ਲੋਕੇਸ਼ ਰਿਸ਼ੀ
ਗੁਰਦਾਸਪੁਰ, 04 ਜੁਲਾਈ 2020- ਸਨਿੱਚਰਵਾਰ ਨੂੰ ਸਥਾਨਕ ਸ਼ਿਵ ਸੈਨਾ ਹਿੰਦੁਸਤਾਨ ਦੇ ਕਾਰਕੁਨਾਂ ਵੱਲੋਂ ਰੈਫਰੰਡਮ 2020 ਦੇ ਖ਼ਿਲਾਫ਼ ਆਪਣਾ ਵਿਰੋਧ ਜ਼ਾਹਿਰ ਕਰਦਿਆਂ ਹੋਇਆਂ ਗੁਰ ਪਤਵੰਤ ਸਿੰਘ ਪੰਨੂ ਦਾ ਪੁਤਲਾ ਫੂਕਿਆ ਗਿਆ ਅਤੇ ਖ਼ਾਲਿਸਤਾਨ ਸਮਰਥਕਾਂ ਦੇ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਉੱਤਰ ਭਾਰਤ ਯੂਥ ਦੇ ਪ੍ਰਮੁੱਖ ਹਨੀ ਮਹਾਜਨ ਅਤੇ ਜ਼ਿਲ੍ਹਾ ਸਕੱਤਰ ਮਹਿੰਗੀ ਮਹਾਜਨ ਨੇ ਕਿਹਾ ਕਿ ਗੁਰ ਪਤਵੰਤ ਸਿੰਘ ਪੰਨੂ ਰੈਫਰੰਡਮ 2020 ਦੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਕੇ ਗੁਮਰਾਹ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦਾ ਮਾਹੌਲ ਅਨੇਕਾਂ ਕੁਰਬਾਨੀਆਂ ਤੋਂ ਬਾਦ ਠੀਕ ਹੋਇਆ ਸੀ। ਪਰ ਪੰਨੂ ਪੰਜਾਬ ਦੇ ਮਾਹੌਲ ਨੂੰ ਮੁੜ ਤੋਂ ਖ਼ਰਾਬ ਕਰਨ ਦੀਆਂ ਸਾਜ਼ਿਸ਼ਾਂ ਰਚ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਪੰਨੂ ਅਤੇ ਉਸ ਦੇ ਬਾਕੀ ਸਾਥੀਆਂ ਨੂੰ ਪਹਿਲਾਂ ਹੀ ਅੱਤਵਾਦੀ ਘੋਸ਼ਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਹੁਣ ਉਸ ਨੂੰ ਵਿਦੇਸ਼ ਤੋਂ ਗ੍ਰਿਫ਼ਤਾਰ ਕਰ ਕੇ ਭਾਰਤ ਲਿਆਂਦਾ ਜਾਵੇ ਅਤੇ ਜੇਲ੍ਹ ਦੀਆਂ ਸੀਖਾਂ ਅੰਦਰ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਹਿੰਦੁਸਤਾਨ ਅਤੇ ਪੰਜਾਬ ਵਾਸੀ ਕਿਸੇ ਵੀ ਕੀਮਤ ਤੇ ਅਜਿਹੇ ਲੋਕਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦੇਣਗੇ।