ਕੋਟਕਪੂਰਾ, 23ਜੂਨ 2020 :-ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਇਕਾਈ ਕੋਟਕਪੂਰਾ ਨੇ ਭਾਰਤ ਸਰਕਾਰ ਦੇ ਪ੍ਰਾਈਵੇਟ ਡਾਕਟਰਾਂ ਉੱਪਰ ਥੋਪੇ ਜਾ ਰਹੇ ਨਵੇਂ ਕਾਨੂੰਨ ਦਾ ਵਿਰੋਧ ਕਰਦਿਆਂ ਅੱਜ ਐਮਰਜੈਂਸੀ ਸੇਵਾਵਾਂ ਸਮੇਤ ਆਪਣੇ ਕਾਰੋਬਾਰ ਮੁਕੰਮਲ ਤੌਰ 'ਤੇ ਠੱਪ ਰੱਖੇ, ਸੰਕੇਤਕ ਹੜਤਾਲ ਕਰਦਿਆਂ ਐਸਡੀਐਮ ਅਤੇ ਐਸਐਮਓ ਨੂੰ ਮੰਗ ਪੱਤਰ ਸੌਂਪਣ ਉਪਰੰਤ ਪੱਤਰਕਾਰਾਂ ਨੂੰ ਦੱਸਿਆ ਕਿ ਜੇਕਰ ਸਰਕਾਰ ਨੇ ਨਵਾਂ ਕਾਨੂੰਨ ਲਾਗੂ ਕਰਨ ਦਾ ਫੈਸਲਾ ਨਾ ਬਦਲਿਆ ਤਾਂ ਉਹ ਜਥੇਬੰਦੀ ਦੀਆਂ ਹਦਾਇਤਾਂ ਮੁਤਾਬਿਕ ਸੰਘਰਸ਼ ਦਾ ਰਸਤਾ ਅਖਤਿਆਰ ਕਰਨਗੇ, ਮਰੀਜਾਂ ਜਾਂ ਆਮ ਲੋਕਾਂ ਨੂੰ ਆਉਣ ਵਾਲੀ ਸਮੱਸਿਆ ਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।
ਇਕਾਈ ਕੋਟਕਪੂਰਾ ਦੇ ਪ੍ਰਧਾਨ ਡਾ ਰਮੇਸ਼ ਚੰਦਰ ਗਰਗ, ਡਾ. ਜਸਬੀਰ ਸਿੰਘ, ਡਾ. ਰਵੀ ਬਾਂਸਲ, ਡਾ ਪ੍ਰਭਦੇਵ ਸਿੰਘ ਬਰਾੜ ਆਦਿਕ ਨੇ ਆਖਿਆ ਕਿ 'ਕੋਰੋਨਾ ਮਹਾਂਮਾਰੀ' ਦੇ ਚੱਲਦਿਆਂ ਪੰਜਾਬ ਦੇ ਨਿੱਜੀ ਡਾਕਟਰ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਮਨੁੱਖਤਾ ਦੀ ਸੇਵਾ 'ਚ ਲੱਗੇ ਹੋਏ ਹਨ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਦਾ ਨਿੱਜੀ ਡਾਕਟਰਾਂ ਪ੍ਰਤੀ ਵਤੀਰਾ ਵੈਰ ਭਾਵਨਾ ਵਾਲਾ ਹੈ। ਉਨਾਂ ਕਿਹਾ ਕਿ ਨਿੱਜੀ ਹਸਪਤਾਲਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਕਾਹਲੀ 'ਚ ਕਲੀਨੀਕਲ ਇਸਟੈੱਬਲਿਸ਼ਮੈਂਟ ਐਕਟ 1 ਜੁਲਾਈ ਤੋਂ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਸਪਤਾਲਾਂ ਨੂੰ ਕੰਟਰੋਲ ਕਰਨ ਵਾਸਤੇ 40 ਦੇ ਕਰੀਬ ਕਾਨੂੰਨ ਜਿਵੇਂਕਿ ਮੈਡੀਕਲ ਕਾਊਂਸਲ, ਪੰਜਾਬ-ਭਾਰਤ, ਕੰਜੂਮੀਅਰ ਕੋਰਟ ਅਤੇ ਸਿਵਲ ਕੋਰਟ ਆਦਿਕ ਪਹਿਲਾਂ ਹੀ ਲਾਗੂ ਹਨ, ਇਸ ਲਈ ਨਵੇਂ ਐਕਟ ਦੀ ਜ਼ਰੂਰਤ ਨਹੀਂ ਹੈ।
ਭਾਵੇਂ ਅਜਿਹਾ ਨਵਾਂ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਡਾਕਟਰਾਂ ਨੂੰ ਵਿਸ਼ਵਾਸ਼ ਲੈਣਾ ਜਰੂਰੀ ਸੀ ਪਰ ਕਿਸੇ ਨਾਲ ਤਾਲਮੇਲ ਕਰਨ ਦੀ ਬਜਾਇ ਨਵਾਂ ਕਾਨੂੰਨ ਥੌਪ ਦੇਣ ਨਾਲ ਮਰੀਜਾਂ ਤੇ ਆਮ ਲੋਕਾਂ ਦਾ ਨੁਕਸਾਨ ਹੋਣਾ ਵੀ ਸੁਭਾਵਿਕ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾ. ਰਜਨੀਸ਼ ਲੱਡਾ, ਡਾ. ਬੀ. ਕੇ. ਕਪੂਰ, ਡਾ ਸਵਰਨ ਸਿੰਘ ਰੱਤਾ, ਡਾ ਟੋਨੀ ਕਟਾਰੀਆ, ਡਾ ਪਰਮਜੀਤ ਸਿੰਘ ਸੰਧੂ, ਡਾ. ਪ੍ਰੇਮਪਾਲ ਬਾਂਸਲ ਆਦਿ ਸਮੇਤ ਜਥੇਬੰਦੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ।