ਅਸ਼ੋਕ ਵਰਮਾ
ਬਠਿੰਡਾ, 17 ਸਤੰਬਰ 2020 - ਦਿਹਾਤੀ ਮਜ਼ਦੂਰ ਸਭਾ ਦੀ ਸੂਬਾਈ ਕਾਰਜਕਾਰਨੀ ਨੇ ‘ਕੁੱਲ ਹਿੰਦ ਕਿਸਾਨ ਸੰਘਰਸ਼ ਅਤੇ ਤਾਲਮੇਲ ਕਮੇਟੀ ਦੇ ਪੰਜਾਬ ਚੈਪਟਰ ਵੱਲੋਂ ਮੋਦੀ ਸਰਕਾਰ ਦੇ ਕਿਸਾਨ ਤੇ ਖਪਤਕਾਰ ਵਿਰੋਧੀ, ਲੋਕ ਮਾਰੂ ਆਰਡੀਨੈਂਸਾਂ ਅਤੇ ਗਰੀਬ ਮਾਰੂ ਨੀਤੀਆਂ ਖਿਲਾਫ਼ ਲੜੇ ਜਾ ਰਹੇ ਸੰਘਰਸ਼ ਦੀ ਪੂਰਨ ਹਿਮਾਇਤ ਕਰਨ ਦਾ ਐਲਾਨ ਕਰਦਿਆਂ 25 ਸਤੰਬਰ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੀ ਕਾਮਯਾਬੀ ਲਈ ਦਿਨ ਰਾਤ ਇੱਕ ਕਰਨ ਦਾ ਐਲਾਨ ਕੀਤਾ ਹੈ। ਸਭਾ ਦੇ ਪ੍ਰਧਾਨ ਦਰਸ਼ਨ ਨਾਹਰ, ਜਰਨਲ ਸਕੱਤਰ ਗੁਰਨਾਮ ਸਿੰਘ ਦਾਊਦ,ਵਿੱਤ ਸਕੱਤਰ ਮਹੀਪਾਲ, ਸੀਨੀਅਰ ਮੀਤ ਪ੍ਰਧਾਨ ਚਮਨ ਲਾਲ ਦਰਾਜ ਕੇ ,ਜੁਆਇੰਟ ਸਕੱਤਰ ਜਗਜੀਤ ਸਿੰਘ ਜਸੇਆਣਾ ,ਮੀਤ ਪ੍ਰਧਾਨਾਂ ਅਮਰੀਕ ਸਿੰਘ ਦਾਊਦ ਤੇ ਹਰਜੀਤ ਸਿੰਘ ਮਦਰਸਾ, ਮੀਤ ਸਕੱਤਰਾਂ ਪਰਮਜੀਤ ਰੰਧਾਵਾ ਤੇ ਬਲਦੇਵ ਸਿੰਘ ਭੈਲ ਅਤੇ ਸਹਾਇਕ ਵਿੱਤ ਸਕੱਤਰ ਗੁਰਨਾਮ ਸਿੰਘ ਭਿੰਡਰ ਨੇ ਇੱਕ ਬਿਆਨ ਰਾਹੀਂ ਸਮੂਹ ਮਜਦੂਰ ਜੱਥੇਬੰਦੀਆਂ ਨੂੰ ਵੀ ਇਸ ਬੰਦ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਮਜਦੂਰ ਆਗੂਆਂ ਨੇ ਕਿਹਾ ਕਿ ਕਿਸਾਨੀ ਕਿੱਤਾ ਕੇਵਲ ਭੌਂ ਮਾਲਕ ਕਿਸਾਨਾਂ ਦੇ ਗੁਜਾਰੇ ਤੱਕ ਸੀਮਤ ਨਹੀਂ ਬਲਕਿ ਦੇਸ਼ ਦੀ ਦੋ ਤਿਹਾਈ ਤੋਂ ਵਧੇਰੇ ਵਸੋਂ ਦੇ ਸਿੱਧੇ ਰੁਜਗਾਰ ਦਾ ਵਸੀਲਾ ਹੈ । ਉਨਾਂ ਆਖਿਆ ਕਿ ਮੋਦੀ ਸਰਕਾਰ ਦੇ ਖੇਤੀ ਨੂੰ ਤਬਾਹ ਕਰਨ ਵਾਲੇ ਆਰਡੀਨੈਂਸ ਕਿਸਾਨਾਂ, ਬੇਜਮੀਨੇ ਪੇਂਡੂ ਮਜਦੂਰਾਂ, ਪੱਲੇਦਾਰਾਂ, ਟਰਾਂਸਪੋਰਟ ਕਾਮਿਆਂ ਤੇ ਕਾਰੋਬਾਰੀਆਂ ਅਤੇ ਛੋਟੇ ਵਿਉਪਾਰੀਆਂ ਦੀ ਵੀ ਸੰਘੀ ਘੁੱਟਣ ਵਾਲੇ ਹਨ । ਉਨਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਦੋਖੀ - ਦੇਸ਼ ਵਿਰੋਧੀ , ਸਾਮਰਾਜ ਪ੍ਰਸਤ- ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕਰਨ ਲਈ ਇੰਨਾਂ ਨੂੰ ਹਥਿਆਰ ਵਜੋਂ ਵਰਤ ਰਹੀ ਹੈ। ਕਾਰਜਕਾਰਨੀ ਮੈਂਬਰਾਂ ਨੇ ਕਿਹਾ ਕਿ ਇਹ ਆਰਡੀਨੈਂਸ ਜਖੀਰੇਬਾਜਾਂ ਨੂੰ ਖੁੱਲੵ ਖੇਡਣ ਦੀ ਆਗਿਆ ਦਿੰਦੇ ਹਨ।
ਉਨਾਂ ਆਖਿਆ ਕਿ ਇੰਨਾਂ ਦੇ ਲਾਗੂ ਹੋਣ ਦੇ ਸਿੱਟੇ ਵੱਜੋਂ ਕਰੋੜਾਂ ਗਰੀਬ ਲੋਕ, ਜਿਨਾਂ ਦਾ ਪਹਿਲਾਂ ਹੀ ਮਹਿੰਗਾਈ ਤੇ ਬੇਰੁਜ਼ਗਾਰੀ ਨੇ ਕਚੂੰਮਰ ਕੱਢ ਰੱਖਿਆ ਹੈ ਅਤੇ ਇੰਨਾਂ ਨਾਲ ਬੇਲਗਾਮ ਕੀਮਤ ਵਾਧੇ ਦੇ ਨਵੇਂ ਹੱਲੇ ਦੀ ਮਾਰ ਹੇਠ ਆ ਜਾਣਗੇ। ਉਨਾਂ ਆਖਿਆ ਕਿ ਇਹ ਆਰਡੀਨੈਂਸ ਜਨਤਕ ਵੰਡ ਪ੍ਰਣਾਲੀ ਦੇ ਮੁੱਢੋਂ ਖਾਤਮੇ ਦਾ ਕਾਰਨ ਬਨਣਗੇ ਅਤੇ ਅੰਨ ਗਰੰਟੀ ਦੀ ਭਾਵਨਾ ਦੇ ਅਸਲੋਂ ਉਲਟ ਹਨ। ਉਨਾਂ ਸੂਬੇ ਦੇ ਸਭਨਾਂ ਬੇਜਮੀਨੇ-ਸਾਧਨਹੀਣ ਪੇਂਡੂ ਮਜ਼ਦੂਰਾਂ ਨੂੰ 25 ਸਤੰਬਰ ਦੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਭਰਨ ਦੀ ਅਪੀਲ ਕਰਦਿਆਂ ਸਭਾ ਦੀਆਂ ਹੇਠਲੀਆਂ ਇਕਾਈਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਬੰਦ ਦੀ ਕਾਮਯਾਬੀ ਲਈ ਕੋਈ ਕਸਰ ਬਾਕੀ ਨਾ ਛੱਡਣ।