ਮਰੀਜ਼ਾਂ ਦੇ ਠੀਕ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਐਨ.ਕੇ. ਅਗਰਵਾਲ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 08 ਜੁਲਾਈ : ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਕੋਰੋਨਾ ਪਾਜੇਟਿਵ ਪਾਏ ਗਏ 07 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਵਾਪਸ ਆਪਣੇ ਘਰ ਪਰਤ ਆਏ ਹਨ। ਇਨ੍ਹਾਂ ਵਿਅਕਤੀਆਂ ਦਾ ਪਿਛਲੇ ਦਿਨਾਂ ਤੋਂ ਗਿਆਨ ਸਾਗਰ ਹਸਪਤਾਲ, ਬਨੂੜ ਵਿਖੇ ਇਲਾਜ ਚਲ ਰਿਹਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਐਨ.ਕੇ. ਅਗਰਵਾਲ ਨੇ ਦੱਸਿਆ ਕਿ ਬਸੀ ਪਠਾਣਾ ਦੇ ਰਿਸ਼ੀ ਉਮਰ 47 ਸਾਲ, ਪਿੰਡ ਪੋਲਾ ਦੇ ਸੰਦੀਪ ਕੁਮਾਰ ਉਮਰ 25 ਸਾਲ, ਕਰਮਜੀਤ ਕੌਰ ਉਮਰ 40 ਸਾਲ, ਪਿੰਡ ਬਧੌਛੀ ਦੀ ਜਸਵੰਤ ਕੌਰ ਉਮਰ 70 ਸਾਲ, ਪਿੰਡ ਜਖਵਾਲੀ ਤੋਂ ਸੁਰਿੰਦਰ ਕੌਰ ਉਮਰ 40 ਸਾਲ, ਪ੍ਰਭਜੋਤ ਕੌਰ ਉਮਰ 17 ਸਾਲ ਅਤੇ ਅਮਲੋਹ ਦੇ ਗੁਰਪ੍ਰੀਤ ਸਿੰਘ ਉਮਰ 38 ਸਾਲ, ਕੋਰੋਨਾ ਨੂੰ ਹਰਾ ਕੇ ਆਪਣੇ ਘਰ ਵਾਪਸ ਆ ਗਏ ਹਨ।
ਸਿਵਲ ਸਰਜਨ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ 'ਤੇ ਫ਼ਤਿਹ ਪਾਉਣ ਲਈ ਸ਼ੁਰੂ ਕੀਤੇ ਗਏ ਮਿਸ਼ਨ ਫ਼ਤਿਹ ਅਧੀਨ ਜ਼ਿਲ੍ਹੇ ਵਿੱਚ ਹੁਣ ਤੱਕ ਕੋਰੋਨਾ ਦੇ ਕੁੱਲ 11350 ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ10660 ਸੈਂਪਲ ਨੈਗੇਟਿਵ ਆਏ ਹਨ। ਉਨ੍ਹਾਂ ਦੱਸਿਆ ਕਿ 559 ਦੀ ਰਿਪੋਰਟ ਪੈਂਡਿੰਗ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 131 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ, ਜਿਨ੍ਹਾਂ ਵਿੱਚੋਂ 114 ਵਿਅਕਤੀ ਇਲਾਜ ਉਪਰੰਤ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ।