ਮੁੱਖ ਮੰਤਰੀ ਅਤੇ ਵਿਭਾਗ ਦੀ ਮੰਤਰੀ ਨੂੰ ਭੇਜੇ ਗਏ ਮੰਗ ਪੱਤਰ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 14 ਸਤੰਬਰ 2020-ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਅੱਜ ਬਲਾਕ ਸ੍ਰੀ ਮੁਕਤਸਰ ਸਾਹਿਬ ਦੀਆਂ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਬਲਾਕ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ ਦੀ ਅਗਵਾਈ ਹੇਠ ਸਰਕਾਰ ਦੇ ਖਿਲਾਫ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਅਤੇ ਮਸਲਿਆਂ ਦੇ ਸਬੰਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਤੇ ਜੋਰਦਾਰ ਨਾਅਰੇਬਾਜ਼ੀ ਕੀਤੀ। ਇਸ ਸਮੇਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ 'ਤੇ ਪੁੱਜੇ। ਪਹਿਲਾਂ ਵੱਡੀ ਗਿਣਤੀ ਵਿਚ ਵਰਕਰਾਂ ਤੇ ਹੈਲਪਰਾਂ ਖੰਡੇ ਵਾਲੇ ਪਾਰਕ ਵਿਖੇ ਇਕੱਠੀਆਂ ਹੋਈਆਂ ਤੇ ਫਿਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਗੇਟ ਅੱਗੇ ਜਾ ਕੇ ਜੋਰਦਾਰ ਨਾਅਰੇਬਾਜੀ ਕੀਤੀ।
ਇੱਥੇ ਪਹੁੰਚ ਕੇ ਨਾਇਬ ਤਹਿਸੀਲਦਾਰ ਪ੍ਰਵੀਨ ਕੁਮਾਰ ਨੇ ਯੂਨੀਅਨ ਦੀਆਂ ਆਗੂਆਂ ਕੋਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਮੈਡਮ ਅਰੁਨਾ ਚੌਧਰੀ ਦੇ ਨਾਮ ਮੰਗ ਪੱਤਰ ਲਏ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅਕਤੂਬਰ 2018 ਤੋਂ ਵਰਕਰਾਂ ਅਤੇ ਹੈਲਪਰਾਂ ਦੇ ਮਾਣਭੱਤੇ ਵਿਚੋਂ ਕੱਟੇ ਗਏ ਕ੍ਰਮਵਾਰ 600 ਅਤੇ 300 ਰੁਪਏ ਏਰੀਅਰ ਸਮੇਤ ਜਾਰੀ ਕੀਤੇ ਜਾਣ, ਪੋਸ਼ਣ ਅਭਿਆਨ ਤਹਿਤ ਉਤਸ਼ਾਹ ਵਰਧਕ ਰਾਸ਼ੀ 500 ਰੁਪਏ ਵਰਕਰ ਅਤੇ 250 ਰੁਪਏ ਹੈਲਪਰ, ਜੋ ਅਕਤੂਬਰ 2018 ਤੋਂ ਲਾਗੂ ਹੈ, ਦੀ ਅਦਾਇਗੀ ਏਰੀਅਰ ਸਮੇਤ ਕੀਤੀ ਜਾਵੇ, ਪੀ.ਐਨ.ਐਮ.ਆਈ. ਅਧੀਨ ਗਰਭਵਤੀ ਔਰਤਾਂ ਲਈ ਦਿੱਤੀ ਜਾਂਦੀ ਸਹਾਇਤਾ ਰਾਸ਼ੀ ਦਾ ਫਾਰਮ ਭਰਨ ਲਈ ਵਰਕਰ ਨੂੰ 200 ਰੁਪਏ ਤੇ ਹੈਲਪਰ ਨੂੰ 100 ਰੁਪਏ ਪ੍ਰਤੀ ਫਾਰਮ ਜੋ ਦਸੰਬਰ 2017 ਤੋਂ ਲਾਗੂ ਹੈ, ਏਰੀਅਰ ਸਮੇਤ ਦਿੱਤੇ ਜਾਣ, ਪ੍ਰੀ-ਪ੍ਰਾਇਮਰੀ ਸਕੂਲਾਂ ਵਿਚ ਦਾਖਲ ਕੀਤੇ ਗਏ 3 ਤੋਂ 6 ਸਾਲ ਦੇ ਬੱਚੇ ਆਂਗਣਵਾੜੀ ਕੇਦਰਾਂ ਵਿਚ ਵਾਪਸ ਭੇਜੇ ਜਾਣ, ਪੰਜਾਬ ਦੀਆਂ ਵਰਕਰਾਂ/ਹੈਲਪਰਾਂ ਨੂੰ ਹਰਿਆਣਾ ਪੈਟਰਨ 'ਤੇ ਮਾਣਭੱਤਾ ਲਾਗੂ ਕੀਤਾ ਜਾਵੇ, ਪੰਜਾਬ ਵਿਚ ਕੰਮ ਕਰ ਰਹੀਆਂ 200 ਦੇ ਕਰੀਬ ਕਰੈਚ ਵਰਕਰਾਂ/ਹੈਲਪਰਾਂ ਦਾ ਪਿਛਲੇ ਦੋ ਸਾਲ ਤੋਂ ਰੁਕਿਆ ਪਿਆ ਮਾਣਭੱਤਾ ਤੁਰੰਤ ਦਿੱਤਾ ਜਾਵੇ ਤੇ ਇਹਨਾ ਵਰਕਰਾਂ/ਹੈਲਪਰਾਂ ਨੂੰ ਆਈ.ਸੀ.ਡੀ.ਐਸ. ਵਿਚ ਸ਼ਾਮਿਲ ਕੀਤਾ ਜਾਵੇ, ਪੰਜਾਬ ਵਿਚ ਵਰਕਰ/ਹੈਲਪਰ ਦੀਆਂ ਖਾਲੀ ਪਈਆਂ ਅਸਾਮੀਆਂ ਦੀ ਤੁਰੰਤ ਭਰਤੀ ਕੀਤੀ ਜਾਵੇ, ਸੁਪਰਵਾਈਜਰਾਂ ਦੀਆਂ ਖਾਲੀ ਪਈਆਂ ਪੋਸਟਾਂ ਭਰੀਆਂ ਜਾਣ, ਆਂਗਣਵਾੜੀ ਵਰਕਰ/ਹੈਲਪਰ ਨੂੰ ਮੀਟਿੰਗ ਅਟੈਂਡ ਕਰਨ ਲਈ ਦਿੱਤੇ ਜਾਂਦੇ ਟੀ.ਏ. ਦੀ ਰਾਸ਼ੀ 20 ਰੁਪਏ ਤੋਂ ਵਧਾ ਕੇ ਸਰਕਾਰ 200 ਰੁਪਏ ਪ੍ਰਤੀ ਮਹੀਨਾ ਕਰੇ, ਆਂਗਣਵਾੜੀ ਕੇਦਰਾਂ ਵਿਚ ਪਕਾਏ ਜਾਣ ਵਾਲੇ ਰਾਸ਼ਨ ਲਈ ਬਾਲਣ ਦੇ ਪੈਸੇ 40 ਪੈਸੇ ਪ੍ਰਤੀ ਲਾਭਪਾਤਰੀ ਦੀ ਥਾਂ 1 ਰੁਪਏ ਕੀਤਾ ਜਾਵੇ।
ਆਗੂਆਂ ਨੇ ਕਿਹਾ ਕਿ ਜਥੇਬੰਦੀ ਪਿਛਲੇ ਦੋ ਸਾਲਾਂ ਤੋਂ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਸਰਕਾਰ ਕੋਲੋਂ ਮੰਨਵਾਉਣ ਲਈ ਸੰਘਰਸ ਕਰ ਰਹੀ ਹੈ, ਪਰ ਪੰਜਾਬ ਸਰਕਾਰ ਗੱਲ ਹੀ ਨਹੀਂ ਸੁਣ ਰਹੀ, ਜਿਸ ਕਰਕੇ ਉਹਨਾਂ ਨੂੰ ਸੰਘਰਸ਼ ਦੇ ਰਾਹ ਤੁਰਨਾ ਪੈ ਰਿਹਾ ਹੈ। ਇਸ ਮੌਕੇ ਸਰਬਜੀਤ ਕੌਰ ਕੌੜਿਆਂਵਾਲੀ, ਸਰਬਜੀਤ ਕੌਰ ਚੱਕ ਕਾਲਾ ਸਿੰਘ ਵਾਲਾ, ਬੇਅੰਤ ਕੌਰ ਚੱਕ ਮਦਰੱਸਾ, ਸੁਖਚਰਨ ਕੌਰ ਧਿਗਾਣਾ, ਕੁਲਵਿੰਦਰ ਕੌਰ ਗੋਨੇਆਣਾ, ਨਰਿੰਦਰ ਕੌਰ ਕੋਟਲੀ ਸੰਘਰ, ਲਖਵਿੰਦਰ ਕੌਰ ਕੋਟਲੀ ਸੰਘਰ, ਮਨਜੀਤ ਕੌਰ ਮੁਕਤਸਰ, ਚਰਨਜੀਤ ਕੌਰ ਮੁਕਤਸਰ, ਕਿਰਨਪਾਲ ਕੌਰ ਮਹਾਂਬੱਧਰ, ਰੀਨਾ ਰਾਣੀ ਖੁੰਡੇਹਲਾਲ, ਹਰਪ੍ਰੀਤ ਕੌਰ ਮੁਕਤਸਰ, ਅੰਮ੍ਰਿਤਪਾਲ ਕੌਰ ਥਾਂਦੇਵਾਲਾ, ਮਨਜੀਤ ਕੌਰ ਡੋਹਕ, ਪ੍ਰਭਜੀਤ ਕੌਰ ਰਣਜੀਤਗੜ, ਸੰਦੀਪ ਕੌਰ ਝੁੱਗੇ, ਸੁਖਵਿੰਦਰ ਕੌਰ ਸੰਗੂਧੌਣ, ਰਜਿੰਦਰ ਕੌਰ ਹਰੀਕੇ ਕਲਾਂ, ਸ਼ਿੰਦਰਪਾਲ ਕੌਰ ਹਰੀਕੇ ਕਲਾਂ, ਸਰਬਜੀਤ ਕੌਰ ਹਰੀਕੇ ਕਲਾਂ ਆਦਿ ਆਗੂ ਹਾਜ਼ਰ ਸਨ।