ਫਿਰੋਜ਼ਪੁਰ 26 ਅਕਤੂਬਰ 2020 : ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਵਿਨੋਦ ਸਰੀਨ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਐਪੀਡੀਮਾਲੋਜਿਸ਼ਟ ਡਾ. ਸਤਪਾਲ ਭਗਤ ਦੀ ਅਗੁਵਾਈ ਹੇਠ ਡੇਂਗੂ ਦੀ ਰੋਕਥਾਮ ਅਤੇ ਬਚਾਓ ਸਬੰਧੀ ਲੋਕਾਂ ਨੂੰ ਜਾਗਰੂਕਤਾ ਕਰਨ ਲਈ ਮਾਇਕਿੰਗ ਕਰਵਾਈ ਗਈ, ਜਿਸ ਦੀ ਸ਼ੁਰੂਆਤ ਦਫਤਰ ਸਿਵਲ ਸਰਜਨ ਫਿਰੋਜ਼ਪੁਰ ਤੋਂ ਕੀਤੀ ਗਈ। ਇਸ ਮਾਇਕਿੰਗ ਕੰਪੇਨ ਨੂੰ ਸਹਾਇਕ ਸਿਵਲ ਸਰਜਨ ਡਾ. ਸੰਜੀਵ ਗੁਪਤਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਇਸ ਮਾਇਕਿੰਗ ਕੰਪੇਨ ਵਿਚ ਸਿਹਤ ਵਿਭਾਗ ਦੇ ਸਟਾਫ ਅਤੇ ਆਮ ਜਨਤਾ ਵੱਲੋ ਹਿੱਸਾ ਲਿਆ ਗਿਆ। ਸਿਵਲ ਸਰਜਨ ਡਾ. ਵਿਨੋਦ ਸਰੀਨ ਨੇ ਦੱਸਿਆ ਕਿ ਇਸ ਮਾਇਕਿੰਗ ਕੰਪੇਨ ਦਾ ਮੁੱਖ ਮੰਤਵ ਡੇਂਗੂ ਦੇ ਲੱਛਣਾਂ, ਬਚਾਓ ਅਤੇ ਇਸ ਦੇ ਇਲਾਜ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਇਹ ਮਾਇਕਿੰਗ ਕੰਪੇਨ ਫਿਰੋਜਪੁਰ ਦੇ ਸਮੂਹ ਵਾਰਡਾਂ ਵਿਚ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿਚ ਲੋਕਾਂ ਨੂੰ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬਿਮਾਰੀ ਤੋਂ ਬਚਾਓ ਸਬੰਧੀ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋਂ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਟੀਮਾ ਵੱਲੋ ਹਾਈ ਰਿਸਕ ਏਰੀਆ, ਸੱਲਮ ਏਰੀਆ, ਜਨਤਕ ਥਾਵਾਂ ਖਾਸਕਰ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਆਦਿ ਪ੍ਰਮੁੱਖ ਥਾਵਾਂ ਤੇ ਕੈਂਪ ਲਗਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਇਹ ਟੀਮਾਂ ਘਰ ਘਰ ਜਾ ਕੇ ਵੱਧ ਤੋ ਵੱਧ ਲੋਕਾਂ ਨੂੰ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ ਅਤੇ ਆਈਈਸੀ ਬੀਸੀਸੀ, ਸੋਰਸ ਰਿਡਕਸ਼ਨ ਗਤੀਵਿਧੀਆ ਅਤੇ ਫੀਵਰ ਸਰਵੇ ਕਰ ਰਹੀਆਂ ਹਨ, ਸਿਹਤ ਵਿਭਾਗ ਦੀ ਟੀਮਾਂ ਵੱਲੋਂ ਘਰ ਘਰ ਜਾਂ ਕੇ ਇਨ੍ਹਾਂ ਬਿਮਾਰੀ ਤੋਂ ਬਚਣ ਅਤੇ ਰੋਕਥਾਮ ਸਬੰਧੀ ਸਿਹਤ ਸਿੱਖਿਆ ਵੀ ਦਿੱਤੀ ਜਾ ਰਹੀ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸੰਜੀਵ ਗੁਪਤਾ ਵੱਲੋਂ ਡੇਂਗੂ ਬੁਖਾਰ ਤੋਂ ਬਚਾਓ ਅਤੇ ਜਾਗਰੂਕਤਾ ਸਬੰਧੀ ਜ਼ਿਲ੍ਹਾ ਫਿਰੋਜ਼ਪੁਰ ਦੀ ਆਮ ਜਨਤਾ ਨੂੰ ਅਪੀਲ ਕਰਦਿਆ ਕਿਹਾ ਕਿ ਡੇਂਗੂ ਬੁਖਾਰ ਏਡੀਜ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਅਤੇ ਇਹ ਮੱਛਰ ਦਿਨ ਦੇ ਸਮੇਂ ਕੱਟਦਾ ਹੈ, ਇੱਕ ਦਮ ਤੇਜ਼ ਬੁਖਾਰ ਹੋਣਾ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਪੱਠਿਆ ਵਿਚ ਦਰਦ, ਜੀ ਕੱਚਾ ਹੋਣਾ, ਉਲਟੀਆ ਆਉਣਾ, ਨੱਕ, ਮੂੰਹ, ਜਬਾੜਿਆਂ ਵਿੱਚੋ ਖੂਨ ਆਉਣਾ ਤੇ ਚਮੜੀ ਤੇ ਨੀਲੇ ਧੱਬੇ ਪੈਣਾ ਆਦਿ ਡੇਂਗੂ ਬੁਖਾਰ ਦੇ ਲੱਛਣ ਹਨ।
ਡੇਂਗੂ ਜਿਹੀ ਭਿਆਨਕ ਬਿਮਾਰੀ ਤੋਂ ਬਚਣ ਲਈ ਸਾਨੂੰ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਹੀ ਹੋਣ ਦੇਣਾ ਚਾਹੀਦਾ, ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰ੍ਹਾਂ ਢੱਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ, ਸੋਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ, ਡੇਂਗੂ ਦਾ ਮੱਛਰ ਹਮੇਸ਼ਾ ਸਾਫ ਅਤੇ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ. ਇਸ ਲਈ ਹਫਤੇ ਵਿਚ ਇਕ ਵਾਰ ਆਪਣੇ ਕੂਲਰ, ਏਸੀ, ਫਰਿਜਾਂ ਦੀਆਂ ਟਰੇਆਂ ਅਤੇ ਹੋਰ ਪਾਣੀ ਦੇ ਕਨਟੇਨਰ ਜਰੂਰ ਸਾਫ ਕੀਤਾ ਜਾਵੇ ਅਤੇ ਆਪਣੀਆਂ ਛੱਤਾਂ ਅਤੇ ਆਲੇ-ਦੁਆਲੇ ਟੁੱਟੇ ਪੁਰਾਣੇ ਡੱਬੇ, ਪੀਪੇ, ਘੜੇ ਅਤੇ ਪੁਰਾਣੇ ਟਾਇਰ ਨਾ ਰਖਣ, ਓਵਰਹੈਡ ਟੈਂਕਾ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਿਆ ਜਾਵੇ।
ਉਨ੍ਹਾਂ ਦੱਸਿਆ ਕਿ ਮੱਛਰਾਂ ਦੀ ਪੈਦਾਵਾਰ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸ਼ੁੱਕਰਵਾਰ ਨੂੰ “ਡਰਾਈ ਡੇ” ਵਜੋਂ ਮਨਾਉਣ ਦੇ ਆਦੇਸ਼ ਪ੍ਰਾਪਤ ਹੋਏ ਹਨ ਇਸ ਲਈ ਹਫਤੇ ਦੇ ਹਰ ਸ਼ੁਕਰਵਾਰ ਨੂੰ ਆਪਣੇ ਘਰ, ਦਫਤਰਾਂ, ਦੁਕਾਨਾਂ, ਅਤੇ ਹੋਟਲਾਂ ਵਿਚ ਲੱਗੇ ਫਰਿਜ ਅਤੇ ਕੂਲਰਾਂ ਨੂੰ ਸੁਕਾ ਕੇ ਸਾਫ ਕੀਤਾ ਜਾਵੇ। ਜੇਕਰ ਕਿਸੇ ਵੀ ਘਰ, ਸੰਸਥਾ ਵਿਚ ਡੇਂਗੂ ਮੱਛਰ ਦਾ ਲਾਰਵਾ ਮਿਲਦਾ ਹੈ ਤਾਂ ਪੰਜਾਬ ਮਿਂਉਸੀਪਲ ਐਕਟ 1911 ਦੀ ਧਾਰਾ 211, 219 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਡਾ. ਜੀਪੀ ਸਿੰਘ, ਜ਼ਿਲਾ ਪਰਿਵਾਰ ਭਲਾਈ ਅਫਸਰ, ਡਾ. ਲੋਕੋਸ ਡੀਡੀਐੱਚਓ, ਵਿਕਾਸ ਕਾਲੜਾ, ਪਰਮਵੀਰ ਮੋਂਗਾ, ਹਰਮੇਸ ਚੰਦਰ ਏਐੱਮਓ, ਮਨਪ੍ਰੀਤ ਸਿੰਘ, ਸਤਨਾਮ ਸਿੰਘ, ਕਸ਼ਮੀਰ ਸਿੰਘ, ਸਤਪਾਲ ਸਿੰਘ ਆਦਿ ਹਾਜ਼ਰ ਸਨ।