ਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਵਿਧਾਇਕ ਕੁਲਜੀਤ ਸਿੰਘ ਨਾਗਰਾ।
ਦੀਦਾਰ ਗੁਰਨਾ
ਫ਼ਤਿਹਗੜ੍ਹ ਸਾਹਿਬ, 14 ਸਤੰਬਰ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀਬਾੜੀ ਸਬੰਧੀ ਲਿਆਂਦੇ ਕਾਲੇ ਕਾਨੂੰਨਾਂ ਦਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਕਿਸਾਨਾਂ, ਆੜ੍ਹਤੀਆਂ ਸਮੇਤ ਖੇਤੀਬਾੜੀ ਨਾਲ ਸਬੰਧਤ ਸਾਰੇ ਵਰਗਾਂ ਵੱਲੋਂ ਅਨਾਜ ਮੰਡੀ, ਸਰਹਿੰਦ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨੀ ਸਬੰਧੀ ਲਿਆਂਦੇ ਗਏ ਆਰਡੀਨੈਂਸ ਪੰਜਾਬ ਦੇ ਕਿਸਾਨਾਂ, ਮੰਡੀਕਰਨ ਪ੍ਰਣਾਲੀ ਸਮੇਤ ਪੰਜਾਬ ਦੇ ਸਮੁੱਚੇ ਅਰਥਚਾਰੇ ਨੂੰ ਤਬਾਹ ਕਰ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਨੇ ਬੀਤੇ ਸਮੇਂ ਦੌਰਾਨ ਬਹੁਤ ਸੰਤਾਪ ਹੰਢਾਇਆ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਇਸ ਸਰਹੱਦੀ ਸੂਬੇ ਵਿੱਚ ਲੋਕ ਰੋਹ ਅਤੇ ਅਸੰਤੁਸ਼ਟੀ ਪੈਦਾ ਕਰਕੇ ਅੱਗ ਨਾਲ ਖੇਡ ਰਹੀ ਹੈ, ਜਿਸ ਨਾਲ ਪੰਜਾਬ ਦਾ ਨੁਕਸਾਨ ਹੋਣ ਦੇ ਨਾਲ ਨਾਲ ਸਮੁੱਚੇ ਦੇਸ਼ ਦਾ ਵੱਡਾ ਨੁਕਸਾਨ ਹੋਣ ਦਾ ਖਤਰਾ ਖੜ੍ਹਾ ਹੋ ਗਿਆ ਹੈ
ਸ. ਨਾਗਰਾ ਨੇ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਤਹਿਤ ਜਿੱਥੇ ਫ਼ਸਲਾਂ ਦੇ ਘੱਟੋ ਘੱਟ ਸਮੱਰਥਨ ਮੁੱਲ ਨੂੰ ਖ਼ਤਮ ਕੀਤਾ ਗਿਆ ਹੈ, ਉਥੇ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਵਿਅਕਤੀ ਨੂੰ ਮੰਡੀ ਤੋਂ ਬਾਹਰ ਵੀ ਫਸਲ ਵੇਚਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਸਰਕਾਰ ਬਹੁਤ ਥੋੜੀ ਫਸਲ ਹੀ ਖਰੀਦ ਸਕਿਆ ਕਰੇਗੀ, ਇਸ ਨਾਲ ਜਿੱਥੇ ਕਿਸਾਨ ਫਸਲਾਂ ਦੀਆਂ ਕੀਮਤਾਂ ਲਈ ਵਪਾਰੀਆਂ 'ਤੇ ਨਿਰਭਰ ਹੋ ਜਾਵੇਗਾ, ਉਥੇ ਆੜ੍ਹਤੀ, ਮਜ਼ਦੂਰ ਅਤੇ ਟਰਾਂਸਪੋਰਟਰ ਵੀ ਬਰਬਾਦ ਹੋ ਜਾਣਗੇ
ਇਸ ਦੇ ਨਾਲ ਨਾਲ ਅਰਬਾਂ ਰੁਪਏ ਦੀ ਲਾਗਤ ਨਾਲ ਬਣਿਆ ਪੰਜਾਬ ਦਾ ਮੰਡੀਕਰਨ ਪ੍ਰਬੰਧ ਵੀ ਬਰਬਾਦ ਹੋ ਜਾਵੇਗਾ ਤੇ ਸਭ ਤੋਂ ਮਾੜਾ ਹਾਲ ਪੰਜਾਬ ਦੀਆਂ ਲਿੰਕ ਸੜਕਾਂ ਦਾ ਹੋਵੇਗਾ, ਜੋ ਕਿ ਪੰਜਾਬ ਮੰਡੀ ਬੋਰਡ ਵੱਲੋਂ ਬਣਾਈਆਂ ਜਾਂਦੀਆਂ ਹਨ। ਇਸ ਦੇ ਨਾਲ ਨਾਲ ਸੂਬਾ ਸਰਕਾਰ ਨੂੰ ਜੋ ਹੋਰ ਆਮਦਨ ਹੁੰਦੀ ਹੈ, ਉਹ ਵੀ ਬੰਦ ਹੋ ਜਾਵੇਗੀ ਤੇ ਸੂਬਾ ਸਰਕਾਰ ਦੀ ਕੇਂਦਰ ਉਤੇ ਨਿਰਭਰਤਾ ਹੋਰ ਵੱਧ ਜਾਵੇਗੀ। ਇਹ ਕਾਲੇ ਕਾਨੂੰਨ ਦੇਸ਼ ਦੇ ਸੰਘੀ ਢਾਂਚੇ ਨੂੰ ਵੀ ਬਰਬਾਦ ਕਰ ਦੇਣਗੇ
ਸ. ਨਾਗਰਾ ਨੇ ਕਿਹਾ ਕਿ ਅਕਾਲੀ ਦਲ ਦੇ ਅਖੌਤੀ ਆਗੂ ਆਪਣੇ ਢਕਵੰਜਾਂ ਨਾਲ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਪੰਜਾਬ ਦੀ ਬਰਬਾਦੀ ਦੇ ਰਾਹ ਤੁਰੀ ਕੇਂਦਰ ਸਰਕਾਰ ਵਿੱਚ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਮੰਤਰੀ ਹੈ। ਸ. ਨਾਗਰਾ ਨੇ ਕਿਹਾ ਕਿ ਅਖੌਤੀ ਅਕਾਲੀ ਆਗੂ ਬੀਬੀ ਬਾਦਲ ਨੂੰ ਕਹਿਣ ਕਿ ਉਹ ਕੇਂਦਰ ਸਰਕਾਰ ਦੇ ਅਜਿਹੇ ਫ਼ੈਸਲਿਆਂ ਦਾ ਵਿਰੋਧ ਕਰਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਤੇ ਖਾਸ ਕਰ ਕੇ ਪਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਦੀ ਵਜ਼ੀਰੀ ਬਚਾਉਣ ਖਾਤਰ ਪੰਜਾਬ ਦੇ ਹਿੱਤ ਵੇਚੇ ਹਨ। ਸ. ਨਾਗਰਾ ਨੇ ਕਿਹਾ ਕਿ ਸ਼ਹੀਦਾਂ ਦੀ ਪਵਿੱਤਰ ਧਰਤੀ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਨੇ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਅੰਦਲੋਨ ਵਿੱਢਿਆ ਸੀ ਤੇ ਪੰਜਾਬ ਦੀ ਬਰਬਾਦੀ ਦਾ ਕਾਰਨ ਬਣਨ ਵਾਲੇ ਇਨ੍ਹਾਂ ਕਾਨੂੰਨਾਂ ਨੂੰ ਰਦ ਕਰਵਾਉਣ ਲਈ ਕਾਂਗਰਸ ਪਾਰਟੀ ਹਰ ਫਰੰਟ ਉਤੇ ਡਟ ਕੇ ਲੜਾਈ ਲੜ ਰਹੀ ਹੈ ਅਤੇ ਪੰਜਾਬ ਨੂੰ ਬਰਬਾਦੀ ਵੱਲ ਧੱਕਣ ਵਾਲਾ ਕੋਈ ਵੀ ਕਦਮ ਬਰਦਾਸ਼ਤ ਨਹੀ ਕੀਤਾ ਜਾਵੇਗਾ। ਪੰਜਾਬ ਨੂੰ ਬਚਾਉਣ ਲਈ ਉਹ ਖੁਦ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟਣਗੇ।
ਇਸ ਮੌਕੇ ਜਿਲਾ ਪ੍ਰਧਾਨ ਸ਼ੁਭਾਸ਼ ਸੂਦ,ਕਿਸਾਨ ਖੇਤ ਮਜਦੂਰ ਕਾਂਗਰਸ ਦੇ ਮੀਤ ਪ੍ਰਧਾਨ ਸੁਖਰਾਜ ਸਿੰਘ ਰਾਜਾ,ਮਾਰਕਿਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਲਸ਼ਨ ਰਾਏ ਬੋਬੀ,ਚੇਅਰਮੈਨ ਭੁਪਿੰਦਰ ਸਿੰਘ ਬਧੌਛੀ,ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ,ਮਾਰਕਿਟ ਕਮੇਟੀ ਚਨਾਰਥਲ ਦੇ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ,ਵਾਈਸ ਚੇਅਰਮੈਨ ਇੰਦਰਪਾਲ ਸਿੰਘ ਚਨਾਰਥਲ,ਵਾਈਸ ਚੇਅਰਮੈਨ ਬਲਵਿੰਦਰ ਸਿੰਘ ਮਾਵੀ,ਬਲਾਕ ਸੰਮਤੀ ਖੇੜਾ ਦੇ ਚੇਅਰਮੈਨ ਗੁਰਮੇਲ ਸਿੰਘ,ਸਰਪੰਚ ਤੇ ਕਿਸਾਨ ਆਗੂ ਦਵਿੰਦਰ ਸਿੰਘ ਜੱਲਾ,ਸਰਪੰਚ ਜਗਦੀਪ ਸਿੰਘ ਨੰਬਰਦਾਰ,ਆੜਤੀ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਸਾਧੂ ਰਾਮ ਭੱਟਮਾਜਰਾ,ਰਣਜੀਤ ਸਿੰਘ ਤਰਖਾਣ ਮਾਜਰਾ,ਆੜਤੀ ਐਸੋਸੀਏਸ਼ਨ ਸਰਹਿੰਦ ਦੇ ਪ੍ਰਧਾਨ ਭੁਪਿੰਦਰ ਸਿੰਘ,ਮੰਡੀ ਬਾਗੜੀਆ ਦੇ ਪ੍ਰਧਾਨ ਹਰਬੰਸ ਸਿੰਘ,ਗੁਰਪ੍ਰੀਤ ਸਿੰਘ ਲਾਲੀ,ਸਰਪੰਚ ਕੁਲਵਿੰਦਰ ਸਿੰਘ ਬਾਗੜੀਆ,ਆੜਤੀ ਰਾਜਵੀਰ ਸਿੰਘ ਰਾਜਾ,ਆੜਤੀ ਹਰਦੇਵ ਸਿੰਘ ਬਾਲਪੁਰ,ਆੜਤੀ ਗੁਰਮੇਲ ਸਿੰਘ, ਕਿਸਾਨ ਆਗੂ ਮੋਹਨ ਸਿੰਘ ਭਮਾਰਸੀ,ਕਿਸਾਨ ਆਗੂ ਗੁਰਜੰਟ ਸਿੰਘ,ਕਿਸਾਨ ਆਗੂ ਜਸਵਿੰਦਰ ਸਿੰਘ ਤੇ ਸਮੂਹ ਜਿਲਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ,ਸਰਪੰਚ,ਪੰਚ ਤੇ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ।