ਪਰਵਿੰਦਰ ਸਿੰਘ ਕੰਧਾਰੀ
- ਜ਼ਿਲ੍ਹਾ ਪੈਸਟ ਸਰਵੇਲੈਂਸ ਅਤੇ ਐਡਵਾਇਜਰੀ ਕਮੇਟੀ ਦੀ ਅਹਿਮ ਮੀਟਿੰਗ ਵਿੱਚ ਕਿਸਾਨੀ ਮੁਦਿਆਂ ਤੇ ਵਿਚਾਰਾਂ
ਫਰੀਦਕੋਟ, 06 ਅਗਸਤ 2020 - ਨਰਮੇ ਦੇ ਕੀੜਿਆਂ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਸੁਤੰਤਰ ਕੁਮਾਰ ਐਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਫਰੀਦਕੋਟ ਦੇ ਮੁੱਖ ਖੇਤੀਬਾੜੀ ਅਫਸ਼ਰ ਡਾ. ਹਰਨੇਕ ਸਿੰਘ ਰੋਡੇ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੈਸਟ ਸਰਵੇੇਲੈਂਸ ਅਤੇ ਮੋਨੀਟਰਿੰਗ ਕਮੇਟੀ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ,ਖੇਤੀ ਸਲਾਹਕਾਰ ਅਤੇ ਸਰਵਿਸ ਸੈਂਟਰ ਅਤੇ ਖੇਤੀਬਾੜੀ ਵਿਭਾਗ ਦੇ ਬਲਾਕ ਖੇਤੀਬਾੜੀ ਅਫਸਰ ਅਤੇ ਫੀਲਡ ਸਟਾਫ ਨੇ ਹਿੱਸਾ ਲਿਆ ਅਤੇ ਕਿਸਾਨਾਂ ਨੂੰ ਚਿੱਟੇ ਮੱਛਰ ਸਬੰਧੀ ਕਈ ਸੁਝਾਅ ਅਤੇ ਸਿਫਾਰਿਸ਼ਾਂ ਜਾਰੀ ਕੀਤੀਆਂ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਖੇਤ ਵਿੱਚੋ ਚਿੱਟੇ ਮੱਛਰ ਦੀ ਸੰਖਿਆ ਆਰਥਿਕ ਕਾਗਾਰ ਤੋਂ ਵੱਧ ਹੈ ਤਾਂ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ ਕੀਤੀਆਂ ਗਈਆਂ ਕੀੜੇਮਾਰ ਜਹਿਰਾਂ ਦੀ ਵਰਤੋਂ ਹੀ ਕੀਤੀ ਜਾਵੇ।ਉਨਾਂ ਦੱਸਿਆਂ ਕਿ ਜੇਕਰ ਚਿੱਟੀ ਮੱਖੀ ਦੇ ਬਾਲਗਾਂ ਦੀ ਗਿਣਤੀ 4-6 ਪ੍ਰਤੀ ਪੱਤਾ ਨਜਰ ਆਵੇ ਤਾਂ 1200 ਮਿ.ਲੀ. ਪੀ.ਏ.ਯੂ ਵੱਲੋਂ ਘਰ ਦਾ ਬਣਾਇਆਂ ਨਿੰਮ ਦਾ ਘੋਲ ਜਾਂ ਇੱਕ ਲੀਟਰ ਅਚੂਕ/ਨਿੰਬੀਸਿਡਿਨ ਦਾ ਛਿੜਕਾਅ ਕੀਤਾ ਜਾਵੇ।ਜਿੰਨਾਂ ਖੇਤਾਂ ਵਿੱਚ ਚਿੱਟੇ ਮੱਛਰ ਦਾ ਹਮਲਾ 6 ਮੱਛਰਾਂ ਤੋਂ ਵੱਧ ਹੋਵੇ ਤਾਂ ਉਸ ਦੀ ਰੋਕਥਾਮ ਲਈ ੳਸ਼ੀਨ (ਡਾਇਨੋਟੈਫੂਰਾਨ)60 ਗ੍ਰਾਮ, ਲੈਨੋ (ਪਾਈਰੀਪਰੌਕਸੀਫਿਨ)500 ਮਿ.ਲੀਟਰ, ਉਬਰਾਨ/ਵੋਲਟੇਜ (ਸਪੈਰੋਮੈਸੀਫਿਨ) 200 ਮਿ.ਲੀਟਰ, ਊਲਾਲਾ (ਫਲੋਨੀਕਾਮਿਡ)80 ਗ੍ਰਾਮ ਜਾਂ ਪੋਲੋ (ਡਾਇਆ ਫੈਨਥੂਰੌਨ) 200 ਗ੍ਰਾਮ ਪ੍ਰਤੀ ਏਕੜ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਚਿੱਟੀ ਮੱਖੀ ਦੇ ਅਸਰਦਾਰ ਰੋਕਥਾਮ ਲਈ ਬੂਟੇ ਦੇ ਉੱਪਰ ਤੋਂ ਹੇਠਾਂ ਤੱਕ ਸਾਰੇ ਪੱਤਿਆਂ ਤੇ ਛਿੜਕਾਅ ਪਹੁੰਚਣਾ ਜਰੂਰੀ ਹੈ।