ਹਰਜਿੰਦਰ ਸਿੰਘ ਭੱਟੀ
- ਰਜਿਸਟਰਡ ਕਿਸਾਨ ਗਰੁੱਪਾਂ /ਗ੍ਰਾਮ ਪੰਚਾਇਤਾਂ / ਫਾਰਮਰ ਪ੍ਰੋਡਿਊਸਰ ਸੰਸਥਾਵਾਂ ਲਈ 80 ਫੀਸਦੀ ਸਬਸਿਡੀ
- ਨਿੱਜੀ ਕਿਸਾਨਾਂ ਲਈ 50 ਫੀਸਦੀ ਸਬਸਿਡੀ
- ਸਬਸਿਡੀ 'ਤੇ ਸੁਪਰ ਐਸ.ਐਮ.ਐਸ ਲਗਵਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਕੀਤਾ ਜਾਵੇ ਸੰਪਰਕ
ਐਸ.ਏ.ਐਸ ਨਗਰ, 26 ਸਤੰਬਰ 2020 - ਪੰਜਾਬ ਸਰਕਾਰ ਵੱਲੋਂ ਸਾਉਣੀ 2020 ਦੌਰਾਨ ਪਰਾਲੀ ਨੂੰ ਖੇਤਾਂ ਵਿੱਚ ਸਾਂਭਣ ਲਈ ਸਵੈਚਲਿਤ ਜਾਂ ਟਰੈਕਟਰ ਨਾਲ ਚਲਣ ਵਾਲੇ ਕੰਬਾਇਨ ਹਾਰਵੈਸਟਰ ਤੇ ਸੁਪਰ ਐਸ.ਐਮ.ਐਸ ਲਗਵਾਉਣ ਲਈ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਰਾਹੀਂ ਸਹਿਕਾਰੀ ਸਭਾਵਾਂ/ ਕਿਸਾਨਾਂ ਦੀਆਂ ਰਜਿਸਟਰਡ ਸੁਸਾਇਟੀਆਂ/ ਰਜਿਸਟਰਡ ਕਿਸਾਨ ਗਰੁੱਪਾਂ / ਗ੍ਰਾਮ ਪੰਚਾਇਤਾਂ/ ਫਾਰਮਰ ਪ੍ਰੋਡਿਊਸਰ ਸੰਸਥਾਵਾਂ ਲਈ 80 ਫੀਸਦੀ ਅਤੇ ਨਿੱਜੀ ਕਿਸਾਨਾਂ ਲਈ 50 ਫੀਸਦੀ ਸਬਸਿਡ ਤੇ ਮਹੁੱਈਆ ਇਹ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਸਬਸਿਡੀ ਤੇ ਸੁਪਰ ਐਸ.ਐਮ.ਐਸ. ਲਗਵਾਉਣ ਲਈ ਕਿਸਾਨ ਆਪਣੇ ਬਿਨੈ ਪੱਤਰ ਖੇਤੀਬਾੜੀ ਵਿਭਾਗ ਦੇ ਬਲਾਕ ਖੇਤੀਬਾੜੀ ਅਫਸਰ ਜਾਂ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਨੂੰ 30 ਸਤੰਬਰ ਤੱਕ ਦੇ ਸਕਦੇ ਹਨ ਤਾਂ ਜੋ ਉਨ੍ਹਾਂ ਨੂੰ ਸਬਸਿਡੀ 'ਤੇ ਇਹ ਮਸ਼ੀਨਰੀ ਮੁਹੱਈਆ ਕਰਵਾਈ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਹੀ ਸੰਭਾਲਣ ਲਈ ਅਤੇ ਖੇਤਾਂ ਵਿੱਚ ਹੀ ਜਜ਼ਬ ਕਰਨ ਲਈ ਸਵੈਚਲਿਤ ਜਾਂ ਟਰੈਕਟਰ ਨਾਲ ਚੱਲਣ ਵਾਲੇ ਕੰਬਾਇਨ ਹਾਰਵੈਸਟਰ ਤੇ ਸੁਪਰ ਐਸ.ਐਮ.ਐਸ. ਲਗਵਾਉਣਾ ਸਰਕਾਰ ਵੱਲੋਂ ਜਰੂਰੀ ਕੀਤਾ ਗਿਆ ਹੈ ,ਕੋਈ ਵੀ ਕੰਬਾਈਨ ਬਿਨ੍ਹਾਂ ਸੁਪਰ ਐਸ.ਐਮ.ਐਸ ਦੇ ਨਹੀਂ ਚੱਲਣ ਦਿੱਤੀ ਜਾਵੇਗੀ ।
