ਹਾਕੀ ਵਿਸ਼ਵ ਕੱਪ; ਮੌਜੂਦਾ ਵਿਸ਼ਵ ਚੈੰਪੀਅਨ ਆਸਟਰੇਲੀਆ ਕੁਆਰਟਰ ਫਾਈਨਲ ‘ਚ; ਚੀਨ ਤੇ ਆਇਰਲੈਂਡ ਦੇ ਡਰਾਅ ਨੇ ਪੂਲ ਬੀ ਨੂੰ ਬਣਾਇਆ ਰੌਚਕ
ਰਿਵਰਸ ਫਲਿੱਕ @ ਨਵਦੀਪ ਸਿੰਘ ਗਿੱਲ (97800-36216)
ਭੁਵਨੇਸ਼ਵਰ ਵਿਖੇ ਚੱਲ ਰਹੇ 14ਵੇਂ ਹਾਕੀ ਵਿਸ਼ਵ ਕੱਪ ਦੇ ਲੀਗ ਮੈਚ ਜਿਉਂ ਜਿਉਂ ਅੱਗੇ ਵੱਧ ਰਹੇ ਹਨ ਨਾਲ ਆਊਟ ਸਟੇਜ ਦੇ ਕੁਆਰਟਰ ਫਾਈਨਲ ਵਿੱਚ ਜਾਣ ਵਾਲੀਆਂ ਟੀਮਾਂ ਦੀ ਸਥਿਤੀ ਸਪੱਸ਼ਟ ਹੁੰਦੀ ਜਾ ਰਹੀ ਹੈ ਜਦੋਂਕਿ ਕਰਾਸ ਓਵਰ ਖੇਡਣ ਵਾਲੀਆਂ ਟੀਮਾਂ ਦੀ ਸਥਿਤੀ ਗੁੰਝਲਦਾਰ ਬਣੀ ਹੋਈ ਹੈ। ਅੱਜ ਪੂਲ ਬੀ ਦੇ ਦੂਜੇ ਦੌਰ ਦੇ ਲੀਗ ਮੈਚ ਖੇਡੇ ਗਏ। ਖਿਤਾਬੀ ਹੈਟ੍ਰਿਕ ਲਈ ਆਈ ਪਿਛਲੇ ਲਗਾਤਾਰ ਦੋ ਵਿਸ਼ਵ ਕੱਪ ਦੀ ਜੇਤੂ ਆਸਟਰੇਲੀਆ ਨੇ ਇੰਗਲੈਂਡ ਨੂੰ 3-0 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਹਾਸਲ ਕਰ ਕੇ ਕੁਆਰਟਰ ਫਾਈਨਲ ਵਿੱਚ ਸਿੱਧਾ ਦਾਖਲਾ ਪੱਕਾ ਕਰ ਲਿਆ ਜਦੋਂ ਕਿ ਚੀਨ ਤੇ ਆਇਰਲੈਂਡ ਵਿਚਾਲੇ 1-1 ਨਾਲ ਮੈਚ ਬਰਾਬਰ ਰਹਿਣ ਕਰ ਕੇ ਤਿੰਨ ਟੀਮਾਂ ਦੀ ਸਥਿਤੀ ਇੱਕੋ ਜਿਹੀ ਬਣ ਗਈ।ਇਸ ਪੂਲ ਵਿੱਚ ਆਸਟਰੇਲੀਆ ਦੇ 6, ਚੀਨ ਦੇ 2 ਅਤੇ ਆਇਰਲੈਂਡ ਤੇ ਇੰਗਲੈਂਡ ਦੇ 1-1 ਅੰਕ ਹਨ।
ਦਿਨ ਦੇ ਪਹਿਲੇ ਮੈਚ ਵਿੱਚ ਇੰਗਲੈਂਡ ਨੇ ਪਹਿਲੇ ਤਿੰਨ ਕੁਆਰਟਰਾਂ ਤੱਕ ਤਾਂ ਆਸਟਰੇਲੀਆਂ ਨੂੰ ਗੋਲ ਲਈ ਤਰਸਾਈ ਰੱਖਿਆ। ਚੌਥੇ ਤੇ ਆਖਰੀ ਕੁਆਰਟਰ ਵਿੱਚ ਆਸਟਰੇਲੀਆ ਨੇ ਇਕ ਵਾਰ ਗੋਲ ਕਰਨ ਦਾ ਸੋਕਾ ਕਾਹਦਾ ਤੋੜਿਆ, ਗੋਲਾਂ ਦੀ ਝੜੀ ਹੀ ਲਗਾ ਦਿੱਤੀ। ਕੰਗਾਰੂਆਂ ਨੇ 9 ਮਿੰਟਾਂ ਦੇ ਵਕਫ਼ੇ ਵਿੱਚ ਉਤੋਤੜੀ ਗੋਲ ਕੀਤੇ। ਜੇਕ ਵੈਟਨ ਨੇ 47ਵੇਂ, ਬਲੇਕ ਗੋਵਰਜ਼ ਨੇ 50ਵੇਂ ਤੇ ਕੋਰੇਈ ਵੇਅਰ ਨੇ 56ਵੇਂ ਮਿੰਟ ਵਿੱਚ ਗੋਲ ਕੀਤੇ। ਸਾਰੇ ਫੀਲਡ ਗੋਲ ਸਨ। ਅੰਤ ਆਸਟਰੇਲੀਆ ਨੇ 3-0 ਨਾਲ ਜਿੱਤ ਹਾਸਲ ਕੀਤੀ।