ਇਸ ਤੋਂ ਇਲਾਵਾ ਉਨਾਂ ਨੇ ਅਪੀਲ ਕੀਤੀ ਕਿ ਕਿਸਾਨ ਆਪਣੀ ਨਰਮੇ ਦੀ ਫਸਲ ਨੂੰ ਸੋਕਾ ਨਾ ਲੱਗਣ ਦੇਣ ਕਿਉਕਿ ਔੜ ’ਚ ਚਿੱਟੀ ਮੱਖੀ ਅਤੇ ਭੂਰੀ ਜੂੰ ਦੇ ਹਮਲੇ ਵਿੱਚ ਵਾਧਾ ਹੁੰਦਾ ਹੈ।ਵਧੇਰੇ ਝਾੜ ਲੈਣ ਲਈ ਫਸਲ ਤੇ ਫੁੱਲ ਡੋਡੀ ਸ਼ੁਰੂ ਹੋਣ ਤੇ ਪੋਟਾਸ਼ੀਅਮ ਨਾਈਟ੍ਰੇਟ (13:0:45) ਦਾ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 100 ਤੋਂ 125 ਲੀਟਰ ਪਾਣੀ ਵਿੱਚ ਘੋਲਕੇ ਹਫਤੇ ਦੇ ਵਕਫੇ ਤੇ 4 ਸਪਰੇਆਂ ਕਰਨੀਆਂ ਲਾਹੇਵੰਦ ਹਨ।ਨਰਮੇ ਦੇ ਖੇਤ ਅਤੇ ਖੇਤਾਂ ਦਾ ਆਲਾ ਦੁਆਲਾ ਨਦੀਨਾਂ ਤੋਂ ਮੁਕਤ ਰੱਖਿਆ ਜਾਵੇ ਅਤੇ ਲਗਾਤਾਰ ਆਪਣੇ ਖੇਤਾਂ ਦਾ ਸਰਵੇਖਣ ਕਰਨ ਦੀ ਵੀ ਗੱਲ ਆਖੀ ਗਈ।
ਇਸ ਦੇ ਨਾਲ ਹੀ ਉਨਾਂ ਨੇ ਦਵਾਈ ਵਿਕਰੇਤਾਵਾਂ ਨੂੰ ਸਖਤ ਸ਼ਬਦਾਂ ਵਿੱਚ ਤਾੜਨਾਂ ਕਰਦਿਆਂ ਹਦਾਇਤ ਕੀਤੀ ਬਿਨਾਂ ਵਿਭਾਗ ਦੀ ਸਿਫਾਰਿਸ਼ ਤੋਂ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੀਟਨਾਸ਼ਕ/ਉੱਲੀਨਾਸ਼ਕ ਦਵਾਈ ਨਾ ਦਿੱਤੀ ਜਾਵੇ ਅਤੇ ਟੈਗਿੰਗ ਨਾ ਕੀਤੀ ਜਾਵੇ।ਨਕਲੀ ਕੀਟਨਾਸ਼ਕ ਦਵਾਈਆਂ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਉਨਾਂ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਦੁਕਾਨਾਂ ਤੋਂ ਪੱਕਾ ਬਿੱਲ ਲੈਕੇ ਹੀ ਖੇਤੀ ਸਮੱਗਰੀ ਦੀ ਖਰੀਦ ਕੀਤੀ ਜਾਵੇ ਅਤੇ ਕੀੜੇਮਾਰ ਦਵਾਈਆਂ ਦੀ ਮਿਕਸਿੰਗ ਕਰਨ ਤੋਂ ਗੁਰੇਜ ਕੀਤੀ ਜਾਵੇ ਅਤੇ ਕੀੜੇਮਾਰ ਦਵਾਂਈਆਂ ਦੀ ਵਰਤੋਂ ਬਦਲ-ਬਦਲ ਕੇ ਕੀਤੀ ਜਾਵੇ ਅਤੇ ਲੋੜ ਪੈਣ ਤੇ ਆਪਣੇ ਨੇੜੇ ਦੇ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਕਰ ਲਿਆ ਜਾਵੇ।
ਇਸ ਮੌਕੇ ਡਾ. ਗਰੋਵਰ (ਕੇ.ਵੀ.ਕੇ.),ਡਾ. ਹਰਿੰਦਰ ਸਿੰਘ(ਢਅਸ਼ਸ਼), ਡਾ ਪਾਖਰ ਸਿੰਘ(ਬਲਾਕ ਖੇਤੀਬਾੜੀ ਅਫਸਰ), ਡਾ. ਅਵਨਿੰਦਰ ਪਾਲ ਸਿੰਘ (ਖੇਤੀਬਾੜੀ ਅਫਸਰ), ਡਾ. ਰਮਨਦੀਪ ਸਿੰਘ, ਡਾ ਰੁਪਿੰਦਰ ਸਿੰਘ.ਡਾ. ਯਾਦਵਿੰਦਰ ਸਿੰਘ, ਡਾ.ਲਖਵੀਰ ਸਿੰਘ, ਡਾ.ਪਰਮਿੰਦਰ ਸਿੰਘ, ਡਾ. ਨਵਪ੍ਰੀਤ ਸਿੰਘ (ਸਾਰੇ ਖੇਤੀਬਾੜੀ ਵਿਕਾਸ ਅਫਸਰ), ਰਣਬੀਰ ਸਿੰਘ (ਖੇਤੀਬਾੜੀ ਉਪ ਨਿਰੀਖਕ) ਅਤੇ ਰਾਸ਼ੀ ਸੀਡਜ ਕਪਨੀ ਦਾ ਨੁਮਾਇੰਦਾ ਪਵਨ ਬੈਨੀਪਾਲ ਵੀ ਮੌਕੇ ਤੇ ਮੌਜੂਦ ਰਹੇ।