ਉਨ੍ਹਾਂ ਦੱਸਿਆ ਕਿ ਬਿਨ੍ਹਾਂ ਸੁਪਰ ਐਸ.ਐਮ.ਐਸ ਦੇ ਕੰਬਾਇਨਾਂ ਨਾਲ ਝੋਨੇ ਦੀ ਕਟਾਈ ਕਰਨ ਤੋਂ ਰੋਕਣ ਲਈ ਜਿਲ੍ਹੇ ਦੀ ਹਦੂਦ ਧਾਰਾ 144 ਰਾਹੀਂ ਪਾਬੰਦੀ ਦੇ ਹੁਕਮ ਜਾਰੀ ਕੀਤੇ ਹੋਏ ਹਨ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਰਣਜੀਤ ਸਿੰਘ ਬੈਂਸ ਨੇ ਦੱਸਿਆ ਕਿ ਜਿਸ ਫਰਮ ਤੋਂ ਮਸ਼ੀਨ ਲਗਵਾਉਣੀ ਹੈ, ਉਨ੍ਹਾਂ ਦੀਆਂ ਮਸ਼ੀਨਾਂ ਭਾਰਤ ਸਰਕਾਰ ਦੇ ਕਿਸੇ ਟੈਸਟਿੰਗ ਸੈਂਟਰ ਤੋਂ ਟੈਸਟ ਹੋਈ ਹੋਵੇ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ / ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਲਿਸਟ ਵਿੱਚ ਦਰਜ ਹੋਣ। ਸਬੰਧਤ ਫਰਮ ਵੀ ਖੇਤੀਬਾੜੀ ਵਿਭਾਗ ਦੇ ਪੋਰਟਲ ਤੇ ਕਿਸਾਨ ਦਾ ਨਾਂ ਰਜਿਸਟਰ ਕਰ ਸਕਦੀ ਅਤੇ ਉਹ ਇਸ ਦੀ ਸੂਚਨਾ ਨੇੜੇ ਦੇ ਬਲਾਕ ਖੇਤੀਬਾੜੀ ਅਫਸਰ / ਸਹਾਇਕ ਖੇਤੀਬਾੜੀ ਇੰਜੀਨੀਅਰ / ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਨੂੰ ਭੇਜਣਗੇ।
ਉਨ੍ਹਾਂ ਦੱਸਿਆ ਕਿ ਖਰੀਦ ਕੀਤੀ ਜਾਣ ਵਾਲੀ ਖੇਤੀ ਮਸ਼ੀਨਰੀ ਲਈ ਮਨਜੂਰਸ਼ੁਦਾ ਮਸ਼ੀਨਾਂ ਦੇ ਨਿਰਮਾਤਾ, ਡੀਲਰਾਂ ਦੀ ਲਿਸਟ ਖੇਤੀਬਾੜੀ ਵਿਭਾਗ ਦੀ ਵੈਬਸਾਈਟ 'ਤੇ ਦੇਖੀ ਜਾ ਸਕਦੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਕਿਸਾਨ ਕਾਲ ਸੈਂਟਰ ਦੇ ਟੋਲ ਫਰੀ ਨੰਬਰ 1800 180 1551 ਤੇ ਸਵੇਰੇ 06:00 ਵਜੇ ਤੋਂ ਸ਼ਾਮ 10:00 ਵਜੇ ਤੱਕ ਮੁਫਤ ਸਲਾਹ ਲਈ ਜਾ ਸਕਦੀ ਹੈ ।
ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ/ ਰਹਿੰਦ ਨੂੰ ਖੇਤਾਂ ਵਿੱਚ ਅੱਗ ਨਾ ਲਗਾਉਣ ਕਿਉਂਕਿ ਝੋਨੇ ਦੀ ਪਰਾਲੀ / ਰਹਿੰਦ ਨੂੰ ਅੱਗ ਲਗਾਉਣ ਨਾਲ ਨਾ ਸਿਰਫ ਵੱਡੇ ਪੱਧਰ 'ਤੇ ਪ੍ਰਦੂਸ਼ਣ ਫੈਲਦਾ ਹੈ ਸਗੋਂ ਮਿੱਟੀ ਦੀ ਉਪਰਲੀ ਪਰਤ 'ਤੇ ਮਿੱਤਰ ਕੀੜੇ ਅਤੇ ਕੁਦਰਤੀ ਤੱਤ ਵੀ ਤਬਾਹ ਹੋ ਜਾਣ ਨਾਲ ਜ਼ਮੀਨ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ।