ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲੀਸ ਮੁਖੀ ਸ੍ਰੀਮਤੀ ਅਮਨੀਤ ਕੌਂਡਲ,ਐਸ ,ਪੀ ਹਰਪਾਲ ਸਿੰਘ ਅਤੇ ਡੀ ,ਐਸ ,ਪੀ ਸੁਖਮਿੰਦਰ ਚੌਹਾਨ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 30 ਜੁਲਾਈ :ਬੀਤੀ 28 ਜੁਲਾਈ ਨੂੰ ਸ਼੍ਰੀਮਤੀ ਅਮਨੀਤ ਕੌਂਡਲ ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਤਰਸੇਮ ਸਿੰਘ ਵਾਸੀ ਬਰਾਸ ਦਾ ਕਤਲ ਹੋਣ ਸਬੰਧੀ ਨਾ-ਮਾਲੂਮ ਵਿਅਕਤੀਆਂ ਖਿਲਾਫ ਥਾਣਾ ਬਡਾਲੀ ਆਲਾ ਸਿੰਘ ਵਿਖੇ ਕੇਸ ਦਰਜ ਕੀਤਾ ਗਿਆ ਸੀ ਤੇ ਪੁਲੀਸ ਨੇ 48 ਘੰਟਿਆਂ ਦੇ ਅੰਦਰ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ
ਸ੍ਰੀਮਤੀ ਅਮਨੀਤ ਕੌਂਡਲ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਸੁਰਜੀਤ ਕੌਰ ਵਿਧਵਾ ਆਸਾ ਸਿੰਘ ਵਾਸੀ ਪਿੰਡ ਬਰਾਸ ਨੇ ਮੁੱਖ ਅਫਸਰ ਥਾਣਾ ਬਡਾਲੀ ਆਲਾ ਸਿੰਘ ਪਾਸ ਆਪਣਾ ਬਿਆਨ ਲਿਖਵਾਇਆ ਸੀ ਕਿ ਉਸ ਦਾ ਵੱਡਾ ਲੜਕਾ ਤਰਸੇਮ ਸਿੰਘ, ਜੋ ਕਿ ਪਰਮਜੀਤ ਕੌਰ ਨਾਲ ਵਿਆਹਿਆ ਹੋਇਆ ਸੀ ਤੇ ਉਸ ਦੇ 02 ਬੱਚੇ ਹਨ, ਆਪਣੇ ਵੱਖਰੇ ਮਕਾਨ ਵਿੱਚ ਰਹਿੰਦਾ ਸੀ, ਤਰਸੇਮ ਸਿੰਘ ਦੀ ਪਤਨੀ ਆਪਣੇ ਬੱਚਿਆਂ ਸਮੇਤ ਪੇਕੇ ਗਈ ਹੋਈ ਸੀ, ਮਿਤੀ 25-07-2020 ਨੂੰ ਤਰਸੇਮ ਸਿੰਘ ਸੁਰਜੀਤ ਕੌਰ ਪਾਸੋਂ ਰਾਤ ਕਰੀਬ 10:30 ਵਜੇ ਆਪਣੀ ਰੋਟੀ ਲੈ ਕੇ ਆਪਣੇ ਘਰ ਚਲਾ ਗਿਆ, ਜਦੋ ਸਵੇਰੇ 5:00 ਵਜੇ ਸੁਰਜੀਤ ਕੌਰ ਉਸ ਨੂੰ ਚਾਹ ਦੇਣ ਗਈ ਤਾਂ ਤਰਸੇਮ ਸਿੰਘ ਦੇ ਘਰ ਨੂੰ ਜਿੰਦਾ ਲੱਗਾ ਹੋਇਆ ਸੀ, ਜਿਸ ਕਾਰਨ ਸੁਰਜੀਤ ਕੌਰ ਨੇ ਆਪਣੇ ਦੂਸਰੇ ਲੜਕੇ ਸੁਖਵਿੰਦਰ ਸਿੰਘ ਅਤੇ ਪਿੰਡ ਦੇ ਹੋਰ ਬੰਦਿਆਂ ਸਮੇਤ ਤਰਸੇਮ ਸਿੰਘ ਦੀ ਤਲਾਸ਼ ਕੀਤੀ ਤਾਂ ਉਸ ਦੇ ਲੜਕੇ ਤਰਸੇਮ ਸਿੰਘ ਦੀ ਲਾਸ਼ ਪੀਰ ਬਾਬਾ ਦੀ ਮਜਾਰ ਕੋਲ ਸੂਏ ਵਿੱਚ ਪਈ ਮਿਲੀ, ਜਦੋਂ ਤਰਮੇਸ ਸਿੰਘ ਦੀ ਲਾਸ਼ ਨੂੰ ਸੂਏ 'ਚੋਂ ਬਾਹਰ ਕੱਢ ਕੇ ਦੇਖਿਆ ਤਾਂ ਤਰਸੇਮ ਸਿੰਘ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੇ ਵਾਰ ਸਨ
