ਫਿਰੋਜ਼ਪੁਰ, 23 ਅਕਤੂਬਰ 2020 - ਇਕ ਔਰਤ ਵੱਲੋਂ ਫਰੈਂਡਜ ਰੁਕਐਸਟ ਸਵੀਕਾਰ ਨਾ ਕਰਨ ਤੇ ਉਸ ਦੀ ਆਈਡੀ ਤੇ ਫੋਟੋ ਨਾਲ ਛੇੜਛਾੜ ਅਤੇ ਅਸ਼ਲੀਲ ਫੋਟੋ ਤਿਆਰ ਕਰਕੇ ਉਸ ਦੇ ਮੋਬਾਇਲ ਫੋਨ 'ਤੇ ਭੇਜਣ ਅਤੇ ਫੋਟੋ ਡਲੀਟ ਕਰਨ ਦਾ ਭਰੋਸਾ ਦੇ ਕੇ ਉਸ ਨਾਲ ਬਲਾਤਕਾਰ ਕਰਨ ਦੀ ਖਬਰ ਮਿਲੀ ਹੈ। ਇਸ ਮਾਮਲੇ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਇਕ ਵਿਅਕਤੀ ਖਿਲਾਫ 376 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਇਕ ਦਰਖਾਸਤ ਨੰਬਰ 518 ਸੀਪੀਐੱਫ ਸਪੈਸ਼ਲ ਮਿਤੀ 17 ਜੁਲਾਈ 2020 ਨੂੰ ਪੀੜਤ ਔਰਤ ਨੇ ਕੀਤੀ ਸੀ ਜਿਸ ਵਿਚ ਉਸ ਨੇ ਦੱਸਿਆ ਕਿ ਉਸ ਦੇ ਮੋਬਾਇਲ 'ਤੇ ਫਰੈਂਡਜ਼ ਰੁਕਐਸਟ ਭੇਜੀ ਜੋ ਉਸ ਨੇ ਸਵੀਕਾਰ ਨਹੀਂ ਕੀਤੀ ਤਾਂ ਦੋਸ਼ੀ ਸਾਹਿਲ ਦੀਪ ਪੁੱਤਰ ਮੋਹਨ ਲਾਲ ਵਾਸੀ ਵੱਡੇ ਮੰਦਰ ਵਾਲੀ ਗਲੀ ਚੌਂਕ ਘੁਮਿਆਰਾਂ ਵਾਲਾ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਨੇ ਉਸ ਦੀ ਆਈਡੀ ਤੋਂ ਫੋਟੋ ਲੈ ਕੇ ਉਸ ਨਾਲ ਛੇੜਛਾੜ ਕਰਕੇ ਅਸ਼ਲੀਲ ਫੋਟੋ ਤਿਆਰ ਕਰ ਲਈ ਤੇ ਉਸ ਦੇ ਮੋਬਾਇਲ ਫੋਨ ਤੇ ਭੇਜੀਆਂ, ਜਿਸ ਨੂੰ ਵੇਖ ਕੇ ਉਹ ਘਬਰਾ ਗਈ ਤੇ ਉਸ ਨੂੰ ਦੋਸ਼ੀ ਨੇ ਫੋਟੋਆਂ ਡਿਲੀਟ ਕਰਨ ਦਾ ਭਰੋਸਾ ਦੇ ਕੇ ਨਾਮਦੇਵ ਚੌਂਕ ਫਿਰੋਜ਼ਪੁਰ ਵਿਖੇ ਬੁਲਾਇਆ ਤੇ ਆਪਣੀ ਕਾਰ ਵਿਚ ਬਿਠਾ ਕੇ ਬਾਜੀਦਪੁਰ ਵਾਲੀ ਸਾਇਡ ਲੈ ਗਿਆ, ਜਿਥੇ ਪਿਸਤੌਲ ਉਸ ਦੀ ਪੁੜਪੁੜੀ 'ਤੇ ਰੱਖ ਕੇ ਉਸ ਨਾਲ ਜਬਰਦਸਤੀ ਬਲਾਤਕਾਰ ਕੀਤਾ ਤੇ ਮੋਬਾਇਲ ਫੋਨ ਤੇ ਵੀਡੀਓ ਬਣਾਈ ਤੇ ਉਸ ਨੂੰ ਬਲੈਕਮੇਲ ਕਰਕੇ ਉਸ ਕੋਲੋਂ 4-5 ਲੱਖ ਰੁਪਏ ਵੀ ਵਸੂਲੇ। ਇਸ ਮਾਮਲੇ ਦੀ ਜਾਂਚ ਕਰ ਰਹੇ ਜਾਂਚਕਰਤਾ ਨੇ ਦੱਸਿਆ ਕਿ ਪੁਲਿਸ ਨੇ ਉਕਤ ਔਰਤ ਦੇ ਬਿਆਨਾਂ 'ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।