ਰਜਨੀਸ਼ ਸਰੀਨ
ਨਵਾਂ ਸ਼ਹਿਰ, 4 ਜੁਲਾਈ 2020 - ਦੇਰ ਰਾਤ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਆਈਆਂ 15 ਸੈਂਪਲਾਂ ਦੀਆਂ ਰਿਪੋਰਟਾਂ ਚੋਂ 3 ਸੈਂਪਲ ਪਾਜ਼ਿਟਿਵ ਪਏ ਗਏ ਜਦਕਿ 12 ਨੈਗੇਟਿਵ ਪਏ ਗਏ।
ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਨੇ ਦੱਸਿਆ ਕਿ ਇਨ੍ਹਾਂ ਪਾਜ਼ਿਟਿਵ ਮਰੀਜ਼ਾਂ ਚ ਦੋ ਬਿਹਾਰ ਤੇ ਪੱਛਮੀ ਬੰਗਾਲ ਨਾਲ ਸਬੰਧਤ 26 ਤੇ 35 ਸਾਲ ਦੇ ਪਰਵਾਸੀ ਹਨ ਜੋ ਕਿ ਲੜੋਆ ਵਿਖੇ ਆਏ ਹੋਏ ਸਨ ਜਦਕਿ ਇਕ ਨਵਾਂ ਸ਼ਹਿਰ ਦੇ ਵਿਕਾਸ ਨਗਰ ਨਾਲ ਸਬੰਧਤ ਮਹਿਲਾ (23 ਸਾਲ) ਸ਼ਾਮਿਲ ਹੈ।
ਉਨ੍ਹਾਂ ਦੱਸਿਆ ਕਿ ਲੋਕਾਂ ਵਿਚ ਕੋਵਿਡ ਨੂੰ ਲੈ ਕੇ ਜਾਗਰੂਕਤਾ ਆਉਣ ਲੱਗੀ ਹੈ ਅਤੇ ਲੋਕ ਖੁਦ ਹੀ ਆਪਣੇ ਬਾਹਰੋਂ ਆਉਣ ਬਾਰੇ ਦੱਸ ਕੇ ਆਪਣੇ ਟੈਸਟ ਕਰਵਾਉਣ ਨੂੰ ਤਰਜੀਹ ਦੇਣ ਲੱਗੇ ਹਨ। ਡਾਕਟਰ ਭਾਟੀਆ ਅਨੁਸਾਰ ਦੇਰ ਰਾਤ ਆਏ ਇਨ੍ਹਾਂ ਤਿੰਨਾਂ ਮਰੀਜ਼ਾਂ ਦੀਆਂ ਰਿਪੋਰਟਾਂ ਅਤੇ ਬੀਤੀ ਸ਼ਾਮ ਜ਼ਿਲ੍ਹਾ ਹਸਪਤਾਲ ਵਿਖੇ ਟਰੂ ਨਾਟ ਮਸ਼ੀਨ ਤੇ ਕਰਵਾਏ ਟੈਸਟ ਚ ਪਾਜ਼ਿਟਿਵ ਪਾਏ ਗਏ, ਰਾਹੋਂ ਦੇ ਕੈਮਿਸਟ ਦੇ ਸੰਪਰਕ ਚ ਆਏ ਇੱਕ 65 ਸਾਲਾ ਵਿਅਕਤੀ ਦੇ ਮਾਮਲੇ ਤੋਂ ਬਾਅਦ, ਜ਼ਿਲ੍ਹੇ ਚ ਐਕਟਿਵ ਕੇਸਾਂ ਦੀ ਗਿਣਤੀ 29 ਹੋ ਗਈ ਹੈ।
ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਭੈਅ ਭੀਤ ਹੋਣ ਦੀ ਬਜਾਏ ਇਸ ਬਿਮਾਰੀ ਨਾਲ ਸਬੰਧਤ ਲੱਛਣ ਪਾਏ ਜਾਣ ਤੇ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਚ ਸਥਾਪਿਤ ਫ਼ਲੂ ਕਾਰਨਰ ਤੇ ਜਾਣ ਲਈ ਸਲਾਹ ਦਿੱਤੀ ਹੈ ਤਾਂ ਜੋ ਸਮੇਂ ਸਿਰ ਟੈਸਟ ਕਰਵਾ ਕੇ ਬਿਮਾਰੀ ਦੀ ਪੁਸ਼ਟੀ ਹੋ ਸਕੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਚ ਕੰਟਰੋਲ ਰੂਮ ਨੰਬਰਾਂ 01823-227470, 227471, 227473 ਅਤੇ 227474 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਕੋਵਿਡ ਤੋਂ ਬਚਾਅ ਲਈ ਸਿਹਤ ਵਿਭਾਗ ਵਲੋਂ ਸੁਝਾਈਆਂ ਤਿੰਨ ਮੁੱਖ ਸਾਵਧਾਨੀਆਂ ਜਿਨ੍ਹਾਂ ਚ ਘਰ ਤੋਂ ਬਾਹਰ ਨਿਕਲਣ ਵੇਲੇ ਮਾਸਕ ਦੀ ਵਰਤੋਂ, ਭੀੜ ਭਰੇ ਥਾਵਾਂ ਤੋਂ ਦੂਰ ਰਹਿ ਕੇ ਘੱਟੋ ਘੱਟ ਦੋ ਗਜ਼ ਦੀ ਸਮਾਜਿਕ ਦੂਰੀ ਬਰਕਰਾਰ ਰੱਖਣਾ ਅਤੇ ਆਪਣੇ ਹੱਥਾਂ ਨੂੰ ਵਾਰ ਵਾਰ ਧੋਣਾ ਤੇ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਵਾਰ ਵਾਰ ਛੂਹਣ ਤੋਂ ਪਰਹੇਜ਼ ਕਰਨਾ ਸ਼ਾਮਿਲ ਹਨ, ਦੀ ਲਾਜ਼ਮੀ ਪਾਲਣਾ ਕਰਨ।