ਫਿਰੋਜ਼ਪੁਰ 25 ਜੂਨ 2020 : ਕੈਂਟ ਫਿਰੋਜ਼ਪੁਰ ਪੁਲਿਸ ਲਾਈਨ ਦੇ ਕੋਲ ਹੋਏ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਅਨਮੋਲ ਪੁੱਤਰ ਏਐੱਸਆਈ ਮਨਜੀਤ ਸਿੰਘ ਵਾਸੀ ਚੁੰਗੀ ਵਾਲੀ ਗਲੀ ਭਾਰਤ ਨਗਰ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦਾ ਪਿਤਾ ਏਐੱਸਆਈ ਮਨਜੀਤ ਸਿੰਘ ਨੰਬਰ 105 ਫਿਰੋਜ਼ਪੁਰ ਜੋ ਸੀਆਈਏ ਸਟਾਫ ਫਿਰੋਜ਼ਪੁਰ ਵਿਖੇ ਡਿਊਟੀ ਕਰ ਰਿਹਾ ਸੀ।
ਅਨਮੋਲ ਨੇ ਦੱਸਿਆ ਕਿ ਬੀਤੀ 24 ਜੂਨ 2020 ਨੂੰ ਮਨਜੀਤ ਸਿੰਘ ਤੇ ਉਹ ਘਰੇਲੂ ਸਮਾਨ ਖਰੀਦ ਕਰਕੇ ਆਪਣੇ ਘਰ ਭਾਰਤ ਨਗਰ ਨੂੰ ਵੱਖ ਵੱਖ ਮੋਟਰਸਾਈਕਲਾਂ ਤੇ ਜਾ ਰਹੇ ਸੀ। ਅਨਮੋਲ ਨੇ ਦੱਸਿਆ ਕਿ ਜਦ ਉਹ ਨੇੜੇ ਪੁਲਿਸ ਲਾਈਨ ਕੋਲ ਪਹੁੰਚੇ ਤਾਂ ਇਕ ਅਣਪਛਾਤੀ ਗੱਡੀ ਮਨਜੀਤ ਸਿੰਘ ਦੇ ਮੋਟਰਸਾਈਕਲ ਨਾਲ ਐਕਸੀਡੈਂਟ ਕਰਕੇ ਚਲੀ ਗਈ। ਇਸ ਹਾਦਸੇ ਵਿਚ ਮਨਜੀਤ ਸਿੰਘ ਜ਼ਖਮੀਂ ਹੋ ਗਿਆ ਤੇ ਜਿਸ ਦੀ ਸਿਵਲ ਹਸਪਤਾਲ ਫਿਰੋਜ਼ਪੁਰ ਲਿਜਾਂਦੇ ਸਮੇਂ ਰਸਤੇ ਵਿਚ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਦੇ ਸਬ ਇੰਸਪੈਕਟਰ ਮਹਿਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਖਿਲਾਫ 304-ਏ ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।