ਦਿਨ ਦੇ ਦੂਜੇ ਮੈਚ ਵਿੱਚ ਚੀਨ ਨੇ ਆਇਰਲੈਂਡ ਨਾਲ 1-1 ਦਾ ਡਰਾਅ ਖੇਡ ਕੇ ਲਗਾਤਾਰ ਦੂਜੇ ਮੈਚ ਵਿੱਚ ਇਕ ਅੰਕ ਬਟੋਰਿਆ।ਪਹਿਲੇ ਮੈਚ ਵਿੱਚ ਇੰਗਲੈਂਡ ਨੂੰ ਬਰਾਬਰੀ ਉਤੇ ਡੱਕਣ ਵਾਲੇ ਚੀਨ ਦੀ ਟੀਮ ਉਪਰ ਅੱਜ ਆਇਰਲੈਂਡ ਹਾਵੀ ਹੋ ਕੇ ਖੇਡਿਆ ਅਤੇ ਨਿਰੰਤਰ ਹਮਲੇ ਕੀਤੇ ਪਰ ਗੋਲ਼ਾਂ ਵਿੱਚ ਤਬਦੀਲ ਨਾ ਕਰ ਸਕੇ।ਅੱਧੇ ਸਮੇਂ ਤੱਕ ਕੋਈ ਵੀ ਟੀਮ ਗੋਲ ਕਰਨ ਵਿੱਚ ਸਫਲ ਨਹੀਂ ਹੋਈ।ਤੀਜੇ ਕੁਆਰਟਰ ਦੇ ਅੰਤਲੇ ਪਲਾਂ ਵਿੱਚ ਮੈਚ ਨੇ ਉਸ ਵੇਲੇ ਅਚਨਚੇਤ ਤੇਜ਼ੀ ਫੜੀ ਜਦੋਂ ਪਹਿਲਾ ਚੀਨ ਨੇ ਹੋਲ ਕੀਤਾ ਅਤੇ ਅਗਲੇ ਹੀ ਮਿੰਟ ਆਇਰਲੈਂਡ ਨੇ ਗੋਲ ਕਰ ਕੇ ਫੇਰ ਬਰਾਬਰੀ ਕਰ ਲਈ। ਚੀਨ ਦੇ ਜਿਨ ਗੁਆਓ ਨੇ 43ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਉੱਪਰ ਵੇਰੀਏਸ਼ਨ ਰਾਹੀਂ ਜ਼ਬਰਦਸਤ ਡਰੈਗ ਫਲਿੱਕ ਰਾਹੀਂ ਗੋਲ ਕੀਤਾ ਅਤੇ ਫੇਰ ਆਇਰਲੈਂਡ ਦੇ ਐਲਨ ਸੌਦਰਨ ਨੇ ਲੈਫਟ ਆਊਟ ਦੀ ਪੁਜ਼ੀਸ਼ਨ ਤੋਂ ਰਿਵਰਸ ਫਲਿੱਕ ਰਾਹੀਂ ਮਿਲੇ ਪਾਸ ਨੂੰ ਡਿਫਲੈਕਸ਼ਨ ਰਾਹੀਂ ਗੋਲ ਕਰ ਕੀਤਾ।ਚੌਥਾ ਕੁਆਰਟਰ ਵੀ ਗੋਲ ਰਹਿਤ ਰਿਹਾ ਅਤੇ ਮੈਚ 1-1 ਦੀ ਬਰਾਬਰੀ ਉਤੇ ਮੁੱਕਿਆ।
5 ਦਸੰਬਰ ਨੂੰ ਦੋ ਮੈਚ ਖੇਡੇ ਜਾਣਗੇ। ਪਹਿਲੇ ਮੈਚ ਵਿੱਚ ਦੋ ਯੂਰੋਪੀਅਨ ਟੀਮਾਂ ਹਾਲੈਂਡ ਤੇ ਜਰਮਨੀ ਆਹਮੋ-ਸਾਹਮਣੇ ਹੋਣਗੀਆਂ ਜਦੋਂਕਿ ਦੂਜਾ ਮੈਚ ਦੋ ਏਸ਼ੀਅਨ ਟੀਮਾਂ ਪਾਕਿਸਤਾਨ ਤੇ ਮਲੇਸ਼ੀਆ ਵਿਚਾਲੇ ਹੋਵੇਗਾ।