ਐੱਸ ,ਐੱਸ ,ਪੀ ਵਿਕਰਮਜੀਤ ਦੁੱਗਲ
ਦੀਦਾਰ ਗੁਰਨਾ
ਪਟਿਆਲਾ, 22 ਸਤੰਬਰ : ਪਟਿਆਲਾ ਪੁਲਿਸ ਨੇ ਜਨਤਕ ਹਿੱਤਾਂ ਦੇ ਮੱਦੇਨਜ਼ਰ ਇੱਕ ਵੱਡਾ ਅਤੇ ਸ਼ਲਾਘਾਯੋਗ ਫੈਸਲਾ ਲੈਂਦਿਆਂ ਆਪਣੀ ਇੱਕ ਦਿਨ ਦੀ ਤਨਖਾਹ ਇੱਕ ਬਹੁਤ ਹੀ ਨੇਕ ਕਾਰਜ ਲਈ ਕੱਢਣ ਦਾ ਫੈਸਲਾ ਕੀਤਾ ਹੈ, ਇਹ ਇਕੱਤਰ ਹੋਈ ਰਾਸ਼ੀ 'ਏਕਤਾ ਫੰਡ' 'ਚ ਜਾਵੇਗੀ, ਜਿਸ ਨੂੰ ਕੋਵਿਡ ਮਹਾਂਮਾਰੀ ਨਾਲ ਲੜਨ ਵਾਲੇ ਪੁਲਿਸ ਅਤੇ ਹੋਮ ਗਾਰਡਜ ਦੇ ਕੋਰੋਨਾ ਯੋਧਿਆਂ ਦੇ ਪਰਿਵਾਰਾਂ ਦੀ ਭਲਾਈ ਲਈ ਖ਼ਰਚਿਆ ਜਾਵੇਗਾ
ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਵਿਕਰਮਜੀਤ ਦੁੱਗਲ ਨੇ ਇਸ ਬਾਰੇ ਦੱਸਿਆ ਕਿ ਕੋਵਿਡ ਮਹਾਂਮਾਰੀ ਨਾਲ ਲੜਦਿਆਂ ਆਪਣੀ ਜਾਨ ਗਵਾਉਣ ਵਾਲੇ ਕੋਰੋਨਾ ਯੋਧਿਆਂ ਦੀ ਮਦਦ ਲਈ ਇਹ ਫੰਡ ਇਕੱਤਰ ਕੀਤਾ ਜਾਵੇਗਾ। ਸ੍ਰੀ ਦੁੱਗਲ ਨੇ ਦੱਸਿਆ ਕਿ ਪੁਲਿਸ ਵੱਲੋਂ ਪੰਜਾਬ ਹੋਮ ਗਾਰਡ ਦੇ ਜਵਾਨ ਦਰਸ਼ਨ ਸਿੰਘ, ਜੋ ਕਿ ਕੋਵਿਡ ਨਾਲ ਲੜਦਿਆਂ ਆਪਣੀ ਜਾਨ ਗਵਾ ਚੁੱਕੇ ਹਨ ਦੇ ਪਰਿਵਾਰ ਦੀ ਮਦਦ ਕੀਤੀ ਜਾਵੇਗੀ
ਸ੍ਰੀ ਦੁੱਗਲ ਨੇ ਦੱਸਿਆ ਕਿ ਪਟਿਆਲਾ ਪੁਲਿਸ ਦੇ ਕਰੀਬ 4000 ਜਵਾਨਾਂ ਅਤੇ ਅਧਿਕਾਰੀਆਂ ਵੱਲੋਂ ਪਾਸ ਕੀਤੇ ਗਏ ਮਤੇ ਮੁਤਾਬਕ ਇਹ ਫੈਸਲਾ ਕੀਤਾ ਗਿਆ ਹੈ ਕਿ ਏਕਤਾ ਫੰਡ ਵਿੱਚੋਂ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਕੋਰੋਨਾ ਯੋਧਿਆਂ ਦੇ ਪਰਿਵਾਰਾਂ ਨੂੰ ਸੌਂਪੀ ਜਾਵੇਗੀ , ਉਨ੍ਹਾਂ ਦੱਸਿਆ ਕਿ ਆਪਣੀ ਡਿਊਟੀ ਦੌਰਾਨ ਕੋਵਿਡ ਨਾਲ ਲੜਾਈ ਲੜਦੇ ਹੋਏ ਆਪਣੀ ਜਾਨ ਗਵਾਉਣ ਵਾਲੇ ਕੋਰੋਨਾ ਯੋਧਿਆਂ ਦੇ ਪਰਿਵਾਰਾਂ ਦੀ ਭਲਾਈ ਲਈ ਇਸ ਫੰਡ ਨੂੰ ਖ਼ਰਚਿਆ ਜਾਵੇਗਾ।
ਐਸ.ਐਸ.ਪੀ. ਨੇ ਦੱਸਿਆ ਕਿ ਪੰਜਾਬ ਹੋਮ ਗਾਰਡ ਦਾ ਜਵਾਨ ਦਰਸ਼ਨ ਸਿੰਘ 14 ਸਤੰਬਰ 2020 ਨੂੰ ਕੋਵਿਡ ਪਾਜਿਟਿਵ ਪਾਇਆ ਗਿਆ ਸੀ ਅਤੇ ਇਸ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ। ਉਹ ਸਾਹ ਦੀ ਮੁਸ਼ਕਿਲ ਨਾਲ ਜੂਝ ਰਿਹਾ ਸੀ ਅਤੇ 16 ਸਤੰਬਰ ਨੂੰ ਆਪਣੀ ਜਿੰਦਗੀ ਦੀ ਜੰਗ ਕੋਵਿਡ ਹੱਥੋਂ ਹਾਰ ਗਿਆ। ਉਹ ਆਪਣੀ ਪਤਨੀ, ਦੋ ਪੁੱਤਰਾਂ ਅਤੇ ਇੱਕ ਪੁੱਤਰੀ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ, ਇਸ ਪਰਿਵਾਰ ਦੀ ਪਟਿਆਲਾ ਪੁਲਿਸ ਵੱਲੋਂ ਇਮਦਾਦ ਕੀਤੀ ਜਾਵੇਗੀ। ਸ੍ਰੀ ਦੁੱਗਲ ਨੇ ਕਿਹਾ ਕਿ ਪਟਿਆਲਾ ਪੁਲਿਸ ਆਪਣੇ ਬਹਾਦਰ ਜਵਾਨਾਂ ਦੇ ਹਰ ਦੁੱਖ-ਸੁੱਖ 'ਚ ਸਦਾ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਰਹੇਗੀ।
ਕੋਵਿਡ ਨਾਲ ਲੜਦਿਆਂ ਆਪਣੀ ਜਾਨ ਗਵਾ ਚੁੱਕੇ ਜਵਾਨ ਦਰਸ਼ਨ ਸਿੰਘ ਦੀ ਤਸਵੀਰ