ਫ਼ਿਰੋਜ਼ਪੁਰ 2 ਨਵੰਬਰ (ਗੁਰਿੰਦਰ ਸਿੰਘ) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਮਾਸਟਰਜ਼ ਐਥਲੈਟਿਕ ਫ਼ਿਰੋਜ਼ਪੁਰ ਵੱਲੋਂ ਖੇਡ ਵਿਭਾਗ ਅਤੇ ਸਵੈ ਸੇਵੀ ਸੰਸਥਾ ਦੇ ਸਹਿਯੋਗ ਨਾਲ ਸਥਾਨਕ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਜ਼ਿਲ੍ਹਾ ਮਾਸਟਰਜ਼ (ਵੈਟਰਨ) ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ, ਜਿਸ ਵਿਚ 250 ਤੋਂ ਵੱਧ ਵਖਐਟਰਨ ਖਿਡਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਜ਼ਿਲ੍ਹਾ ਪੱਧਰੀ ਜ਼ਿਲ੍ਹਾ ਮਾਸਟਰਜ਼ ਐਥਲੈਟਿਕ ਮੀਟ ਦਾ ਮੁੱਖ ਮਕਸਦ ਤੰਦਰੁਸਤ ਪੰਜਾਬ ਦੇ ਸੁਪਨੇ ਨੂੰ ਸਕਾਰ ਕਰਨਾ ਅਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਹੈ।
ਉਨ੍ਹਾਂ ਨੇ ਕਿਹਾ ਅੱਜ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਹੋਈ ਇਸ ਐਥਲੈਟਿਕ ਮੀਟ ਵਿੱਚ 35 ਸਾਲ ਤੋਂ ਉੱਪਰ ਵੱਖ-ਵੱਖ ਉਮਰ ਦੇ ਵਰਗ ਬਣਾ ਕੇ ਖੇਡਾਂ ਕਰਵਾਈਆਂ ਗਈਆਂ ਅਤੇ ਖਿਡਾਰੀਆਂ ਵੱਲੋਂ ਆਪਣੀਆਂ ਖੇਡਾਂ ਦੇ ਜੋਹਰ ਦਿਖਾਏ ਗਏ। ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਬਿਲਕੁਲ ਮੁਫ਼ਤ ਕੀਤੀ ਗਈ। ਇਸ ਜ਼ਿਲ੍ਹਾ ਮਾਸਟਰਜ਼ ਐਥਲੈਟਿਕ ਮੀਟ ਵਿੱਚ ਮਰਦਾਂ ਨੇ 100 ਮੀਟਰ, 400 ਮੀਟਰ 1500 ਮੀਟਰ, 3 ਕਿੱਲੋਮੀਟਰ ਵਾਕ ਤੋਂ ਇਲਾਵਾ ਲੰਬੀ ਛਾਲ, ਉੱਚੀ ਛਾਲ, ਗੋਲਾਂ ਸੁੱਟਣਾ, ਜੈਵਲਿਨ ਥਰੋ, ਡਿਸਕਸ ਥਰੋ, ਹੈਮਰ ਥਰੋ ਆਦਿ ਵਿੱਚ ਭਾਗ ਲਿਆ ਅਤੇ ਆਪਣੀ ਖੇਡ ਦੇ ਜੌਹਰ ਦਿਖਾਏ। ਇਸੇ ਤਰ੍ਹਾਂ ਹੀ ਔਰਤਾਂ ਨੇ 100 ਮੀਟਰ, 400 ਮੀਟਰ, 1 ਕਿੱਲੋਮੀਟਰ ਵਾਕ, ਗੋਲਾ ਸੁੱਟਣਾ ਅਤੇ ਜੈਵਲਿਨ ਥਰੋ ਆਦਿ ਖੇਡਾਂ ਵਿੱਚ ਭਾਗ ਲਿਆ। ਖੇਡਾਂ ਵਿਚੋਂ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸਹਾਇਕ ਕਮਿਸ਼ਨਰ ਰਣਜੀਤ ਸਿੰਘ ਨੇ ਕਿਹਾ ਕਿ ਇਸ ਅਥਲੈਟਿਕ ਮੀਟ ਦਾ ਮੁੱਖ ਮੰਤਵ ਸਮਾਜ ਨੂੰ ਤੰਦਰੁਸਤ, ਸਿਹਤਮੰਦ ਅਤੇ ਨਸ਼ਾ ਰਹਿਤ ਰਹਿਣ ਦੀ ਪ੍ਰੇਰਨਾ ਦੇਣਾ ਅਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਦੀ ਭੈੜੀ ਸੰਗਤ ਤੋਂ ਬਚਣ ਲਈ ਸੇਧ ਦੇਣਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਾਉਣ ਨਾਲ ਨਸ਼ਾ ਅਤੇ ਤਣਾਓ ਮੁਕਤ ਸਮਾਜ ਸਿਰਜਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਵੇਰੇ ਦਿੱਲੀ ਗੇਟ ਤੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਤੱਕ ਸਿਹਤ ਜਾਗਰੂਕਤਾ ਰੈਲੀ ਵੀ ਕੱਢੀ ਗਈ।
ਇਸ ਮੌਕੇ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ, ਜ਼ਿਲ੍ਹਾ ਖੇਡ ਅਫ਼ਸਰ ਸੁਨੀਲ ਕੁਮਾਰ, ਜ਼ਿਲ੍ਹਾ ਮੰਡੀ ਅਫ਼ਸਰ. ਸਵਰਨ ਸਿੰਘ, ਪ੍ਰਧਾਨ ਡਾ. ਜੀ.ਐੱਸ. ਢਿੱਲੋਂ, ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ, ਕਾਰਜਕਾਰੀ ਅਫ਼ਸਰ ਡੇਅਰੀ ਬੀਰ ਪ੍ਰਤਾਪ ਸਿੰਘ ਗਿੱਲ, ਜ਼ਿਲ੍ਹਾ ਯੂਥ ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ ਸਰਬਜੀਤ ਸਿੰਘ, ਗਰਾਊਂਡ ਸੁਪਰਵਾਈਜ਼ਰ ਨਛੱਤਰ ਸਿੰਘ ਮਾਹਲਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਹਾਜ਼ਰ ਸਨ।