ਮੁੱਖ ਖੇਤੀਬਾੜੀ ਅਫਸਰ ਡਾ. ਇੰਦਰਪਾਲ ਸਿੰਘ ਸੰਧੂ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 07 ਜੁਲਾਈ : ਮੁੱਖ ਖੇਤੀਬਾੜੀ ਅਫਸਰ ਡਾ. ਇੰਦਰਪਾਲ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਜ਼ਿਲ੍ਹੇ ਵਿੱਚ ਝੋਨੇ ਦੀ ਲੁਆਈ ਦਾ ਸਾਰਾ ਦਾਰੋਮਦਾਰ ਪ੍ਰਵਾਸੀ ਮਜ਼ਦੂਰਾਂ ਉਪਰ ਹੀ ਟਿਕਿਆ ਰਿਹਾ ਹੈ। ਕੋਰੋਨਾ ਪ੍ਰਕੋਪ ਕਾਰਨ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਦੇ ਬਾਵਜੂਦ ਜ਼ਿਲ੍ਹੇ ਅੰਦਰ ਗੈਰ ਬਾਸਮਤੀ ਝੋਨੇ ਦੀ ਲੁਆਈ ਇਸ ਵੇਲੇ ਸਮਾਪਤੀ ਦੇ ਨੇੜੇ ਢੁੱਕ ਗਈ ਹੈ ਅਤੇ ਜ਼ਿਲ੍ਹੇ ਵਿੱਚ ਤਕਰੀਬਨ 90 ਫੀਸਦੀ ਝੋਨੇ ਤੀ ਬਿਜਾਈ ਹੋ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਬਲਾਕਾਂ ਵਿੱਚ ਕਿਸਾਨਾਂ ਨਾਲ ਕੀਤੀ ਗੱਲਬਾਤ ਤੋਂ ਪਤਾ ਲੱਗਾ ਹੈ ਕਿ ਝੋਨਾ ਲਗਾਉਣ ਵਿੱਚ ਕਿਸਾਨਾਂ ਨੂੰ ਕੋਈ ਖਾਸ ਦਿੱਕਤ ਨਹੀਂ ਆਈ। ਡਾ. ਸੰਧੂ ਨੇ ਦੱਸਿਆ ਕਿ ਕੋਰੋਨਾ ਆਫਤ ਕਾਰਨ ਕਿਰਤ ਕਰਨ ਵੱਲ ਪਏ ਮੋੜੇ ਤਹਿਤ ਤੇ ਸ਼ਹਿਰਾਂ ਵਿੱਚ ਕੰਮਾਂ ਦੀ ਕਿੱਲਤ ਕਾਰਨ ਪੇਂਡੂ ਮਜ਼ਦੂਰ ਹੀ ਨਹੀਂ ਸਗੋਂ ਵੱਡੀ ਗਿਣਤੀ 'ਚ ਕਿਸਾਨ ਪਰਿਵਾਰ ਵੀ ਲੱਕ ਬੰਨ੍ਹ ਕੇ ਕੰਮ ਕਰਦੇ ਦਿਖਾਈ ਦਿੱਤੇ।
ਉਨ੍ਹਾਂ ਦੱਸਿਆ ਕਿ ਮੁੱਢਲੇ ਦਿਨਾਂ ਵਿੱਚ ਕਿਸਾਨ-ਖੇਤ ਮਜ਼ਦੂਰਾਂ ਵਿੱਚ ਦਿਹਾੜੀ ਦੇ ਮਾਮਲੇ ਨੂੰ ਲੈ ਕੇ ਕੁਝ ਪਿੰਡਾਂ ਵਿੱਚ ਕਸ਼ਮਕਸ਼ ਦੇਖਣ ਨੂੰ ਜ਼ਰੂਰ ਮਿਲੀ ਸੀ, ਜਿਸ ਦੇ ਹੱਲ ਲਈ ਸਮੂਹ ਬਲਾਕਾਂ ਵਿੱਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਮਿਲਣੀਆਂ ਕਰਵਾਈਆਂ ਗਈਆਂ, ਜਿਸ ਦੀ ਚੰਗੇ ਨਤੀਜੇ ਸਾਹਮਣੇ ਆਏ। ਇਸ ਨਾਲ ਪਿੰਡਾਂ ਵਿੱਚ ਭਾਈਚਾਰਕ ਸਾਂਝ ਵਧੀ ਹੈ ਅਤੇ ਕਿਸਾਨ ਤੇ ਖੇਤ ਮਜ਼ਦੂਰਾਂ ਵਿੱਚ ਝੋਨੇ ਦੀ ਲੁਆਈ ਸਬੰਧੀ ਸਹਿਮਤੀ ਬਣੀ। ਉਨ੍ਹਾਂ ਹੋਰ ਦੱਸਿਆ ਕਿ ਖੇਤ ਮਜ਼ਦੂਰਾਂ ਤੇ ਕਿਸਾਨਾਂ ਦੀ ਹਿੰਮਤ ਸਦਕਾ ਇਸ ਵਾਰ ਝੋਨੇ ਦੀ ਲੁਆਈ ਸਮੇਂ ਤੋਂ ਪਹਿਲਾਂ ਮੁਕੰਮਲ ਹੋਣ ਦੀ ਸੰਭਾਵਨਾ ਹੈ ਅਤੇ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਕਿਸਾਨ ਹਿੱਤਾਂ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ। ਡਾ. ਸੰਧੂ ਨੇ ਦੱਸਿਆ ਕਿ ਬਾਸਮਤੀ ਦੀ ਲੁਆਈ ਦਾ ਕੰਮ ਅਜੇ ਸ਼ੁਰੂ ਹੋਣਾ ਹੈ, ਪ੍ਰੰਤੂ ਬਾਸਮਤੀ ਲਗਾਉਣ ਲਈ ਹੁਣ ਮਜ਼ਦੂਰ ਕਾਫੀ ਹਨ ਅਤੇ ਬਾਸਮਤੀ ਦੀ ਲੁਆਈ ਸਮੇਂ ਸਿਰ ਮੁਕੰਮਲ ਕਰ ਲਈ ਜਾਵੇਗੀ।