ਹਰਿੰਦਰ ਨਿੱਕਾ
ਸੰਗਰੂਰ, 24 ਅਕਤੂਬਰ:
11000 ਕਰੋੜ ਰੁਪਏ ਦੇ ਪੰਜਾਬ ਸਹਿਰੀ ਵਾਤਾਵਰਨ ਸੁਧਾਰ ਪੋ੍ਗਰਾਮ (ਪੀ.ਯੂ.ਈ.ਆਈ.ਪੀ) ਦੇ ਦੂਜੇ ਪੜਾਅ ਦੀ ਸ਼ੁਰੂਆਤ ਨਾਲ ਅਸੀਂ ਆਪਣੇ ਸ਼ਹਿਰਾਂ ਨੂੰ ਚੰਗੇਰੇ ਤਰੀਕੇ ਨਾਲ ਰਹਿਣਯੋਗ ਅਤੇ ਚਿਰ-ਸਥਾਈ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਇਕ ਹੋਰ ਇਤਿਹਾਸਿਕ ਪੁਲਾਂਘ ਪੁੱਟੀ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸੰਗਰੂਰ ਕੌਲਾਂ ਪਾਰਕ ਵਿਖੇ ਪੰਜਾਬ ਸਹਿਰੀ ਵਾਤਾਵਰਨ ਸੁਧਾਰ ਪੋ੍ਗਰਾਮ ਦੇ ਦੂਜੇ ਪੜਾਅ ਦੀ ਸੁਰੂਆਤ ਕਰਨ ਲਈ ਰੱਖੇ ਗਏ ਸਮਾਗਮ ਦੌਰਾਨ ਸਕੂਲ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕੀਤਾ। ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਪਹਿਲੇ ਪੜਾਅ ਤਹਿਤ 3000 ਕਰੋੜ ਰੁਪਏ ਦੇ ਪ੍ਰਾਜੈਕਟ ਮੁਕੰਮਲ ਹੋਣ ਨਾਲ ਸ਼ਹਿਰੀ ਬੁਨਿਆਦੀ ਢਾਂਚੇ ਅਤੇ ਉੱਚ ਪੱਧਰੀ ਨਾਗਰਿਕ ਸਹੂਲਤਾਂ ਤੇ ਸੇਵਾਵਾਂ ਪ੍ਰਦਾਨ ਕਰਨ ਦੀ ਪ੍ਰਣਾਲੀ ਦੇ ਅਗਲੇਰੇ ਵਿਕਾਸ ਲਈ ਰਾਹ ਪੱਧਰਾ ਹੋਇਆ ਹੈ, ਜਿਸ ਨੂੰ ਹੁਣ ਮਾਰਚ 2022 ਤੱਕ ਨਵੀਆਂ ਤੇ ਨਿਵੇਕਲੀਆਂ ਸਕੀਮਾਂ ਰਾਹੀਂ ਹੋਰ ਅੱਗੇ ਲਿਜਾਇਆ ਜਾਵੇਗਾ।
ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ਹਲਕਾ ਸੰਗਰੂਰ ਦੇ ਸ਼ਹਿਰੀ ਇਲਾਕਿਆਂ ਵਿੱਚ 247 ਪੀਣ ਵਾਲੇ ਪਾਣੀ ਦੀ ਸਪਲਾਈ, ਐਲ.ਈ.ਡੀ. ਲਾਈਟਾਂ, ਸੀਵਰੇਜ ਟ੍ਰੀਟਮੈਂਟ ਤੇ ਸਾੱਲਿਡ ਵੇਸਟ ਮੈਨੇਜਮੈਂਟ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨਾਂ ਦੱਸਿਆ ਕਿ 55 ਕਰੋੜ ਦੀ ਲਾਗਤ ਨਾਲ ਜਿਲੇ ਦੀਆਂ 13 ਨਗਰ ਕੌਂਸਲਾਂ ਵਿੱਚ ਇਹ ਵਿਕਾਸ ਕਾਰਜ ਕਰਵਾਏ ਜਾਣਗੇ। ਉਨਾਂ ਕਿਹਾ ਕਿ ਜਿਲੇ ਦੇ ਸ਼ਹਿਰੀ ਇਲਾਕਿਆਂ ਵਿਚ ਇਸ ਪ੍ਰੋਗਰਾਮ ਦੇ ਪਹਿਲੇ ਪੜਾਅ ਦੌਰਾਨ 15.25 ਕਰੋੜ ਦੀ ਲਾਗਤ ਨਾਲ ਕਰੀਬ 198 ਵਿਕਾਸ ਕਾਰਜ ਕਰਵਾਏ ਗਏ ਹਨ। ਉਨਾਂ ਕਿਹਾ ਕਿ ਸੰਗਰੂਰ ਦੇ ਸ਼ਹਿਰੀ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲੋੜ ਪੈਣ ‘ਤੇ ਉਹ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੋੜੀਂਦੀ ਗ੍ਰਾਂਟ ਮਨਜੂਰ ਕਰਵਾ ਕੇ ਲਿਆਉਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ, ਚੇਅਰਮੈਨ ਜਿਲਾ ਯੋਜਨਾ ਬੋਰਡ ਰਜਿੰਦਰ ਸਿੰਘ ਰਾਜਾ ਬੀਰਕਲਾਂ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਜਿੰਦਰ ਸਿੰਘ ਬੱਤਰਾ, ਐਸ.ਡੀ. ਐਮ ਬਬਨਦੀਪ ਸਿੰਘ ਵਾਲੀਆ, ਵਾਈਸ ਚੇਅਰਮੈਨ ਪੰਜਾਬ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ ਮਹੇਸ ਕੁਮਾਰ ਮੇਸੀ, ਲੀਗਲ ਸੈਲ ਪੰਜਾਬ ਦੇ ਚੇਅਰਮੈਨ ਗੁਰਤੇਜ ਸਿੰਘ ਗਰੇਵਾਲ, ਚੇਅਰਮੈਨ ਮਾਰਕੀਟ ਕਮੇਟੀ ਅਨਿਲ ਕੁਮਾਰ ਘੀਚਾ, ਚੇਅਰਮੈਨ ਨਗਰ ਸੁਧਾਰ ਟਰੱਸਟ ਨਰੇਸ਼ ਕੁਮਾਰ ਗਾਬਾ, ਬਲਵੀਰ ਕੌਰ ਸੈਣੀ, ਪਰਮਿੰਦਰ ਸਰਮਾ, ਜਸਪਾਲ ਸ਼ਰਮਾ ਪਾਲੀ ਸਮੇਤ ਹੋਰ ਆਗੂ ਤੇ ਅਧਿਕਾਰੀ ਹਾਜਰ ਸਨ