ਗੁਰੂ ਹਰਸਹਾਏ ਵਿਖੇ ਕੀਤੇ ਗਏ ਰੋਸ ਪ੍ਰਦਰਸ਼ਨ ਮੌਕੇ ਧਰਨੇ ਦੀ ਅਗਵਾਈ ਕਰਦੇ ਹੋਏ ਵਰਦੇਵ ਸਿੰਘ ਮਾਨ ਵਰਕਰਾਂ , ਆਗੂਆਂ ਦੇ ਨਾਲ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 7 ਜੁਲਾਈ : ਡੀਜ਼ਲ ਪੈਟਰੋਲ ਦੀਆਂ ਵੱਧ ਕੀਮਤਾਂ , ਗਰੀਬ ,ਪਛੜੇ ਵਰਗ ਦੇ ਲੋਕਾਂ ਦੇ ਰਾਸ਼ਨ ਕਾਰਡ ਰੱਦ ਕਰਨ ਅਤੇ ਚੋਣਾਂ ਮੌਕੇ ਕੀਤੇ ਹੋਏ ਵਾਅਦੇ ਨਾ ਪੂਰੇ ਕਰਨ ਦੇ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ 7 ਜੁਲਾਈ ਨੂੰ ਧਰਨੇ ਮੁਜ਼ਾਹਰੇ ਕਰ ਕੇ ਕੀਮਤਾਂ ਨੂੰ ਨੱਥ ਪਾਉਣ ਦੀ ਮੰਗ ਕੀਤੀ ਗਈ ।
ਗੋਲੂ ਕਾ ਮੋੜ ਤੇ ਰੋਸ ਧਰਨਾ ਦੇ ਕੇ ਵਿਰੋਧ ਦਰਜ ਕਰਵਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਜਝਾਰੂ ਵਰਕਰ
------------------------------------------------------------
ਇਹਨਾਂ ਧਰਨਿਆਂ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਪੈਟਰੋਲੀਅਮ ਪਦਾਰਥਾਂ ਉਪਰ ਟੈਕਸ ਘੱਟ ਕਰਨ ਦੀ ਮੰਗ ਕੀਤੀ ਗਈ ।
ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਵੱਖ - ਵੱਖ ਪਿੰਡਾਂ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਧਰਨਾ ਦੇ ਕੇ ਕੇਂਦਰ ਅਤੇ ਪੰਜਾਬ ਸਰਕਾਰ ਵੱਲ ਇਹ ਸੰਦੇਸ਼ ਭੇਜਣ ਦੀ ਕੋਸ਼ਿਸ਼ ਕੀਤੀ ਗਈ ।
ਮੁੱਖ ਸੇਵਾਦਾਰ ਸ਼੍ਰੋਮਣੀ ਅਕਾਲੀ ਦਲ ਹਲਕਾ ਗੁਰੂ ਹਰਸਹਾਏ ਜੱਥੇਦਾਰ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਹੇਠ ਗੁਰੂਹਰਸਹਾਏ ਵਿਖੇ ਦਿੱਤੇ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ , ਇੱਥੋਂ ਦੇ ਕਿਸਾਨਾਂ ਲਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਸ ਤਰ੍ਹਾਂ ਖੇਤੀ ਸੈਕਟਰ ਲਈ ਬਿਜਲੀ ਮੁਫ਼ਤ ਦੇਣ ਦੀ ਸਹੂਲਤ ਦਿੱਤੀ ਸੀ ਉਸ ਤਰ੍ਹਾਂ ਹੀ ਖੇਤੀ ਸੈਕਟਰ ਲਈ ਡੀਜ਼ਲ ਉੱਪਰ ਵਿਸ਼ੇਸ਼ ਛੋਟ ਚਾਹੀਦੀ ਹੈ ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਟਰਾਂਸਪੋਰਟ ਖੇਤਰ ਵਿੱਚ ਕੰਮ ਕਰਦੇ ਪੰਜਾਬੀਆਂ ਦੀ ਰੋਜ਼ੀ ਰੋਟੀ ਵੀ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਨਾਲ ਜੁੜੀ ਹੋਈ ਹੈ ।
ਉਹਨਾਂ ਕਿਹਾ ਕਿ ਅੱਜ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਗਰੀਬਾਂ ਨੂੰ ਹੋਰ ਸਹੂਲਤਾਂ ਦੇਣੀਆਂ ਤਾਂ ਦੂਰ ਦੀ ਗੱਲ , ਬਾਦਲ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੀਲੇ ਕਾਰਡ ਵੀ ਹਜ਼ਾਰਾਂ ਦੀ ਗਿਣਤੀ ਵਿਚ ਰੱਦ ਕਰ ਦਿੱਤੇ ਹਨ ।
ਇਸ ਮੌਕੇ ਯੂਥ ਅਕਾਲੀ ਆਗੂ ਰੋਹਿਤ ਕੁਮਾਰ ਮਾਂਟੂ ਵੋਹਰਾ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਉਪਰ ਕੇਂਦਰ ਅਤੇ ਪੰਜਾਬ ਸਰਕਾਰ ਦੋਨੋਂ ਬਣਦੀ ਰਿਆਇਤ ਤੁਰੰਤ ਜਾਰੀ ਕਰਨ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਦੇਵ ਸਿੰਘ ਬੌਬੀ ਮਾਨ , ਐਡਵੋਕੇਟ ਗੁਰਸੇਵਕ ਸਿੰਘ ਕੈਸ਼ ਮਾਨ , ਜਸਪ੍ਰੀਤ ਸਿੰਘ ਮਾਨ ਇੰਚਾਰਜ ਆਈ ਟੀ ਸੈੱਲ ਲੋਕ ਸਭਾ ਹਲਕਾ ਫ਼ਿਰੋਜ਼ਪੁਰ , ਸੁਖਚੈਨ ਸਿੰਘ ਸੇਖੋਂ , ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ , ਬਲਦੇਵ ਰਾਜ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ , ਪ੍ਰੇਮ ਸਚਦੇਵਾ ਤੋਂ ਇਲਾਵਾ ਹੋਰ ਵੀ ਸੀਨੀਅਰ ਲੀਡਰ ਸੀ ਮੌਜੂਦ ਸੀ ।
ਇਸ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਪਿੰਡ ਗੋਲੂ ਕਾ ਮੋੜ , ਲੱਖੋ ਕੇ ਬਹਿਰਾਮ , ਝੋਕ ਟਹਿਲ ਸਿੰਘ ਵਾਲਾ , ਮੰਡੀ ਪੰਜੇ ਕੇ ਉਤਾੜ ਅਮੀਰ ਖਾਸ, ਸੋਹਣਗੜ੍ਹ ਰੱਤੇ ਵਾਲਾ ਵਿਖੇ ਵੀ ਅਕਾਲੀ ਆਗੂਆਂ ਵੱਲੋਂ ਧਰਨਾ ਅਤੇ ਮੁਜ਼ਾਹਰੇ ਕੀਤੇ ਗਏ ।
ਇਸ ਮੌਕੇ ਤੇਲ ਕੀਮਤਾਂ ਦੇ ਨਾਲ ਨਾਲ ਹੀ ਖੇਤੀ ਜਿਨਸਾਂ ਦੇ ਭਾਅ ਸਬੰਧੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ।
ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਵਰਕਰਾਂ ਨੇ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੇਕਰ ਕੇਂਦਰ ਅਤੇ ਪੰਜਾਬ ਸਰਕਾਰਾਂ ਵੱਲੋਂ ਇਸ ਸਬੰਧੀ ਢੁਕਵਾਂ ਹੱਲ ਨਾ ਕੀਤਾ ਗਿਆ ਤਾਂ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ ।