣੀ ਨੂੰ ਪ੍ਰਦੂਸ਼ਿਤ ਕਰਨ ਦੇ ਮੁੱਖ ਕਾਰਨ ਹਨ ਅਤੇ ਹਵਾ ਦੇ ਪ੍ਰਦੂਸ਼ਣ ਕਾਰਨ ਸਾਹ ਦੀ ਬਿਮਾਰੀ, ਚਮੜੀ ਅਤੇ ਅੱਖਾਂ ਦੀ ਐਲਰਜੀ, ਛਾਤੀ ਅਤੇ ਦਿਲ ਦੀ ਬਿਮਾਰੀ ਅਤੇ ਕੈਂਸਰ ਵਰਗੇ ਰੋਗਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਕੁਦਰਤ ਸਾਨੂੰ ਸੁਨੇਹਾ ਦੇ ਰਹੀ ਹੈ ਕਿ ਅਸੀਂ ਹੁਣ ਵੀ ਸੰਭਲ ਜਾਈਏ , ਅੱਜ ਵਿਸ਼ਵ ਵਾਤਾਵਰਨ ਦਿਵਸ ਤੇ ਸੁਹੰਜਣਾ ( ਮੋਰਿੰਗਾ) ਦੇ ਰੁੱਖ ਲਗਾਉਂਦੇ ਹੋਏ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਨੇ ਸਭ ਨੂੰ ਬੇਨਤੀ ਕੀਤੀ ਕਿ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣਾ ਸਾਡਾ ਸਭ ਦਾ ਫ਼ਰਜ਼ ਹੈ। ਜੇ ਅਸੀਂ ਕੁਦਰਤ ਦੇ ਨਿਯਮਾਂ ਨਾਲ ਛੇੜਛਾੜ ਕਰਾਂਗੇ ਤਾਂ ਖ਼ਤਰਨਾਕ ਨਤੀਜੇ ਤਾਂ ਸਾਨੂੰ ਹੀ ਭੁਗਤਣੇ ਪੈਣੇ ਹਨ।