-ਕਰੋਨਾ ਨੇ ਸਰਕਾਰਾਂ ਦੇ ਕੰਮ ਕਾਰ ਅਤੇ ਲੋਕਾਂ ਦੇ ਸਮਾਜਿਕ ਤਾਣੇ-ਬਾਣੇ ਨੂੰ ਪ੍ਰਭਾਵਿਤ ਕੀਤਾ ਹੈ- ਮੰਚ
-ਕਰੋਨਾ ਕਾਲ- ਮਨ ਬੇਹਾਲ ਵਿਸ਼ੇ 'ਤੇ ਕਾਲਮਨਵੀਸ ਪੱਤਰਕਾਰ ਮੰਚ ਨੇ ਕਰਵਾਇਆ ਅੰਤਰਰਾਸ਼ਟਰੀ ਵੈਬੀਨਾਰ।
ਫਗਵਾੜਾ ,28 ਸਤੰਬਰ 2020 - ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਵਲੋਂ "ਕਰੋਨਾ ਕਾਲ- ਮਨ ਬੇਹਾਲ" ਵਿਸ਼ੇ ਉਤੇ ਕਰਵਾਏ ਗਏ ਵੈਬੀਨਾਰ ਵਿੱਚ ਬੋਲਦਿਆਂ ਮੁੱਖ ਬੁਲਾਰੇ ਸ਼ਿਆਮ ਸੁੰਦਰ ਦੀਪਤੀ ਨੇ ਕਿਹਾ ਕਿ ਕਰੋਨਾ ਵਾਇਰਸ ਨੇ ਸਾਡੀ ਮਾਨਸਿਕਤਾ ਨੂੰ ਬਹੁਤ ਬੁਰੀ ਤਰਾਂ ਝੰਜੋੜਿਆ ਹੈ। ਇਸ ਨੇ ਕੁਝ ਮਜ਼ਬੂਤ ਮਾਨਸਿਕਤਾ ਵਾਲੇ ਲੋਕਾਂ ਨੂੰ ਵੀ ਪਰੇਸ਼ਾਨ ਕਰ ਰੱਖਿਆ ਹੈ। ਕਰੋਨਾ ਅਸਲ ਵਿੱਚ ਇੱਕ ਡਾਕਟਰੀ ਸਮੱਸਿਆ ਸੀ ਪ੍ਰੰਤੂ ਸਰਕਾਰਾਂ ਨੇ ਇਸ ਨੂੰ ਪੁਲਿਸ ਦੇ ਹਵਾਲੇ ਕਰ ਛੱਡਿਆ ਹੈ। ਪੁਲਿਸ ਤੋਂ ਬਾਅਦ ਮੀਡੀਆ ਨੇ ਵੀ ਲੋਕਾਂ ਨੂੰ ਡਰਾਉਣ ਦਾ ਹੀ ਕੰਮ ਕੀਤਾ ਹੈ। ਸਰਕਾਰ, ਪੁਲਿਸ ਅਤੇ ਮੀਡੀਆ ਨੇ ਆਪੋ-ਆਪਣੇ ਢੰਗਾਂ ਨਾਲ ਡਰ ਹੀ ਫੈਲਾਇਆ ਹੈ। ਲਾਕਡਾਊਨ ਦਾ ਕੋਈ ਹੋਰ ਅਸਰ ਤਾਂ ਹੋਇਆ ਨਹੀਂ ਪਰ ਅਸੀਂ ਆਪਣੀ ਆਰਥਿਕਤਾ ਜ਼ਰੂਰ ਬਰਬਾਦ ਕਰ ਲਈ ਹੈ।
ਆਨਲਾਈਨ ਸਿੱਖਿਆ ਬੇਵਜਹਾ ਹੀ ਬੱਚਿਆਂ ਉੱਤੇ ਥੋਪ ਦਿੱਤੀ ਗਈ। ਇਸ ਨੇ ਦੇਸ਼ ਵਿੱਚ ਤਕਨੀਕੀ ਪਾੜਾ ਵਧਾਇਆ ਹੈ। ਇਹ ਵੀ ਅਸਲ ਵਿੱਚ ਕਾਰਪੋਰੇਟ ਦਾ ਹੀ ਇੱਕ ਏਜੰਡਾ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਿਆਦਾ ਸਾਫ਼ ਹੋ ਕੇ ਸਾਹਮਣੇ ਆਏਗਾ। ਇਸਦਾ ਬੱਚਿਆਂ ਦੀ ਮਾਨਸਿਕਤਾ ਉੱਤੇ ਬਹੁਤ ਬੁਰਾ ਅਸਰ ਪਿਆ ਹੈ। ਦੁਨੀਆ ਵਿੱਚ ਉਦਾਸੀ ਵਧ ਰਹੀ ਹੈ। ਸਮਾਜਿਕ ਦੂਰੀ ਵਧਣ ਕਾਰਨ ਸਾਡੀ ਮਾਨਸਿਕ ਦੂਰੀ ਵੀ ਦਿਨੋ-ਦਿਨ ਵੱਧ ਰਹੀ ਹੈ। ਉਹਨਾ ਨੇ ਕਿਹਾ ਕਿ ਕਿਸੇ ਵੀ ਮਹਾਂਮਾਰੀ ਦੇ ਚਾਰ ਪੜ੍ਹਾਅ ਹੁੰਦੇ ਹਨ। ਮੁੱਖ ਸਮੱਸਿਆ ਮਹਾਂਮਾਰੀ ਦੌਰਾਨ ਹੋਰ ਆਮ ਬਿਮਾਰੀਆਂ ਦਾ ਪ੍ਰਤੀ ਅਣਗਹਿਲੀ ਵਰਤਣਾ ਹੈ। ਕੋਵਿਡ-19 ਮੈਡੀਕਲ ਦੀ ਬਿਮਾਰੀ ਨਾਲ ਨਜਿੱਠਣ ਲਈ ਪੁਲਿਸ ਅਤੇ ਮੀਡੀਆ ਦਾ ਇਸਤੇਮਾਲ ਲੋਕਾਂ ਨੂੰ ਸੁਚੇਤ ਕਰਨ ਦੀ ਥਾਂ ਡਰਾਉਣ ਵਾਲਾ ਰਿਹਾ ਹੈ। ਇੱਕ ਲੰਮੇ ਲਾਕਡਾਊਨ ਕਾਰਨ ਸਭ ਕੁਝ ਆਨ-ਲਾਈਨ ਕਰਨ ਅਤੇ ਲੋਕਾਂ ਨੂੰ ਘਰ ਵਿੱਚ ਰਹਿਣ ਦੀ ਹਿਦਾਇਤ ਨਾਲ ਵੱਡੇ ਪੱਧਰ ਤੇ ਇਕਲਾਪਣ ਪੈਦਾ ਹੋਇਆ ਹੈ, ਜਿਸ ਨੇ ਮਾਨਸਿਕ ਸਮੱਸਿਆਵਾਂ ਪੈਦਾ ਕੀਤੀਆਂ ਹਨ। ਉਹਨਾ ਕਿਹਾ ਕਿ ਡਰ ਅਤੇ ਗਿਆਨ ਇਕੱਠੇ ਨਹੀਂ ਰਹਿ ਸਕਦੇ।
ਅਸੀਂ ਗਿਆਨ ਦੀ ਵਰਤੋਂ ਨਹੀਂ ਕੀਤੀ ਸਗੋਂ ਡਰ ਨੂੰ ਸਭ ਪਾਸੇ ਫੈਲਾਇਆ ਹੈ, ਜਿਸ ਕਾਰਨ ਲੋਕ ਇਸਦੇ ਨਤੀਜੇ ਭੁਗਤ ਰਹੇ ਹਨ। ਉਹਨਾ ਨੇ ਕਿਹਾ ਕਿ ਜ਼ਬਰਦਸਤੀ, ਬਿਨਾਂ ਕਿਸੇ ਡਰ ਤੋਂ ਵੱਖਰਾ ਰਹਿਣ ਲਈ ਕਹਿਣਾ ਇਕਾਂਤਵਾਸ ਨਹੀਂ ਹੁੰਦਾ ਇਕੱਲਾਪਣ ਹੁੰਦਾ ਹੈ ਜੋ ਕਿ ਆਪਣੇ-ਆਪ ਵਿੱਚ ਇੱਕ ਸਮੱਸਿਆ ਹੈ। ਵੈਬੀਨਾਰ ਦੀ ਕਾਰਵਾਈ ਰਿਲੀਜ਼ ਕਰਦਿਆਂ ਮੰਚ ਦੇ ਮੀਡੀਆ ਕੋਆਰਡੀਨੈਟਰ ਨੇ ਦੱਸਿਆ ਕਿ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ਵਿੱਚ ਕਰਵਾਏ ਗਏ ਵੈਬੀਨਾਰ ਵਿੱਚ ਸਾਰਥਕ ਬਹਿਸ ਨੂੰ ਅੱਗੇ ਤੋਰਦਿਆਂ ਯੂਰਪੀਅਨ ਪੰਜਾਬੀ ਸੱਥ ਦੇ ਸੰਸਥਾਪਕ ਡਾ. ਮੋਤਾ ਸਿੰਘ ਸਰਾਏ ਨੇ ਕਿਹਾ ਕਿ ਕ੍ਰੋਨਾ ਮਹਾਂਮਾਰੀ ਕਾਰਨ ਕਾਰਪੋਰੇਟ ਸੈਕਟਰ ਦੀ ਜਕੜ ਹੋਰ ਵਧਣ ਵਾਲੀ ਹੈ। ਇਸ ਨਾਲ ਬੈਂਕਾਂ ਵਿੱਚ ਬੱਚਤ ਕਰਨ ਵਾਲੇ ਆਮ ਲੋਕਾਂ ਨੂੰ ਹੋਰ ਘਾਟਾ ਪਏਗਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰੋ: ਕੋਮਲ ਸਿੰਘ ਨੇ ਦੱਸਿਆ ਕਿ ਕ੍ਰੋਨਾ ਦੇ ਫੈਲਾਏ ਹੋਏ ਡਰ ਨੇ ਮਨੁੱਖੀ ਰਿਸ਼ਤਿਆਂ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਉਹਨਾਂ ਨੇ ਆਨਲਾਈਨ ਸਿੱਖਿਆ ਵਿੱਚ ਫੈਲ ਰਹੇ ਆਨਲਾਈਨ ਨਕਲ ਦੇ ਰੁਝਾਨ ਬਾਰੇ ਵੀ ਦੱਸਿਆ। ਬਰਤਾਨੀਆ ਤੋਂ ਰਣਜੀਤ ਧੀਰ ਨੇ ਕਿਹਾ ਕਿ ਇਸ ਦੌਰਾਨ ਬਿਰਧਾਂ ਦੀ ਹਾਲਤ ਹੋਰ ਵੀ ਮਾੜੀ ਹੋਈ ਹੈ। ਜਗਦੀਪ ਸਿੰਘ ਕਾਹਲੋਂ ਨੇ ਉਹਨਾਂ ਸਮਿਆਂ ਬਾਰੇ ਗੱਲ ਕੀਤੀ ਜਦੋਂ ਕਿ ਵਾਰਸਾਂ ਨੇ ਆਪਣੇ ਬਜ਼ੁਰਗਾਂ ਦੀਆਂ ਲਾਸ਼ਾਂ ਨਹੀਂ ਸੰਭਾਲੀਆਂ।
ਬਰਤਾਨੀਆ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਇਹ ਇੱਕ ਅੰਤਰਰਾਸ਼ਟਰੀ ਮਸਲਾ ਹੈ। ਇਸ ਨੇ ਦੁਨੀਆ ਭਰ ਦੀਆਂ ਸਰਕਾਰਾਂ ਦੇ ਕੰਮ ਕਾਜ ਅਤੇ ਲੋਕਾਂ ਦੇ ਸਮਾਜਿਕ ਤਾਣੇ-ਬਾਣੇ ਨੂੰ ਪ੍ਰਭਾਵਿਤ ਕੀਤਾ ਹੈ। ਲੋਕ ਇਹਨਾਂ ਦਿਨਾਂ ਵਿੱਚ ਖੁਸ਼ੀ ਵਿੱਚ ਤਾਂ ਦੂਰ ਪ੍ਰੰਤੂ ਦੁੱਖ ਦੇ ਦਿਨਾਂ ਵਿੱਚ ਵੀ ਇਕੱਠੇ ਨਹੀਂ ਹੋ ਸਕਦੇ। ਆਪਸੀ ਦੂਰੀਆਂ ਬਹੁਤ ਬੁਰੀ ਤਰ੍ਹਾਂ ਵੱਧ ਰਹੀਆਂ ਹਨ। ਕਰਨਜੀਤ ਸਿੰਘ ਸਾਬਕਾ ਸਿਹਤ ਨਿਰਦੇਸ਼ਕ ਪੰਜਾਬ ਨੇ ਕਿਹਾ ਕਿ ਜਦੋਂ ਸਰੀਰਕ ਦੂਰੀਆਂ ਵਧਦੀਆਂ ਹਨ ਤਾਂ ਮਾਨਸਿਕ ਦੂਰੀਆਂ ਵੀ ਵੱਧ ਜਾਂਦੀਆਂ ਹਨ। ਉਹਨਾਂ ਨੇ ਦੁਨੀਆ ਭਰ ਵਿੱਚ ਫ਼ੈਲੇ ਦਵਾਈ ਮਾਫ਼ੀਆ ਬਾਰੇ ਵੀ ਜ਼ਿਕਰ ਕੀਤਾ। ਕੇਹਰ ਸ਼ਰੀਫ਼ ਨੇ ਕਿਹਾ ਕਿ ਲੋਕਾਂ ਦੇ ਮਨਾਂ ਅੰਦਰੋਂ ਸਰਕਾਰਾਂ ਦੁਆਰਾ ਫੈਲਾਇਆ ਗਿਆ ਡਰ ਖ਼ਤਮ ਕਰਨ ਦੀ ਲੋੜ ਹੈ। ਰਵਿੰਦਰ ਚੋਟ ਨੇ ਦੁਆਬੇ ਦੇ ਘਰਾਂ ਵਿੱਚ ਇਕੱਲੇ ਰਹਿ ਗਏ ਬਜ਼ੁਰਗਾਂ ਦੀ ਮਾਨਸਿਕਤਾ ਬਾਰੇ ਜ਼ਿਕਰ ਕੀਤਾ। ਡਾ. ਸੁਖਪਾਲ ਸਿੰਘ ਨੇ ਦੱਸਿਆ ਕਿ ਕਰੋਨਾ ਦੀ ਜੜ੍ਹ ਅਸਲ ਵਿੱਚ ਆਰਥਿਕਤਾ ਨਾਲ ਜੁੜੀ ਹੋਈ ਹੈ। ਇਸ ਦੇ ਰਾਹੀਂ ਕਾਰਪੋਰੇਟ ਨੇ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ। ਅੰਤ ਵਿੱਚ ਡਾ. ਗਿਆਨ ਸਿੰਘ ਮੋਗਾ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ।
ਇਸ ਵੈਬੀਨਾਰ ਵਿੱਚ ਡਾ: ਸ਼ਿਆਮ ਸੁੰਦਰ ਦੀਪਤੀ ਤੋਂ ਬਿਨਾਂ ਡਾ: ਕਰਨਜੀਤ ਸਿੰਘ ਸਾਬਕਾ ਡਾਇਰੈਕਟਰ ਸਿਹਤ ਵਿਭਾਗ, ਵਰਿੰਦਰ ਸ਼ਰਮਾ ਐਮ.ਪੀ. ਯੂਕੇ., ਡਾ: ਐਸ.ਪੀ. ਸਿੰਘ , ਮੋਤਾ ਸਿੰਘ ਸਰਾਏ ਯੂ.ਕੇ., ਪ੍ਰੋ: ਰਣਜੀਤ ਧੀਰ ਯੂ.ਕੇ., ਡਾ: ਗਿਆਨ ਸਿੰਘ, ਬੇਅੰਤ ਕੌਰ ਗਿੱਲ, ਕਰਨ ਅਜਾਇਬ ਸਿੰਘ ਸੰਘਾ, ਜੀ.ਐਸ. ਗੁਰਦਿੱਤ, ਜਗਦੀਪ ਸਿੰਘ ਕਾਹਲੋਂ, ਜਗਰੂਪ ਸਿੰਘ ਜਰਖੜ, ਡਾ: ਸੁਖਪਾਲ ਸਿੰਘ, ਕੰਵਲਜੀਤ ਸਿੰਘ ਜਵੰਦਾ, ਕੇਹਰ ਸ਼ਰੀਫ, ਰਵਿੰਦਰ ਚੋਟ, ਗੁਰਚਰਨ ਸਿੰਘ ਨੂਰਪੁਰ, ਡਾ: ਚਰਨਜੀਤ ਸਿੰਘ ਗੁਮਟਾਲਾ, ਐਡਵੋਕੇਟ ਦਰਸ਼ਨ ਸਿੰਘ ਰਿਆੜ, ਐਡਵੋਕੇਟ ਸੰਤੋਖ ਲਾਲ ਵਿਰਦੀ, ਰਵਿੰਦਰ ਸਹਿਰਾਅ ਯੂ.ਐਸ.ਏ., ਜਗਦੀਸ਼ ਕੁਲਰੀਆਂ, ਗਿਆਨ ਸਿੰਘ ਮੋਗਾ, ਡਾ: ਕੋਮਲ ਸਿੰਘ, ਡਾ: ਗੁਰਵਿੰਦਰ ਅਮਨ ਰਾਜਪੁਰਾ, ਗੁਰਦੀਪ ਬੰਗੜ ਯੂ.ਕੇ., ਜਨਕ ਪਲਾਹੀ, ਬੰਸੋ ਦੇਵੀ, ਮਨਦੀਪ ਸਿੰਘ, ਮਨੀਸ਼ ਮਹਿਰਾ, ਸੁਖਜਿੰਦਰ ਸਿੰਘ, ਪਰਗਟ ਸਿੰਘ ਰੰਧਾਵਾ ਆਦਿ ਸ਼ਾਮਲ ਸਨ।