ਪਿੰਡ ਹਰਦਾਸਪੁਰ ਵਿਖੇ ਡੀ.ਡੀ.ਪੀ.ਓ. ਸੁਰਿੰਦਰ ਸਿੰਘ ਢਿੱਲੋਂ ਪਿੰਡ ਦਾ ਦੌਰਾ ਕਰਦੇ ਹੋਏ
ਦੀਦਾਰ ਗੁਰਨਾ
ਪਟਿਆਲਾ, 30 ਜੁਲਾਈ : ਪਟਿਆਲਾ ਜ਼ਿਲ੍ਹੇ ਦਾ ਪਿੰਡ ਹਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਸਦਕਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੁਣ ਪੂਰੀ ਤਰ੍ਹਾਂ ਕੂੜਾ ਮੁਕਤ ਹੋ ਗਿਆ ਹੈ, ਇਸ ਸਬੰਧੀ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪਿਛਲੇ ਸਾਲ 2 ਅਕਤੂਬਰ ਨੂੰ ਹਰਦਾਸਪੁਰ ਪਿੰਡ ਵਿਖੇ ਰਾਊਂਡ ਗਲਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਘਰ-ਘਰ ਤੋਂ ਗਿੱਲੇ ਤੇ ਸੁੱਕੇ ਕੂੜੇ ਨੂੰ ਇਕੱਠਾ ਕਰਕੇ ਗਿੱਲੇ ਕੂੜੇ ਤੋਂ ਖਾਦ ਤਿਆਰ ਕਰਨ ਦਾ ਕੰਮ ਆਰੰਭ ਕੀਤਾ ਸੀ, ਜਿਸ 'ਚ ਪਿੰਡ ਵਾਸੀਆਂ ਵੱਲੋਂ ਪੂਰਾ ਸਹਿਯੋਗ ਦਿੰਦਿਆ ਪਿੰਡ ਨੂੰ ਸਾਫ਼ ਸੁਥਰਾ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ 'ਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ
ਡਾ. ਪ੍ਰੀਤੀ ਯਾਦਵ ਨੇ ਅੱਗੇ ਦੱਸਿਆ ਕਿ 2 ਹਜ਼ਾਰ ਆਬਾਦੀ ਵਾਲੇ ਇਸ ਪਿੰਡ ਦੀ ਗਰਾਮ ਪੰਚਾਇਤ ਨੇ ਗਿੱਲੇ ਕੂੜੇ ਤੋਂ ਖਾਦ ਤਿਆਰ ਕਰਨ ਲਈ ਮਨਰੇਗਾ ਤਹਿਤ ਪਿੱਟਸ ਤਿਆਰ ਕੀਤੀਆਂ ਹਨ, ਜਿਨ੍ਹਾਂ ਵਿੱਚ ਗਿੱਲਾ ਕੂੜਾ ਇਕੱਠਾ ਕਰਕੇ ਆਰਗੈਨਿਕ ਖਾਦ ਤਿਆਰ ਕੀਤੀ ਜਾ ਰਹੀ ਹੈ, ਉਨ੍ਹਾਂ ਦੱਸਿਆ ਕਿ ਪਿੰਡ 'ਚੋਂ ਕੂੜਾ ਇਕੱਠਾ ਕਰਨ ਲਈ ਦੋ ਵਿਅਕਤੀ ਵੀ ਰੱਖੇ ਗਏ ਹਨ ਜੋ ਸਾਰੇ ਪਿੰਡ ਦਾ ਕੂੜਾ ਇਕੱਠਾ ਕਰਕੇ ਤਿਆਰ ਕੀਤੇ ਪਿੱਟਸ ਵਿੱਚ ਪਾਉਂਦੇ ਹਨ, ਜਿਸ ਸਦਕਾ ਪਿੰਡ ਪੂਰੀ ਤਰਾਂ ਸਾਫ਼ ਸੁਥਰਾ ਰਹਿੰਦਾ ਹੈ
ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਰਿੰਦਰ ਸਿੰਘ ਢਿੱਲੋਂ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਪਟਿਆਲਾ ਗੁਰਮੇਲ ਸਿੰਘ ਵੱਲੋਂ ਹਰਦਾਸਪੁਰ ਦੇ ਸਰਪੰਚ ਨਾਹਰ ਸਿੰਘ ਅਤੇ ਪੰਚਾਇਤ ਮੈਂਬਰ ਦੇ ਨਾਲ ਪਿੰਡ ਦਾ ਦੌਰਾ ਕਰਕੇ ਪਿੰਡ ਦੀ ਸਾਫ਼ ਸਫ਼ਾਈ ਦਾ ਨਿਰੀਖਣ ਕੀਤਾ ਗਿਆ, ਇਸ ਮੌਕੇ ਡੀ.ਡੀ.ਪੀ.ਓ. ਨੇ ਦੱਸਿਆ ਕਿ ਪਿੰਡ ਵੱਲੋਂ ਇਕ ਹੋਰ ਨਿਵੇਕਲਾ ਉਪਰਾਲਾ ਕਰਦਿਆ ਪਿੰਡ ਦੀ ਅਬਾਦੀ 'ਚ ਬਣੇ ਦੋ ਛੱਪੜਾਂ ਨੂੰ ਤਬਦੀਲ ਕਰਕੇ ਪਿੰਡ ਤੋਂ ਦੂਰ ਨਵਾਂ ਛੱਪੜ ਪੱਟਿਆ ਗਿਆ ਹੈ, ਜਿਸ ਨੂੰ ਤਿੰਨ ਹਿੱਸਿਆ ਵਿੱਚ ਵੰਡਿਆ ਗਿਆ ਹੈ ਅਤੇ ਪਿੰਡ ਦੇ ਆਲ ਦੁਆਲੇ ਪਾਈਪ ਲਾਈਨ ਪਾਈ ਗਈ ਹੈ ਜਿਸ ਨਾਲ ਪਿੰਡ ਦੇ ਪਾਣੀ ਦੀ ਨਿਕਾਸੀ ਨਵੇਂ ਪੱਟੇ ਛੱਪੜ ਵਿੱਚ ਕੀਤੀ ਗਈ ਹੈ ਅਤੇ ਪੁਰਾਣੇ ਛੱਪੜ ਵਾਲੇ ਸਥਾਨ 'ਤੇ ਪਾਰਕ ਬਣਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਗਾਏ 550 ਬੂਟਿਆਂ ਦੀ ਵੀ ਪਿੰਡ ਵਾਲਿਆਂ ਵੱਲੋਂ ਟ੍ਰੀ ਗਾਰਡ ਲਗਾਕੇ ਸੰਭਾਲ ਕੀਤੀ ਜਾ ਰਹੀ ਹੈ।