ਸੁਰਜੀਤ ਕੌਰ ਦੇ ਬਿਆਨ 'ਤੇ ਮੁਕੱਦਮਾ ਨੰ 91 ਮਿਤੀ 26-7-2020 ਅ/ਧ 302,201,34 ਹਿੰ:ਦੰ:, ਥਾਣਾ ਬਡਾਲੀ ਆਲਾ ਸਿੰਘ ਵਿਖੇ ਦਰਜ ਕਰ ਕੇ ਇਸ ਦੀ ਤਫਤੀਸ਼ ਡੂੰਘਾਈ ਨਾਲ ਅਮਲ ਵਿੱਚ ਲਿਆਂਦੀ ਗਈ,ਹਰਪਾਲ ਸਿੰਘ, ਕਪਤਾਨ ਪੁਲਿਸ (ਡੀ) ਅਤੇ ਸੁਖਮਿੰਦਰ ਸਿੰਘ ਚੌਹਾਨ, ਉਪ ਕਪਤਾਨ ਪੁਲਿਸ,ਬਸੀ ਪਠਾਣਾਂ ਦੀ ਨਿਗਰਾਨੀ ਹੇਠ ਇੰਸ: ਨਵਦੀਪ ਸਿੰਘ, ਮੁੱਖ ਅਫਸਰ ਥਾਣਾ ਬਡਾਲੀ ਆਲਾ ਸਿੰਘ ਨੇ ਸਮੇਤ ਸਬ ਇੰਸਪੈਕਟਰ ਗੁਲਜ਼ਾਰੀ ਲਾਲ ਅਤੇ ਸਾਥੀ ਕਰਮਚਾਰੀਆਂ ਵੱਲੋਂ ਕੀਤੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਦੇ ਸਕੇ ਭਰਾ ਸੁਖਵਿੰਦਰ ਸਿੰਘ ਅਤੇ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਦੇ ਕਥਿਤ ਨਾਜਾਇਜ਼ ਸਬੰਧ ਸਨ, ਜਿਨ੍ਹਾਂ ਨੇ ਆਪਣੇ ਰਸਤੇ ਵਿੱਚੋਂ ਤਰਸੇਮ ਸਿੰਘ ਨੂੰ ਹਟਾਉਣ ਲਈ ਪਹਿਲਾਂ ਤੋਂ ਹੀ ਬਣਾਈ ਸ਼ਾਜਿਸ ਤਹਿਤ ਅਰਜਨ ਕੁਮਾਰ ਵਾਸੀ ਭਾਗੋ ਮਾਜਰਾ, ਮੋਹਾਲੀ, ਅਜੇ ਕੁਮਾਰ ਵਾਸੀ ਪਿੰਡ ਬਰਾਸ ਅਤੇ ਰਿਸ਼ੀ ਵਾਸੀ ਚੰਡੀਗੜ੍ਹ ਨੂੰ 50,000 ਰੁਪਏ ਦਾ ਲਾਲਚ ਦੇ ਕੇ ਆਪਣੇ ਨਾਲ ਮਿਲਾ ਕੇ ਮਿਤੀ 25-07-2020 ਦੀ ਰਾਤ ਨੂੰ ਤਰਸੇਮ ਸਿੰਘ ਨੂੰ ਸਰਾਬ ਪੀਣ ਲਈ ਸੂਏ ਪਾਸ ਬੁਲਾ ਕੇ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਕੇ ਲਾਸ਼ ਸੂਏ ਵਿੱਚ ਸੁੱਟ ਦਿੱਤੀ
ਮੁਲਜ਼ਮ ਸੁਖਵਿੰਦਰ ਸਿੰਘ, ਪਰਮਜੀਤ ਕੌਰ, ਅਜੈ ਅਤੇ ਅਰਜਨ ਕੁਮਰ ਨੂੰ ਗ੍ਰਿਫਤਾਰ ਕਰ ਕੇ ਵਾਰਦਾਤ ਵਿੱਚ ਵਰਤੀ ਕੁਹਾੜੀ ਬਰਾਮਦ ਕਰ ਲਈ ਗਈ ਹੈ ਅਤੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ, ਮੁਲਜ਼ਮ ਰਿਸ਼ੀ ਦੀ ਗ੍ਰਿਫਤਾਰੀ ਬਾਕੀ ਹੈ, ਜਿਸ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