ਦੀਪਕ ਜੈਨ
- ਪਤਨੀ ਤੋਂ ਦੁਖੀ ਦਸਕੇ ਪਤੀ ਨੇ ਕੀਤੀ ਖ਼ੁਦਕੁਸ਼ੀ
ਜਗਰਾਓਂ, 30 ਜੂਨ 2020 - ਕਥਿਤ ਤੌਰ 'ਤੇ ਆਪਣੀ ਪਤਨੀ ਤੋਂ ਦੁਖੀ ਹੋ ਕੇ ਇੱਕ ਵਿਅਕਤੀ ਵਲੋਂ ਸੋਸ਼ਲ ਮੀਡੀਆ 'ਤੇ ਦੁਖੜਾ ਸੁਣਾਕੇ ਇਨਸਾਫ ਦੀ ਮੰਗ ਕਰਦਿਆਂ ਖ਼ੁਦਕੁਸ਼ੀ ਕਰ ਲਈ ਗਈ। ਇਸ ਵੀਡੀਓ ਵਿਚ ਕਰਮਜੀਤ ਸਿੰਘ ਪੁੱਤਰ ਸ਼ੇਰ ਸਿੰਘ ਨਿਵਾਸੀ ਮੁਹੱਲਾ ਮਾਈ ਜੀਨਾ ਜਗਰਾਓਂ ਨੇ ਦਸਿਆ ਕਿ ਉਹ ਆਪਣੀ ਪਤਨੀ ਤੋਂ ਦੁਖੀ ਸੀ ਜੋਕਿ ਉਸਤੇ ਕਈ ਤਰ੍ਹਾਂ ਦੇ ਇਲਜਾਮ ਲਗਾਉਂਦੀ ਸੀ ਕਿ ਤੇਰੇ ਹੋਰ ਔਰਤਾਂ ਨਾਲ ਸੰਬੰਧ ਹਨ ਜਦੋ ਕਿ ਉਹ ਇਸ ਤਰ੍ਹਾਂ ਦਾ ਵਿਅਕਤੀ ਨਹੀਂ ਹੈ।
ਵੀਡੀਓ ਵਿਚ ਮ੍ਰਿਤਕ ਕਰਮਜੀਤ ਸਿੰਘ ਨੇ ਦੱਸਿਆ ਕਿ ਉਸਦਾ ਵਿਆਹ ਅੱਠ ਸਾਲ ਪਹਿਲਾਂ ਹੋਇਆ ਸੀ ਅਤੇ ਉਹ ਆਪਣੇ ਮਾਪਿਆਂ ਨੂੰ ਛੱਡਕੇ ਇਸ ਔਰਤ ਨਾਲ ਜਗਰਾਓਂ ਆ ਕੇ ਰਹਿਣ ਲੱਗ ਗਿਆ ਸੀ ਪ੍ਰੰਤੂ ਹੁਣ ਉਸਦੀ ਪਤਨੀ ਉਸਤੇ ਕਈ ਔਰਤਾਂ ਨਾਲ ਸੰਬੰਧ ਹੋਣ ਦੇ ਇਲਜਾਮ ਲਾਉਂਦੀ ਸੀ ਜਿਸ ਕਾਰਨ ਉਹ ਦੁਖੀ ਹੋ ਗਿਆ ਹੈ ਤੇ ਖ਼ੁਦਕੁਸ਼ੀ ਕਰਨ ਜਾ ਰਿਹਾ ਹੈ। ਕਰਮਜੀਤ ਨੇ ਦੱਸਿਆ ਕਿ ਉਸਦੀ ਬੇਟੀ ਭਵਨਜੋਤ ਕੌਰ ਵਿਆਹੁਣ ਵਾਲੀ ਹੈ ਪਰ ਉਸਨੂੰ ਵੀ ਪਤਨੀ ਨੇ ਕੱਢ ਦਿੱਤਾ ਤੇ ਉਸਤੇ ਕਈ ਤਰ੍ਹਾਂ ਦੀਆਂ ਤੋਹਮਤਾਂ ਲਗਾਈਆਂ।
ਕਰਮਜੀਤ ਨੇ ਵੀਡੀਓ ਵਿਚ ਦੱਸਿਆ ਕਿ ਉਹ ਥੋੜੇ ਦਿਨ ਪਹਿਲਾਂ ਗੱਡੀ ਲੈ ਕੇ ਪਟਨਾ ਸਾਹਿਬ ਗਿਆ ਸੀ ਉੱਥੇ ਫੋਨ ਤੇ ਮੇਰੀ ਆਪਣੀ ਪਤਨੀ ਨਾਲ ਲੜਾਈ ਹੋ ਗਈ ਤੇ ਰੁਸਕੇ ਇਕ ਕਾਂਗਰਸੀ ਵਿਧਾਇਕ ਕੋਲ ਚਲੀ ਗਈ ਜੋ ਕਿ ਉਸਨੂੰ ਆਪਣੀ ਧੀ ਮੰਨਦਾ ਹੈ ਤੇ ਮੈਨੂੰ ਉਸਨੇ ਧਮਕੀਆਂ ਦਿੱਤੀਆਂ ਕਿ ਵਿਧਾਇਕ ਅਤੇ ਉਸਤੇ ਬੇਟੇ ਨੂੰ ਦੱਸ ਦੇਵਾਂਗੇ ਜੋ ਕਿ ਤੈਨੂੰ ਨਹੀਂ ਛੱਡਣਗੇ।
ਕਰਮਜੀਤ ਮੁਤਾਬਿਕ ਉਹ ਵਿਧਾਇਕ ਦੇ ਘਰੇ ਆਪਣੀ ਪਤਨੀ ਨੂੰ ਮਾਫੀ ਮੰਗ ਕੇ ਮਨਾਉਣ ਲਈ ਗਿਆ ਸੀ ਪਰ ਉਹ ਆਈ ਨਹੀਂ ਅਤੇ ਅੱਜ ਫੇਰ ਉਹ ਹੋਰ ਮੋਹਤਵਰਾਂ ਨੂੰ ਨਾਲ ਲੈ ਕੇ ਗਿਆ ਸੀ ਪਰ ਉਹ ਨਹੀਂ ਮੰਨੀ ਤੇ ਮੇਰੀ ਬਹੁਤ ਬੇਇਜਤੀ ਕੀਤੀ ਹਾਲਾਂਕਿ ਵਿਧਾਇਕ ਸਾਹਿਬ ਨੇ ਮੈਨੂੰ ਕੁੱਝ ਨਹੀਂ ਕਿਹਾ ਬਲਕਿ ਮੇਰੀ ਪਤਨੀ ਨੂੰ ਨਾਲ ਜਾਣ ਲਈ ਕਿਹਾ ਸੀ ਪ੍ਰੰਤੂ ਉਹ ਨਹੀਂ ਆਈ।
ਕਰਮਜੀਤ ਸਿੰਘ ਨੇ ਵੀਡੀਓ ਵਿੱਚ ਦੱਸਿਆ ਕਿ ਵਿਧਾਇਕ ਦੀ ਪਤਨੀ ਨੇ ਉਸਨੂੰ ਕਾਫੀ ਬੁਰਾ ਬੋਲਿਆ ਤੇ ਉਸਦੀ ਬੇਇਜਤੀ ਕੀਤੀ ਜਿਸ ਨਾਲ ਉਹ ਕਾਫੀ ਸ਼ਰਮ ਮਹਿਸੂਸ ਕਰ ਰਿਹਾ ਹੈ। ਉਸਨੇ ਕਿਹਾ ਕਿ ਇਸ ਸਭ ਤੋਂ ਦੁਖੀ ਹੋ ਕੇ ਉਹ ਇਹ ਖ਼ੁਦਕੁਸ਼ੀ ਵਾਲਾ ਕਦਮ ਚੁੱਕ ਰਿਹਾ ਹੈ। ਮ੍ਰਿਤਕ ਨੇ ਇਹ ਵੀ ਦੱਸਿਆ ਕਿ ਉਸਨੇ ਇਕ ਰਾਜੀਨਾਮਾ ਵੀ ਲਿਖਕੇ ਦਿੱਤਾ ਸੀ ਪਰ ਉਸਦੀ ਪਤਨੀ ਆਉਣ ਲਈ ਮੰਨੀ। ਇਸ ਵੀਡੀਓ ਤੋਂ ਬਾਅਦ ਕਰਮਜੀਤ ਸਿੰਘ ਨੇ ਖ਼ੁਦਕੁਸ਼ੀ ਕਰ ਲਈ। ਇਸ ਬਾਰੇ ਥਾਣਾ ਸਿਟੀ ਦੇ ਐਸਐਚਓ ਜਗਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ 174 ਦੀ ਕਾਰਵਾਈ ਕੀਤੀ ਗਈ ਹੈ।