ਹਰੀਸ਼ ਕਾਲੜਾ
ਰੂਪਨਗਰ, 15 ਅਕਤੂਬਰ 2020 - ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਸ੍ਰੀਮਤੀ ਸੋਨਾਲੀ ਗਿਰੀ , ਡਿਪਟੀ ਕਮਿਸ਼ਨਰ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਰੂਪਨਗਰ ਵਿੱਚ ਅੱਜ ਪੁਲਿਸ ਵਿਭਾਗ ਨਾਲ ਮਿਲ ਕੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਇਸ ਸਮਾਜਿਕ ਕੁਰੀਤੀ ਦੇ ਕੁਰੀਤੀ ਵਿਚੋਂ ਕੱਢਣ ਲਈ ਵੱਖ ਵੱਖ ਥਾਵਾਂ ਤੇ ਅਚਨਚੇਤ ਚੈਕਿੰਗ ਕੀਤੀ ਗਈ ਰੇਡ ਦੋਰਾਨ 4 ਬੱਚਿਆਂ ਨੂੰ ਬਚਾਇਆ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਰਜਿੰਦਰ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਰੇਡ ਦੌਰਾਨ 4 ਬੱਚਿਆਂ ਨੂੰ ਬਚਾਇਆ ਗਿਆ ਜੋ ਕਿ ਸਰਕਾਰੀ ਸਕੂਲਾਂ ਵਿੱਚ ਦਾਖਲ ਸਨ ਅਤੇ ਕੋਵਿਡ-19 ਦੀ ਮਹਾਂਮਾਰੀ ਦੌਰਾਨ ਸਕੂਲ ਬੰਦ ਹੋਣ ਕਾਰਨ ਬੱਚੇ ਭੀਖ ਮੰਗ ਰਹੇ ਹਨ।
ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਵੱਲੋਂ ਰੇਡ ਦੌਰਾਨ ਬਚਾਏ ਗਏ ਬੱਚਿਆਂ ਦੇ ਮਾਤਾ-ਪਿਤਾ ਤੋਂ ਲਿਖਤੀ ਰੂਪ ਵਿੱਚ ਤਸਦੀਕ ਕਰਵਾਇਆ ਗਿਆ ਕਿ ਭਵਿੱਖ ਵਿੱਚ ਉਹਨਾਂ ਦੇ ਬੱਚੇ ਭੀਖ ਨਹੀਂ ਮੰਗਣਗੇ। ਰਜਿੰਦਰ ਕੌਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਕਾਊਂਸਲਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਉਹਨਾਂ ਦੇ ਬੱਚੇ ਭਵਿੱਖ ਵਿੱਚ ਭੀਖ ਮੰਗਦੇ ਪਾਏ ਗਏ ਤਾਂ ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਬੱਚਿਆਂ ਦੇ ਮਾਤਾ ਪਿਤਾ ਨੂੰ ਅਪੀਲ ਕੀਤੀ ਗਈ ਬੱਚਿਆਂ ਦੇ ਹੱਥਾਂ ਵਿੱਚ ਭੀਖ ਦੇ ਕਟੋਰੇ ਫੜਾਉਣ ਦੀ ਬਜਾਏ ਕਿਤਾਬਾਂ ਦਿੱਤੀਆਂ ਜਾਣ । ਰਜਿੰਦਰ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਵੱਲੋਂ ਆਮ ਜਨਤਾ ਨੂੰ ਅਪੀਲ ਵੀ ਕੀਤੀ ਗਈ ਕਿ ਅਜਿਹੇ ਬੱਚਿਆਂ ਨੂੰ ਭੀਖ ਨਾ ਦਿੱਤੀ ਜਾਵੇ। ਬੱਚਿਆਂ ਨੂੰ ਭੀਖ ਵਰਗੀ ਲਾਹਨਤ ਭਰੀ ਬਿਮਾਰੀ ਤੋ ਬਾਹਰ ਕੱਢ ਕੇ ਚੰਗਾ ਭਵਿੱਖ ਦੇਣ ਦੇ ਉਪਰਾਲੇ ਕੀਤੇ ਜਾਣ । ਇਸ ਤੋਂ ਇਲਾਵਾ ਜੇਕਰ ਅਜਿਹੇ ਬੱਚੇ ਮਿਲਦੇ ਹਨ ਤਾਂ ਉਸਦੀ ਸੂਚਨਾ ਤੁਰੰਤ ਟੋਲ ਫ੍ਰੀ ਨੰਬਰ 1098 ਜਾਂ 01881-222299 ਜਿਲ੍ਹਾ ਬਾਲ ਸੁਰੱਖਿਆ ਦਫਤਰ ਤੇ ਕੀਤੀ ਜਾਵੇ। ਇਸ ਮ਼ੁਹਿੰਮ ਦੌਰਾਨ ਡੀ.ਐਸ.ਪੀ ਯੂ.ਸੀ ਚਾਵਲਾ ਜੀ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ।