ਫਿਰੋਜ਼ਪੁਰ, 9 ਅਗਸਤ 2020 - ਬੀਜੇਪੀ ਦੀ ਮੋਦੀ ਸਰਕਾਰ ਅਤੇ ਪੰਜਾਬ ਕਾਂਗਰਸ ਦੀ ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀ, ਫਿਰਕਾਪ੍ਰਸਤੀ ਅਤੇ ਦੇਸ਼ ਨੂੰ ਵੇਚ ਦੇਣ ਵਾਲੀਆਂ ਨੀਤੀਆਂ ਵਿਰੁੱਧ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ, ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਅਤੇ ਆਲ ਇੰਡੀਆ ਸਟੇਟ ਗੌਰਮਿੰਟ ਮੁਲਾਜ਼ਮ ਫੈਡਰੇਸ਼ਨ ਦੇ ਸੱਦੇ 'ਤੇ ਇਨ੍ਹਾਂ ਜਥੇਬੰਦੀਆਂ ਦੀਆਂ ਜ਼ਿਲ੍ਹਾ ਇਕਾਈਆਂ ਦੇ ਵਰਕਰਾਂ ਨੇ ਰੈਲੀ ਕੀਤੀ ਅਤੇ ਮੁਜ਼ਾਹਰਾ ਕਰਨ ਉਪਰੰਤ ਮੰਗ ਪੱਤਰ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਨਾਂਸ਼ ਡੀਸੀ ਫਿਰੋਜ਼ਪੁਰ ਨੂੰ ਸੌਂਪਿਆ ਗਿਆ।
ਰੈਲੀ ਦੀ ਪ੍ਰਧਾਨਗੀ ਕਾਮਰੇਡ ਹੰਸਾ ਸਿੰਘ, ਕਾਮਰੇਡ ਰੇਸ਼ਮ ਸਿੰਘ ਗਿੱਲ ਅਤੇ ਰਵਿੰਦਰ ਲੂਥਰਾ ਨੇ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸਾਰੇ ਸੰਸਾਰ ਵਿਚ ਅਤੇ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਫੈਲੀ ਹੋਈ ਹੈ ਅਤੇ ਸਰਕਾਰ ਨੇ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਬੰਦ ਕੀਤਾ ਹੋਇਆ ਹੈ ਤਾਂ ਉਸ ਸਮੇਂ ਮੋਦੀ ਸਰਕਾਰ ਲਗਾਤਾਰ ਮਜ਼ਦੂਰ, ਮੁਲਾਜ਼ਮ ਕਿਸਾਨ ਵਿਰੋਧੀ ਫੈਸਲੇ ਕਰਕੇ ਲੋਕਾਂ ਦੀਆਂ ਤਨਖਾਹਾਂ ਉਜਰਤਾ ਕੱਟ ਰਹੀ ਹੈ। ਬਹੁਤ ਸਾਰੇ ਸਰਕਾਰੀ ਅਦਾਰਿਆਂ ਵਿਚੋਂ ਅਤੇ ਪ੍ਰਾਈਵੇਟ ਕਾਰਪੋਰੇਸ਼ਨਾਂ ਵਿਚੋਂ ਮਜ਼ਦੂਰਾਂ ਦੀਆਂ ਛਾਂਟੀਆਂ ਕੀਤੀਆਂ ਜਾ ਰਹੀਆਂ ਹਨ।
ਦੇਸ਼ ਦੇ ਸਰਵਜਨਕ ਅਦਾਰੇ ਖਾਸ ਕਰਕੇ ਰੇਲ, ਬੀਐੱਸਐੱਨਐੱਲ ਬੀਮਾ ਕਾਰਪੋਰੇਸ਼ਨਾਂ 'ਤੇ ਹੋਰ ਅਣਗਿਣਤ ਜਿਹੜੇ ਪਿਛਲੇ 73 ਸਾਲਾਂ ਵਿਚ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਉਸਾਰੇ ਗਏ ਹਨ ਉਹ ਕੌਡੀਆਂ ਦੇ ਭਾਅ ਆਪਣੇ ਚਹੇਤਿਆ ਅੰਬਾਨੀਆਂ ਅੰਡਾਨੀਆਂ ਨੁੰ ਵੇਚੇ ਜਾ ਰਹੇ ਹਨ। ਕਾਮਰੇਡ ਕੁਲਦੀਪ ਸਿੰਘ ਖੁੰਗਰ ਜ਼ਿਲ੍ਹਾ ਸਕੱਤਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਨੇ ਮੰਗ ਕੀਤੀ ਕਿ ਆਮਦਨ ਟੈਕਸ ਦੇ ਘੇਰੇ ਤੋਂ ਬਾਹਰ ਸਾਰੇ ਲੋਕਾਂ ਨੂੰ ਹਰ ਮਹੀਨੇ 7500 ਰੁਪਏ ਕੈਸ਼ ਦਿੱਤਾ ਜਾਵੇ ਅਤੇ ਪ੍ਰੀਤ ਜੀਅ 10 ਕਿਲੋ ਅਨਾਜ ਅਤੇ ਰਸੋਈਆਂ ਦੀਆਂ ਹੋਰ ਜ਼ਰੂਰੀ ਵਸਤਾਂ ਅਤੇ ਸੇਵਾਵਾਂ 6 ਮਹੀਨੇ ਲਈ ਮੁਫਤ ਦਿੱਤੀਆਂ ਜਾਣ।
ਲਾਕਡਾਊਨ ਸਮੇਂ ਦੀਆਂ ਸਾਰੇ ਮਜ਼ਦੂਰਾਂ ਨੂੰ ਪੂਰੀਆਂ ਉਜਰਤਾਂ ਦਿੱਤੀਆਂ ਜਾਣ, ਸਾਰੇ ਮਨਰੇਗਾ ਵਰਕਰਾਂ ਨੂੰ 200 ਦਿਨ ਕੰਮ 'ਤੇ ਉਜਰਤ 600 ਰੁਪਏ ਦਿਹਾੜੀ ਦਿੱਤੀ ਜਾਵੇ, ਸਾਰੇ ਲੋਕਾਂ ਦਾ ਕੋਰੋਨਾ ਟੈਸਟ ਅਤੇ ਇਲਾਜ ਮੁਫਤ ਕੀਤੇ ਜਾਣ, ਕਿਰਤ ਕਾਨੂੰਨਾਂ ਵਿਚ ਮਜ਼ਦੂਰਾਂ ਵਿਰੋਧੀ ਸੋਧਾਂ ਰੱਦ ਕੀਤੀਆਂ ਜਾਣ, ਬਿਜਲੀ ਬਿੱਲ 2020 ਵਾਪਸ ਲਿਆ ਜਾਵੇ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਿਰੋਧੀ ਆਰਡੀਨੈਂਸ ਰੱਦ ਕੀਤੇ ਜਾਣ, ਸਾਰੇ ਠੇਕਾ ਆਧਾਰਿਤ ਮੁਲਾਜ਼ਮ ਸਕੀਮ ਵਰਕਰ ਆਂਗਣਵਾੜੀ ਆਸ਼ਾ ਵਰਕਰ, ਪੱਕੇ ਕੀਤੇ ਜਾਣ ਅਤੇ ਘੱਟੋ ਘੱਟ ਉਜਰਤ 21 ਹਜ਼ਾਰ ਰੁਪਏ ਕੀਤੀ ਜਾਵੇ, ਕਿਸਾਨਾਂ, ਮਜ਼ਦੂਰਾਂ ਦੇ ਸਮੁੱਚੇ ਕਰਜੇ ਮੁਆਫ ਕੀਤੇ ਜਾਣ, ਔਰਤਾਂ ਦੇ ਸੈਲਫ ਹੈੱਲਪ ਗਰੁੱਪਾਂ ਵਿਰੁੱਧ ਮਾਈਕਰੋ ਫਾਈਨਾਂਸ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਰੋਕਿਆ ਜਾਵੇ। ਇਸ ਮੌਕੇ ਰਮਨ ਅੱਤਰੀ, ਦਵਿੰਦਰ ਸਿੰਘ, ਵਿਜੇ ਕੁਮਾਰ ਹੈਪੀ, ਸੇਖਰ, ਹਰਪ੍ਰੀਤ ਸਿੰਘ ਥਿੰਦ, ਸਤਪਾਲ ਸਿੰਘ, ਰਵਿੰਦਰ ਰਵੀ, ਰਾਜ ਕੁਮਾਰ, ਜਤਿੰਦਰ ਸਿੰਘ, ਕੰਵਲਜੀਤ ਸਿੰਘ, ਫਰਾਂਸਿਸ ਭੱਟੀ, ਮਹਿੰਦਰ ਸਿੰਘ, ਦਰਸ਼ਨ ਸਿੰਘ, ਭਾਗ ਸਿੰਘ ਆਦਿ ਹਾਜ਼ਰ ਸਨ।