ਰਜਨੀਸ਼ ਸਰੀਨ
ਨਵਾਂਸ਼ਹਿਰ, 1 ਅਗਸਤ 2020 - ਅੱਜ ਪੇਂਡੂ ਮਜਦੂਰ ਯੂਨੀਅਨ ਵਲੋਂ ਪਿੰਡ ਮੀਰਪੁਰ ਜੱਟਾਂ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਾਬੂ ਬੰਤਾ ਰਾਮ ਘੇੜਾ ਦੇ ਜਨਮ ਦਿਨ ਉੱਤੇ ਮਜਦੂਰ ਜਮਾਤ ਨੂੰ ਦਰਪੇਸ਼ ਮੁਸ਼ਕਿਲਾਂ ਉੱਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਵਿਚਾਰ ਪ੍ਰਗਟ ਕਰਦੇ ਹੋਏ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਪੇਂਡੂ ਮਜਦੂਰ ਯੂਨੀਅਨ ਦੇ ਸੂਬਾਈ ਆਗੂ ਕਮਲਜੀਤ ਸਨਾਵਾ,ਸੁਰਿੰਦਰ ਸਿੰਘ ਕਰੀਮਪੁਰੀ ਨੇ ਆਖਿਆ ਕਿ ਬਾਬੂ ਬੰਤਾ ਰਾਮ ਘੇੜਾ ਨੇ ਦਲਿਤ ਵਰਗ ਨੂੰ ਜਗਾਉਣ ਲਈ ਅਹਿਮ ਘਾਲਣਾ ਘਾਲੀ। ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ 72 ਸਾਲਾਂ ਬਾਅਦ ਵੀ ਮਜਦੂਰ ਵਰਗ ਅਤੇ ਹੋਰ ਮਿਹਨਤਕਸ਼ ਵਰਗ ਦੁੱਖ ਭਰੀ ਜਿੰਦਗੀ ਬਤੀਤ ਕਰ ਰਹੇ ਹਨ।
ਵਿਦਿਆ,ਸਿਹਤ ਸੰਸਥਾਵਾਂ, ਰੇਲਵੇ ਅਤੇ ਬੈਂਕਾਂ ਦਾ ਨਿੱਜੀਕਰਨ ਕਰਕੇ ਲੋਕਾਂ ਨੂੰ ਇਹਨਾਂ ਸਹੂਲਤਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ ।ਦਲਿਤਾਂ ਨਾਲ ਪੈਰ ਪੈਰ ਤੇ ਵਿਤਕਰਾ ਹੋ ਰਿਹਾ ਹੈ ।ਉਹਨਾਂ ਕਿਹਾ ਕਿ ਕੈਪਟਨ ਦੀ ਸਰਕਾਰ ਵਾਅਦੇ ਕਰਕੇ ਸਹਿਕਾਰੀ ਸਭਾਵਾਂ ਦੇ ਦਲਿਤਾਂ ਦੇ ਕਰਜੇ ਮੁਆਫ ਨਹੀਂ ਕਰ ਰਹੀ, ਰਿਹਾਇਸ਼ੀ ਮਕਾਨ ਬਨਾਉਣ ਲਈ ਪਲਾਟ ਨਹੀਂ ਦਿੱਤੇ ਜਾ ਰਹੇ ।ਉਹਨਾਂ ਕਿਹਾ ਕਿ ਮਾਈਕਰੋ ਫਾਈਨਾਂਸ ਕੰਪਨੀਆਂ ਕੋਲੋਂ ਕਰਜਾ ਚੁੱਕਣ ਵਾਲੀਆਂ ਔਰਤਾਂ ਦਸੰਬਰ2020 ਤੱਕ ਕਰਜਿਆਂ ਦੀਆਂ ਕਿਸ਼ਤਾਂ ਨਹੀਂ ਦੇ ਸਕਦੀਆਂ ਕਿਉਂਕਿ ਕਰੋਨਾ ਕਾਰਨ ਉਹਨਾਂ ਦੇ ਕੰਮਕਾਰ ਬੰਦ ਪਏ ਹਨ।ਇਸ ਮੌਕੇ ਪਰਮਜੀਤ ,ਸ਼ਬੀਨਾ,ਡਿੰਪਲ, ਜਸਵਿੰਦਰ ਕੌਰ, ਹੰਸ ਰਾਜ ਵੀ ਮੌਜੂਦ ਸਨ ।