ਲੋਕੇਸ਼ ਰਿਸ਼ੀ
ਗੁਰਦਾਸਪੁਰ, 01 ਜੁਲਾਈ 2020 - ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫ਼ਾਕ ਵੱਲੋਂ ਅੱਜ ਸਵੇਰੇ ਬਟਾਲਾ ਤਹਿਸੀਲ ਦੇ ਪਿੰਡ ਮੂਲਾ ਸੁਨੱਈਆ, ਸੈਦ ਮੁਬਾਰਕ ਅਤੇ ਕੋਟਲਾ ਸਰਫ਼ ਦਾ ਦੌਰਾ ਕਰਕੇ ਪਿੰਡ ਵਾਸੀਆਂ ਨੂੰ ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਵੀ ਲਿਆ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਪਿੰਡ ਵਾਸੀਆਂ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਘਰ ਤੱਕ ਪੀਣ ਲਈ ਸ਼ੁੱਧ ਤੇ ਸਾਫ਼ ਪਾਣੀ ਪਹੁੰਚਾਉਣ ਲਈ ਯਤਨਸ਼ੀਲ ਹੈ ਅਤੇ ਸਰਕਾਰ ਵੱਲੋਂ ਹਰ ਪਿੰਡ ਵਿੱਚ ਜਲ ਸਪਲਾਈ ਸਕੀਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਘਰ ਵਿੱਚ ਲਗਾਈ ਸਬਮਰਸੀਬਲ ਮੋਟਰ ਦੇ ਮੁਕਾਬਲੇ ਸਰਕਾਰੀ ਟੈਂਕੀ ਦਾ ਪਾਣੀ ਜ਼ਿਆਦਾ ਸ਼ੁੱਧ ਤੇ ਸਾਫ਼ ਹੈ, ਇਸ ਲਈ ਹਰ ਕਿਸੇ ਨੂੰ ਸਰਕਾਰੀ ਪਾਣੀ ਦਾ ਕੁਨੈਕਸ਼ਨ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਇਸ ਸਾਲ 70 ਹਜ਼ਾਰ ਨਵੇਂ ਪਾਣੀ ਦੇ ਕੁਨੈਕਸ਼ਨ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਵੱਛਤਾ ਮੁਹਿੰਮ ਤਹਿਤ ਹਰ ਘਰ ਵਿੱਚ ਪਖਾਨੇ ਬਣਾਉਣ ਲਈ ਤਿੰਨ ਪਾਇਲਟ ਵਿੱਚ 15000 ਰੁਪਏ ਦੀ ਮਾਲੀ ਇਮਦਾਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਇੱਕ ਜਾਂ ਦੋ ਕਿਸ਼ਤਾਂ ਪਖਾਨੇ ਬਣਾਉਣ ਲਈ ਲਈਆਂ ਹੋਈਆਂ ਹਨ ਉਹ ਆਪਣੇ ਘਰ ਦੀ ਟਾਇਲਟ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰ ਲੈਣ ਤਾਂ ਜੋ ਸਰਕਾਰ ਵੱਲੋਂ ਉਨ੍ਹਾਂ ਦੇ ਖਾਤੇ ਵਿੱਚ ਬਕਾਇਆ ਰਾਸ਼ੀ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਹਰ ਪਿੰਡ ਵਿੱਚ ਨਿਗਰਾਨ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਜੋ ਖੁੱਲ੍ਹੇ ਵਿੱਚ ਜੰਗਲ ਪਾਣੀ ਨਾ ਜਾਣ ਲਈ ਲੋਕਾਂ ਨੂੰ ਜਾਗਰੂਕ ਕਰਨਗੀਆਂ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ। ਉਨ੍ਹਾਂ ਕਿਹਾ ਕਿ ਪੰਚਾਇਤਾਂ ਪੌਦਿਆਂ ਦੀ ਸਾਂਭ-ਸੰਭਾਲ ਲਈ ਮਨਰੇਗਾ ਸਕੀਮ ਤਹਿਤ ਵਣ ਮਿੱਤਰ ਵੀ ਰੱਖ ਸਕਦੀਆਂ ਹਨ। ਉਨ੍ਹਾਂ ਕਿਹਾ ਕਿ 200 ਪੌਦਿਆਂ ਨੂੰ ਪਾਲਣ ਲਈ ਇੱਕ ਵਣ ਮਿੱਤਰ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਬਰਸਾਤੀ ਸੀਜ਼ਨ ਵਿੱਚ ਜ਼ਿਲ੍ਹੇ ਵਿੱਚ 10 ਲੱਖ ਨਵੇਂ ਪੌਦੇ ਲਗਾਏ ਜਾਣ ਦਾ ਟਾਰਗੇਟ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵੱਧ ਤੋਂ ਵੱਧ ਮਨਰੇਗਾ ਦੇ ਜਾਬ-ਕਾਰਡ ਬਣਾਏ ਜਾਣ ਤਾਂ ਜੋ ਲੋਕਾਂ ਨੂੰ ਰੁਜ਼ਗਾਰ ਮਿਲਣ ਦੇ ਨਾਲ ਪਿੰਡਾਂ ਦਾ ਵਿਕਾਸ ਵੀ ਹੋ ਸਕੇ। ਇਸ ਮੌਕੇ ਉਨ੍ਹਾਂ ਪਿੰਡਾਂ ਵਿੱਚ ਚੱਲ ਰਹੀ ਛੱਪੜਾਂ ਦੀ ਸਫ਼ਾਈ ਤੇ ਹੋਰ ਵਿਕਾਸ ਕਾਰਜਾਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਕਿਹਾ ਕਿ ਇਸ ਸਾਲ ਜ਼ਿਲ੍ਹੇ ਦੇ 600 ਪਿੰਡਾਂ ਦੇ ਛੱਪੜਾਂ ਦਾ ਥਾਪਰ ਮਾਡਲ ਵਜੋਂ ਨਵੀਨੀਕਰਨ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਪਿੰਡਾਂ ਦੇ ਲੋਕਾਂ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਹਾਇਕ ਧੰਦੇ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਸਹਾਇਕ ਧੰਦੇ ਸ਼ੁਰੂ ਕਰਨ ਲਈ ਸਰਕਾਰ ਵੱਲੋਂ ਆਰਥਿਕ ਸਹਾਇਤਾ ਕੀਤੀ ਜਾਵੇਗੀ।