← ਪਿਛੇ ਪਰਤੋ
ਕੁਲਜੀਤ ਨਾਗਰਾ
ਦੀਦਾਰ ਗੁਰਨਾ ਫ਼ਤਹਿਗੜ੍ਹ ਸਾਹਿਬ, 23 ਅਕਤੂਬਰ : ਫ਼ਤਹਿਗੜ੍ਹ ਸਾਹਿਬ ਵਿਧਾਨ ਸਭਾ ਹਲਕੇ ਦੇ ਵਿਧਾਇਕ ਸ. ਕੁਲਜੀਤ ਸਿੰਘ ਨੇ ਅੱਜ ਪਿੰਡ ਜੱਲ੍ਹਾ ਵਿਖੇ ਗੱਲਬਾਤ ਕਰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਕਥਿਤ ਦੋਸ਼ੀ ਦਾ ਲਾਈ ਡਿਟੈਕਟਰ ਟੈਸਟ ਕਰਵਾਇਆ ਜਾਵੇ ਤਾਂ ਜੋ ਇਸ ਘਟਨਾ ਦੇ ਪਿਛੇ ਲੁਕੇ ਅਨਸਰਾਂ ਦਾ ਪਤਾ ਲੱਗ ਸਕੇ ਅਤੇ ਲੋਕਾਂ ਸਾਹਮਣੇ ਸੱਚਾਈ ਲਿਆਂਦੀ ਜਾ ਸਕੇ। ਇਥੇ ਵਰਨਣਯੋਗ ਹੈ ਕਿ ਸ. ਨਾਗਰਾ ਅੱਜ ਪਿੰਡ ਜੱਲ੍ਹਾ ਵਿਖੇ ਪਾਏ ਗਏ ਪਾਠ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਪਿੰਡ ਜੱਲ੍ਹਾ ਵਿਖੇ ਪਹੁੰਚੇ ਸਨ। ਸ. ਨਾਗਰਾ ਨੇ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਉਹ ਮਹਾਨ ਧਰਤੀ ਹੈ ਜਿਥੇ ਦਸਮਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਫਤਹਿ ਸਿੰਘ, ਬਾਬਾ ਜ਼ੋਰਾਵਰ ਸਿੰਘ ਤੇ ਮਾਤਾ ਗੁਜਰ ਕੌਰ ਦੀਆਂ ਲਾਸਾਨੀ ਸ਼ਹਾਦਤਾਂ ਹੋਈਆਂ ਹਨ ਅਤੇ ਇਸ ਮਹਾਨ ਧਰਤੀ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈਆਂ ਘਟਨਾਵਾਂ ਨੇ ਸਮੁੱਚੇ ਸਿੱਖ ਜਗਤ ਦੇ ਹਿਰਦੇ ਵਲੂੰਦਰ ਕੇ ਰੱਖ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਘਟਨਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕੀਤੀ ਗਈ ਸੀ ਪ੍ਰੰਤੂ ਪਿੰਡ ਵਾਸੀਆਂ ਤੇ ਪੁਲਿਸ ਵੱਲੋਂ ਵਿਖਾਈ ਚੌਕਸੀ ਸਦਕਾ ਕਥਿਤ ਦੋਸ਼ੀ ਕਾਬੂ ਕੀਤਾ ਗਿਆ ਹੈ। ਵਿਧਾਇਕ ਨਾਗਰਾ ਨੇ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਪਿੰਡਾਂ ਵਿਚਲੇ ਗੁਰਦੁਆਰਾ ਸਾਹਿਬਾਨ ਦੀ ਸੁਰੱਖਿਆ ਲਈ ਆਪਣੀ ਪੱਧਰ 'ਤੇ ਉਪਰਾਲੇ ਕੀਤੇ ਜਾਣ ਅਤੇ ਗੁਰਦੁਆਰਿਆਂ ਵਿੱਚ ਉਚ ਕੁਆਲਿਟੀ ਦੇ ਸੀ.ਸੀ.ਟੀ.ਵੀ. ਕੈਮਰੇ ਵੀ ਲਗਵਾਏ ਜਾਣ ਤਾਂ ਜੋ ਕੋਈ ਵੀ ਵਿਅਕਤੀ ਅਗਾਂਹ ਤੋਂ ਅਜਿਹੀ ਮੰਦਭਾਗੀ ਘਟਨਾ ਨੂੰ ਅੰਜਾਮ ਨਾ ਦੇ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡਾਂ ਦੇ ਨਰੋਈ ਸਿਹਤ ਵਾਲੇ ਨੌਜਵਾਨਾਂ ਦੀਆਂ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਲਈ ਡਿਊਟੀਆਂ ਲਗਾਈਆਂ ਜਾਣ ਤਾਂ ਜੋ ਸਾਡੇ ਗੁਰਦੁਆਰਾ ਸਾਹਿਬਾਨ ਸੁਰੱਖਿਅਤ ਰਹਿ ਸਕਣ। ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਕਈ ਸ਼ਰਾਰਤੀ ਅਨਸਰ ਪੰਜਾਬ ਅੰਦਰ ਮੁੜ ਤੋਂ ਮਾੜੇ ਦਿਨ ਲਿਆਉਣ ਦੀ ਫਿਰਾਕ ਵਿੱਚ ਹਨ, ਇਸ ਲਈ ਹਰੇਕ ਵਿਅਕਤੀ ਨੂੰ ਅਜਿਹੇ ਲੋਕਾਂ ਤੋਂ ਦੀਆਂ ਚਾਲਾਂ ਨੂੰ ਸਮਝਦੇ ਹੋਏ ਪੰਜਾਬ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਸ. ਨਾਗਰਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਵਿਧਾਨ ਸਭਾ ਵਿੱਚ ਪਾਸ ਕੀਤੇ ਤਿੰਨ ਬਿਲਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਸੱਚੇ ਕਿਸਾਨ ਹਿਤੈਸ਼ੀ ਹਨ ਜਿਨ੍ਹਾਂ ਨੇ ਆਪਣੀ ਸਰਕਾਰ ਦੀ ਪ੍ਰਵਾਹ ਨਾ ਕਰਦੇ ਹੋਏ ਕੇਂਦਰ ਦੇ ਬਿਲਾਂ ਦੇ ਵਿਰੁੱਧ ਇਹ ਬਿਲ ਪਾਸ ਕੀਤੇ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਵਿਗਿਆਨਕ ਢੰਗ ਨਾਲ ਉਚ ਕੋਟੀ ਦੀ ਤਕਨਾਂਲੌਜੀ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਸਾਹਮਣੇ ਸੱਚਾਈ ਆ ਸਕੇ
Total Responses : 189