ਹਰਜਿੰਦਰ ਸਿੰਘ ਭੱਟੀ
- ਸਰਹੰਦ ਮੰਡੀ ਵਿਖੇ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ : ਗੇਜਾ ਰਾਮ
- ਸਮਾਗਮ ਵਿੱਚ ਧਾਰਮਿਕ ਤੇ ਰਾਜਨੀਤਿਕ ਸਖ਼ਸ਼ੀਅਤਾਂ ਭਰਨਗੀਆਂ ਹਾਜ਼ਰੀ
ਐਸ.ਏ.ਐਸ ਨਗਰ, 26 ਅਕਤੂਬਰ 2020 - ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਗੇਜਾ ਰਾਮ ਵਾਲਮੀਕੀ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ ਸਰਹੰਦ ਮੰਡੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ। ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ ਮਨਾਉਣ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਰਡ ਰਿਲੀਜ਼ ਕੀਤਾ ਗਿਆ।
ਸ੍ਰੀ ਗੇਜਾ ਰਾਮ ਵਾਲਮੀਕੀ ਨੇ ਦੱਸਿਆ ਕਿ ਕਾਰਡ ਰਲੀਜ਼ ਕਰਨ ਉਪਰੰਤ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਇਥੇ ਹਰੇਕ ਧਰਮ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਭਗਵਾਨ ਵਾਲਮੀਕਿ ਜੀ ਦੇ ਜੀਵਨ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਚੱਲਣਾ ਚਾਹੀਦਾ ਹੈ। ਚੇਅਰਮੈਨ ਗੇਜਾ ਰਾਮ ਨੇ ਹੋਰ ਦੱਸਿਆ ਕਿ ਸਰਹਿੰਦ ਮੰਡੀ ਵਿਖੇ ਕਰਵਾਏ ਜਾ ਰਹੇ ਸਮਾਗਮ ਦੌਰਾਨ ਵੱਡੇ ਪੱਧਰ 'ਤੇ ਸੰਤ-ਮਹਾਂਪੁਰਸ਼, ਸਮਾਜਿਕ ਅਤੇ ਰਾਜਨੀਤਿਕ ਸਖਸ਼ੀਅਤਾਂ ਹਾਜ਼ਰੀ ਭਰਨਗੀਆਂ । ਇਸ ਮੌਕੇ ਕੁਲਜੀਤ ਨਾਗਰਾ ਐਮ.ਐਲ.ਏ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਉਣਗੇ ।