ਫਿਰੋਜ਼ਪੁਰ 2 ਜੁਲਾਈ 2020 : ਈ ਸੰਜੀਵਨੀ ਡਾਕਟਰੀ ਇਲਾਜ ਦੀਆਂ ਸੇਵਾਵਾਂ ਹਰ ਇਕ ਵਿਅਕਤੀ ਘਰਾਂ ਵਿਚ ਰਹਿ ਕੇ ਸਮਾਰਟ ਫੋਨ ਤੇ ਮੋਬਾਈਲ ਐਪ ਰਾਹੀਂ ਪ੍ਰਾਪਤ ਕਰ ਸਕਦਾ ਹੈ ਤੇ ਕੋਵਿਡ -19 ਮਹਾਂਮਾਰੀ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਸੂਬੇ ਦੇ ਲੋਕਾਂ ਲਈ ਨਿਰਵਿਘਨ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀ ਇਸ ਮੁੰਹਿਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਲੋਕਾਂ ਵਲੋ ਲਗਾਤਰ ਡਾਕਟਰੀ ਸਲਾਹ ਲਈ ਈ ਸੰਜੀਵਨੀ ਓਪੀਡੀ ਪ੍ਰਣਾਲੀ ਦੀ ਵਰਤੋਂ ਕੀਤੀ ਜਾ ਰਹੀ ਹੈ।
ਇਹ ਜਾਣਕਾਰੀ ਡਾ. ਰਜਿੰਦਰ ਮਨਚੰਦਾ ਐੱਸਐੱਮਓ ਸੀਐੱਚਸੀ ਮਮਦੋਟ ਨੇ ਦੱਸਿਆ ਕਿ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਈ ਸੰਜੀਵਨੀ ਪ੍ਰਣਾਲੀ ਬਾਰੇ ਸਿਹਤ ਵਿਭਾਗ ਦੇ ਡਾਕਟਰਜ਼, ਪੈਰਾ ਮੈਡੀਕਲ ਸਟਾਫ ਤੇ ਆਸ਼ਾ ਵਰਕਰਾਂ ਵਲੋ ਪਿੰਡਾਂ ਵਿਚ ਆਮ ਲੋਕਾਂ ਨੂੰ ਜਾਗਰੂਕ ਕਰਕੇ ਉਨ੍ਹਾਂ ਨੂੰ ਆਨਲਾਈਨ ਓਪੀਡੀ ਸੇਵਾਵਾਂ ਲੈਣ ਲਈ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਸਰਕਾਰ ਦੀ ਇਸ ਮੁਹਿੰਮ ਨੇ ਡਾਕਟਰੀ ਇਲਾਜ਼ ਦੌਰਾਨ ਅਮੀਰ ਬਨਾਮ ਗਰੀਬ ਦੇ ਮੁੱਦੇ ਨੂੰ ਖਤਮ ਕਰ ਹਰੇਕ ਵਿਅਕਤੀ ਨੂੰ ਇਕ ਮੰਚ ਤੇ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਡਾ. ਮਨਚੰਦਾ ਨੇ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਈ ਸੰਜੀਵਨੀ ਪ੍ਰਣਾਲੀ ਮਾਹਰ ਡਾਕਟਰਾਂ ਰਾਹੇ ਘਰ ਬੈਠੇ ਹੀ ਸਿਹਤ ਸੰਬੰਧੀ ਆਮ ਸਮੱਸਿਆਵਾਂ ਲਈ ਡਾਕਟਰੀ ਇਲਾਜ ਅਤੇ ਸਲਾਹ ਲੈਣ ਲਈ ਪਲੇਟਫਾਰਮ ਪ੍ਰਦਾਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਓਪੀਡੀ ਦੇ ਸਮੇਂ ਵਿਚ ਵਾਧਾ ਕਰਦੇ ਹੋਏ ਇਸਤਰੀ ਰੋਗਾਂ ਤੇ ਜਨਰਨ ਓਪੀਡੀ ਦਾ ਸਮਾਂ ਸਵੇਰੇ 8 ਵਜੇ ਤੋ 2 ਵਜੇ ਤੱਕ ਸੋਮਵਾਰ ਤੋ ਸ਼ਨੀਵਾਰ ਤੱਕ ਕੀਤਾ ਗਿਆ।
ਕਮਿਊਨਿਟੀ ਹੈੱਲਥ ਸੈਂਟਰ ਮਮਦੋਟ ਦੇ ਸਟਾਫ ਨਾਲ ਵਿਚਾਰ ਸਾਂਝੇ ਕਰਦਿਆਂ ਡਾ. ਰਜਿੰਦਰ ਮਨਚੰਦਾ ਨੇ ਦੱਸਿਆ ਕਿ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿਚ ਟੈਲੀਮੇਡਸੀਨ ਸੇਵਾਵਾਂ ਤੋਂ ਇਲਾਵਾ ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ ਵਿਭਾਗ ਦੇ ਸਰਗਰਮ ਸਹਿਯੋਗ ਨਾਲ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਇਸ ਪ੍ਰੋਗਰਾਮ ਨੂੰ ਸੂਬੇ ਭਰ ਵਿਚ ਲਾਗੂ ਕੀਤਾ ਹੈ। ਇਸ ਦੁਆਰਾ ਡਾਕਟਰੀ ਸੇਵਾਵਾਂ ਦੀ ਗੁਣਵੱਤਾ ਨੂੰ ਵਧਾਉਣ ਤੋਂ ਇਲਾਵਾ ਇਸ ਸੇਵਾ ਬੁਨਿਆਦੀ ਢਾਂਚੇ ਦੀ ਘਾਟ ਅਤੇ ਮਨੁੱਖੀ ਸਰੋਤਾਂ ਦੀ ਘਾਟ ਨਾਲ ਸਬੰਧਤ ਮੁੱਦਿਆਂ ਨੂੰ ਕਾਫੀ ਹੱਦ ਤਕ ਹੱਲ ਕਰਨ ਵਿਚ ਸਹਾਈ ਹੋਵੇਗੀ। ਈ ਸੰਜੀਵਨੀ ਦਾ ਉਦੇਸ਼ ਸ਼ਹਿਰੀ ਤੇ ਪੇਂਡੂ ਅਤੇ ਅਮੀਰ ਬਨਾਮ ਗਰੀਬਾਂ ਵਿਚਕਾਰ ਮੌਜ਼ੂਦ ਡਿਜੀਟਲ ਵੰਡ ਨੂੰ ਪੂਰਾ ਕਰਦਿਆਂ ਸਿਹਤ ਸੇਵਾਵਾਂ ਨੂੰ ਬਰਾਬਰ ਬਣਾਉਣਾ ਹੈ, ਜਿਸ ਨਾਲ ਕਾਫੀ ਬਦਲਾਅ ਵੀ ਆ ਰਿਹੈ।
ਡਾ. ਮਨਚੰਦਾ ਨੇ ਦੱਸਿਆ ਕਿ ਐਪਲੀਕੇਸ਼ਨ ਵਿਚ ਅਣਚਾਹੇ ਤੱਤਾਂ ਵਿਰੁੱਧ ਸੁਰੱਖਿਆ ਦੀ ਇੱਕ ਉੱਚ ਡਿਗਰੀ ਹੈ। ਜ਼ਿਲ੍ਹਾ ਪੱਧਰ 'ਤੇ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਜਾਰੀ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਨੇ ਜ਼ਿਲੇ ਦੇ ਡਾਕਟਰਾਂ ਦੀਆਂ ਟੀਮਾਂ ਦੀ ਸਹਾਇਤਾ ਲਈ ਜ਼ਿਲਾ ਤਕਨੀਕੀ ਕੋਆਰਡੀਨੇਟਰ (ਡੀਟੀਸੀ) ਜਾਂ ਜ਼ਿਲਾ ਈਗਵਰਨੈਂਸ ਕੋਆਰਡੀਨੇਟਰ (ਡੀਈਜੀਸੀ) ਨਿਯੁਕਤ ਕੀਤੇ ਹਨ। ਇਹ ਵਿਸ਼ੇਸ਼ਤਾ ਕੋਵਾ ਪੰਜਾਬ ਮੋਬਾਈਲ ਐਪਲੀਕੇਸ਼ਨ ਵਿਚ ਵੀ ਉਪਲਬਧ ਹੈ ਜੋ ਐਂਡਰਾਇਡ ਲਈ ਗੂਗਲ ਪਲੇ ਸਟੋਰ ਤੇ ਅਤੇ ਆਈਓਐੱਸ ਲਈ ਐਪਲ ਐਪਸਟੋਰ ਤੇ ਉਪਲਬਧ ਹੈ। ਇਹ ਸਹੂਲਤ ਉਨਾਂ ਬਿਮਾਰ ਲੋਕਾਂ ਲਈ ਲਾਭਕਾਰੀ ਹੋਵੇਗੀ ਜੋ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਹਸਪਤਾਲਾਂ ਜਾਣ ਤੋਂ ਡਰ ਮਹਿਸੂਸ ਕਰ ਰਹੇ ਹਨ।